* ਪ੍ਰੋ. ਅਜਮੇਰ ਸਿੰਘ ਔਲਖ ਅਤੇ ਮਾਸਟਰ ਤਰਲੋਚਨ ਸਮਰਾਲਾ ਨੂੰ ਕੀਤਾ ਯਾਦ*
ਜਲੰਧਰ, ਅੱਪਰਾ (ਜੱਸੀ)- ਲੋਕ-ਪੱਖੀ ਸਾਹਿਤ, ਕਲਾ ਅਤੇ ਸਭਿਆਚਾਰ ਦੇ ਖੇਤਰ ‘ਚ ਨਵਾਂ ਮੁਕਾਮ ਸਿਰਜਣ ਦਾ ਯਤਨ ਕਰੇਗਾ ਪਹਿਲੀ ਨਵੰਬਰ ਨੂੰ ਸਿਖ਼ਰਾਂ ਛੋਹਣ ਵਾਲਾ 32ਵਾਂ ਮੇਲਾ ਗ਼ਦਰੀ ਬਾਬਿਆਂ ਦਾ।
ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਪਰਿਵਾਰ ਅਤੇ ਗ਼ਦਰੀ ਬਾਬਿਆਂ ਦੇ ਮੇਲੇ ‘ਚ ਪ੍ਰਮੁੱਖ ਤੌਰ ‘ਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਓਟਣ ਵਾਲੇ ਲੇਖਕਾਂ, ਬੁੱਧੀਜੀਵੀਆਂ, ਸਾਹਿਤ ਅਤੇ ਕਲਾ ਖੇਤਰ ਦੇ ਕਾਮਿਆਂ ਅਤੇ ਉਪਰੰਤ ਕਮੇਟੀ ਦੇ ਸਭਿਆਚਾਰਕ ਵਿੰਗ ਦੀਆਂ ਉਪਰੋਥਲੀ ਦੋਵੇਂ ਮੀਟਿੰਗ ‘ਚ ਮੇਲੇ ਨੂੰ ਹਰ ਪੱਖੋਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਵਿਚਾਰਾਂ ਹੋਈਆਂ।
ਗ਼ਦਰੀ ਬਾਬਿਆਂ ਦੇ ਮੇਲੇ ਦੀ ਤਜ਼ਵੀਜ਼ਤ ਰੂਪ-ਰੇਖਾ ਤਿਆਰ ਕਰਕੇ 26 ਅਗਸਤ ਨੂੰ ਹੋ ਰਹੀ ਬੋਰਡ ਆਫ਼ ਟ੍ਰਸਟ ਅਤੇ ਜਨਰਲ ਬਾਡੀ ਦੀ ਮੀਟਿੰਗ ‘ਚ ਰੱਖਣ ਲਈ ਅੱਜ ਦੀ ਮੀਟਿੰਗ ਨੇ ਮੁੱਢਲੀਆਂ ਵਿਚਾਰਾਂ ਕਰਕੇ ਐਲਾਨ ਕੀਤਾ ਕਿ ਮੇਲੇ ਨਾਲ ਜੁੜੇ ਪਰਿਵਾਰ ਲਈ ਅੱਜ ਤੋਂ ਹੀ ਮੇਲਾ ਤਿਆਰੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਅੱਜ ਦੀ ਮੀਟਿੰਗ ਦਾ ਆਗਾਜ਼ ਲੋਕਾਂ ਦੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਜਨਮ ਦਿਹਾੜੇ ਅਤੇ ਰੰਗ ਕਰਮੀ, ਤਰਕਸ਼ੀਲ ਮਾਸਟਰ ਤਰਲੋਚਨ ਸਿੰਘ ਦੇ ਹਿਰਦੇਵੇਦਕ ਵਿਛੋੜੇ ਨੂੰ ਖੜ੍ਹੇ ਹੋ ਕੇ; ਉਹਨਾਂ ਦੇ ਮਾਰਗ ਨੂੰ ਰੌਸ਼ਨ ਰੱਖਣ ਦਾ ਅਹਿਦ ਕਰਨ ਨਾਲ ਹੋਇਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅੱਜ ਤੋਂ ਹੀ ਮੇਲੇ ਦੀਆਂ ਤਿਆਰੀਆਂ ਦੀ ਜੋਸ਼-ਖਰੋਸ਼ ਨਾਲ ਤਿਆਰੀ ਲਈ ਯਾਦਗਾਰ ਹਾਲ ਕੰਪਲੈਕਸ ਅਤੇ ਇਸਦੇ ਜੀ.ਟੀ.ਰੋਡ ਦੇ ਪਾਸੇ ਨੂੰ ਰੰਗ ਰੋਗਨ, ਸਾਫ਼ ਕਰਨ ਅਤੇ ਖਿੱਚ ਭਰਪੂਰ ਤਸਵੀਰਾਂ, ਚ੍ਰਿਤਕਲਾ ਅਤੇ ਬੁੱਤਾਂ ਆਦਿ ਨਾਲ ਸ਼ਿੰਗਾਰਨ ਦਾ ਕੰਮ ਵਿੱਢਿਆ ਜਾ ਰਿਹਾ ਹੈ। ਉਹਨਾਂ ਨੇ ਉਚੇਚੇ ਤੌਰ ‘ਤੇ ਪੰਜਾਬ ਵਾਸੀਆਂ, ਦੇਸ਼-ਬਦੇਸ਼ ਵਸਦੇ ਪੰਜਾਬੀਆਂ ਨੂੰ ਮੇਲੇ ‘ਚ ਸ਼ਾਮਲ ਹੋਣ ਅਤੇ ਆਰਥਕ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਫ਼ਿਰਕੂ ਫਾਸ਼ੀ ਦੇਸੀ-ਬਦੇਸੀ ਕਾਰਪੋਰੇਟ ਹੱਲੇ ਦੇ ਖ਼ਿਲਾਫ਼ ਅਤੇ ਹਕੀਕੀ ਲੋਕ ਮੁੱਦਿਆਂ ਦੀ ਪੂਰਤੀ ਲਈ ਲੋਕ-ਸੰਗਰਾਮ ਦੀ ਚੇਤਨਾ ਦਾ ਚਾਨਣ ਕਰਨ ਲਈ ਲੋਕ ਮੁਹਾਵਰੇ ‘ਚ ਲੋਕਾਂ ਦੇ ਮਨ ਮਸਤਕ ‘ਤੇ ਦਸਤਕ ਦੇਣ ਦੀਆਂ ਕਲਾ ਕ੍ਰਿਤਾਂ ਦਾ ਗੁਲਦਸਤਾ ਬਣੇਗਾ; ਮੇਲਾ ਗ਼ਦਰੀ ਬਾਬਿਆਂ ਦਾ। ਉਨ੍ਹਾਂ ਕਿਹਾ ਕਿ ਮੇਲਾ ਸਫ਼ਲ ਕਰਨ ਲਈ ਸਮੂਹ ਗ਼ਦਰੀ, ਬੱਬਰ ਅਕਾਲੀ, ਦੇਸ਼ ਭਗਤਾਂ ਦੇ ਪਿੰਡਾਂ ਅਤੇ ਜਨਤਕ ਜਮਹੂਰੀ ਜੱਥੇਬੰਦੀਆਂ ਦਾ ਭਰਵਾਂ ਸਹਿਯੋਗ ਲਿਆ ਜਾਏਗਾ।
ਮੇਲੇ ਦੀ ਰੂਪ-ਰੇਖਾ ਸਬੰਧੀ ਮੀਟਿੰਗ ‘ਚ ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਤੇਜਿੰਦਰ ਵਿਰਲੀ, ਡਾ. ਹਰਜੀਤ ਸਿੰਘ, ਹਰਦੇਵ ਅਰਸ਼ੀ, ਡਾ. ਸੈਲੇਸ਼, ਡਾ. ਮੰਗਤ, ਹਰਵਿੰਦਰ ਭੰਡਾਲ, ਹਰਮੇਸ਼ ਮਾਲੜੀ, ਪਰਮਜੀਤ ਕਲਸੀ, ਸਾਹਿਲ, ਵਰੁਨ ਟੰਡਨ, ਕੇਸਰ, ਹਰਭਜਨ, ਭੁਪਿੰਦਰ, ਬਿਮਲਾ, ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਵਿਜੈ ਬੰਬੇਲੀ, ਕੁਲਵੰਤ ਕਾਕਾ, ਨਸੀਬ ਚੰਦ ਬੱਬੀ, ਤਰਲੋਚਨ ਰਾਏਪੁਰੀ ਆਦਿ ਨੇ ਆਪਣੇ ਵਿਚਾਰ ਰੱਖੇ।
ਕੁੱਲ ਮਿਲਾ ਕੇ ਸਭਨਾਂ ਦੀ ਤਜ਼ਵੀਜ਼ ਇੱਕ ਸੁਰ ਸੀ ਕਿ ਮੇਲੇ ਵਿੱਚ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ, ਦਿਲ ਟੁੰਬਵੇਂ ਕਲਾਤਮਿਕ ਅੰਦਾਜ਼ ਵਿੱਚ ਪੇਸ਼ ਕੀਤੀਆਂ ਜਾਣ। ਜਨਤਕ ਸ਼ਮੂਲੀਅਤ ਵਧਾਉਣ, ਵਿਸ਼ੇਸ਼ ਕਰਕੇ ਨੌਜਵਾਨ, ਬੇਜ਼ਮੀਨੇ, ਸਾਧਨ-ਵਿਹੁਣੇ, ਬੇਰੁਜ਼ਗਾਰ ਲੋਕ ਹਿੱਸਿਆਂ, ਕਿਸਾਨਾਂ ਅਤੇ ਔਰਤਾਂ ਦੀ ਵਿਸ਼ਾਲ ਸ਼ਮੂਲੀਅਤ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਲਾ-ਕ੍ਰਿਤਾਂ ਹੋਣ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਅਨੇਕਾਂ ਸਹਿਯੋਗੀ ਹੱਥਾਂ ਦੀ ਲੋੜ ਹੈ, ਕਿਉਂਕਿ ਕਮੇਟੀ ਦੀ ਕੋਈ ਸਥਾਨਕ ਜੱਥੇਬੰਦਕ ਪਹੁੰਚ ਨਹੀਂ, ਇਸ ਲਈ ਕਮੇਟੀ ਭਰਾਤਰੀ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਪਿੰਡਾਂ ਨੂੰ ਵਿਸ਼ੇਸ਼ ਅਪੀਲ ਕਰਦੀ ਹੈ ਕਿ ਉਹ ਜਨਤਕ ਸ਼ਮੂਲੀਅਤ, ਆਰਥਕ, ਰਾਸ਼ਨ ਅਤੇ ਵਲੰਟੀਅਰ ਸੇਵਾਵਾਂ ਲਈ ਹੱਥ ਵਧਾਉਣ। ਉਹਨਾਂ ਕਿਹਾ ਕਿ ਕਮੇਟੀ ਸਭਨਾਂ ਆਏ ਸੁਝਾਵਾਂ ਨੂੰ ਗਹੁ ਨਾਲ ਵਿਚਾਰਦਿਆਂ ਮੇਲੇ ਦੀ ਰੂਪ-ਰੇਖਾ ਉਲੀਕੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly