ਪ੍ਰੀਤ ਸਾਹਿਤ ਸਦਨ ਵੱਲੋਂ ਪੁਸਤਕ ਰਿਲੀਜ਼ ਅਤੇ ਕਾਵਿ-ਗੋਸ਼ਟੀ ਦਾ ਆਯੋਜਨ

ਮਨੋਜ ਧੀਮਾਨ ਅਤੇ ਮਨਜੀਤ ਕੌਰ ‘ਮੀਤ’ ਵੱਲੋਂ ਲਿਖੀਆਂ ਪੁਸਤਕਾਂ ਬਾਰੇ ਪੜ੍ਹੇ ਗਏ ਪੇਪਰ 
ਲੁਧਿਆਣਾ, (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਪ੍ਰੀਤ ਸਾਹਿਤ ਸਦਨ, ਲੁਧਿਆਣਾ ਵੱਲੋਂ ਐਤਵਾਰ ਸ਼ਾਮ ਨੂੰ ਇੱਕ ਪੁਸਤਕ ਲੋਕ ਅਰਪਣ ਅਤੇ ਕਾਵਿ-ਗੋਸ਼ਟੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ: ਪੂਨਮ ਸਪਰਾ ਨੇ ਕੀਤਾ। ਇਸ ਸਮਾਗਮ ਵਿੱਚ ਰਮਾ ਸ਼ਰਮਾ ਨੇ ਮਨੋਜ ਧੀਮਾਨ ਦੀ ਪੁਸਤਕ ‘ਬਿਰਜੂ ਨਾਈ ਦੀ ਦੁਕਾਨ’ (ਨਾਵਲ) ’ਤੇ ਪੇਪਰ ਪੜ੍ਹਿਆ। ਰਮਾ ਸ਼ਰਮਾ ਨੇ ਹੀ ਮਨੋਜ ਧੀਮਾਨ ਦੀ ਦੂਜੀ ਪੁਸਤਕ ‘ਜਾਗਤੇ ਰਹੋ’ (ਲਘੂ ਕਹਾਣੀ ਸੰਗ੍ਰਹਿ) ‘ਤੇ ਮਮਤਾ ਜੈਨ ਵੱਲੋਂ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਲਿਖਿਆ ਪੇਪਰ ਪੜ੍ਹਿਆ। ਪੜ੍ਹੇ ਗਏ ਪੇਪਰਾਂ ਵਿੱਚ ਮਨੋਜ ਧੀਮਾਨ ਦੀਆਂ ਪੁਸਤਕਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਚਰਚਾ ਕੀਤੀ ਗਈ ਕਿ ਕਿਵੇਂ ‘ਬਿਰਜੂ ਨਾਈ ਦੀ ਦੁਕਾਨ’ ਵਿੱਚ ਕਈ ਕਹਾਣੀਆਂ ਨੂੰ ਨਾਵਲ ਦੇ ਰੂਪ ਵਿੱਚ ਪਰੋਇਆ ਗਿਆ ਹੈ ਅਤੇ ਕਈ ਮੁੱਦਿਆਂ ਨੂੰ ਨਾਲੋ-ਨਾਲ ਉਠਾਉਣ ਦਾ ਯਤਨ ਕੀਤਾ ਗਿਆ ਹੈ। ਪੁਸਤਕ ‘ਜਾਗਤੇ ਰਹੋ’ ਵਿੱਚ ਦਰਜ ਕਈ ਲਘੂ ਕਹਾਣੀਆਂ ਦੀਆਂ ਅੰਦਰਲੀਆਂ ਪਰਤਾਂ ਨੂੰ ਇੱਕ-ਇੱਕ ਕਰਕੇ ਖੋਲ੍ਹਿਆ ਗਿਆ।
    ਸੀਮਾ ਭਾਟੀਆ ਨੇ ਮਨਜੀਤ ਕੌਰ `ਮੀਤ’ ਦੀ ਪੁਸਤਕ ‘ਆਵਾਜ਼’ (ਕਹਾਣੀ ਸੰਗ੍ਰਹਿ) ’ਤੇ ਪੇਪਰ ਪੜ੍ਹਿਆ ਅਤੇ ਕਹਾਣੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਔਰਤਾਂ ਅਤੇ ਸਮਾਜ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਪ੍ਰੋਗਰਾਮ ਨੂੰ ਮਨੋਜ ਧੀਮਾਨ ਅਤੇ ਮਨਜੀਤ ਕੌਰ `ਮੀਤ` ਨੇ ਵੀ ਸੰਬੋਧਨ ਕੀਤਾ ਅਤੇ ਆਪਣੇ ਬਾਰੇ ਅਤੇ ਆਪਣੀਆਂ ਲਿਖਤਾਂ ਬਾਰੇ ਦੱਸਿਆ। ਦੋਵਾਂ ਨੇ ਕਿਹਾ ਕਿ ਉਹ ਸਮਾਜ, ਦੇਸ਼, ਸੰਸਾਰ ਅਤੇ ਆਲੇ-ਦੁਆਲੇ ਦੇ ਮਾਹੌਲ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਆਪਣੀਆਂ ਰਚਨਾਵਾਂ ਦਾ ਵਿਸ਼ਾ ਲੈਂਦੇ ਹਨ। ਮਨੋਜ ਧੀਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਅਗਲਾ ਨਾਵਲ ਤਕਨੀਕ ‘ਤੇ ਆਧਾਰਿਤ ਹੋਵੇਗਾ ਜਿਸ ‘ਤੇ ਉਹ ਕਾਫ਼ੀ ਕੰਮ ਕਰ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਸਾਲ ਇਹ ਨਾਵਲ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ। ਸਟੇਜ ਸੰਚਾਲਕ ਮਨੋਜ ਪ੍ਰੀਤ ਨੇ ਮਨੋਜ ਧੀਮਾਨ ਅਤੇ ਮਨਜੀਤ ਕੌਰ ‘ਮੀਤ’ ਨੂੰ ਉਨ੍ਹਾਂ ਦੀਆਂ ਨਵੀਆਂ ਪੁਸਤਕਾਂ ਲਈ ਵਧਾਈ ਦਿੱਤੀ ਅਤੇ ਪ੍ਰੀਤ ਸਾਹਿਤ ਸਦਨ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਕਿ ਪਿਛਲੇ 30-35 ਸਾਲਾਂ ਤੋਂ ਅਜਿਹੇ ਸਾਹਿਤਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
   ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਪੁਸਤਕਾਂ ਬਾਰੇ ਪੇਪਰ ਪੜ੍ਹੇ ਗਏ ਅਤੇ ਦੂਜੇ ਸੈਸ਼ਨ ਵਿੱਚ  ਕਾਵਿ-ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਜੀਵ ਡਾਵਰ ਅਤੇ ਹੋਰਨਾਂ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ੰਸੀਪਲ ਸੰਜੀਵ ਡਾਵਰ, ਜ਼ੋਰਾਵਰ ਸਿੰਘ ਪੰਛੀ, ਕਾਜਲ, ਜਗਜੀਤ ਸਿੰਘ ਗੁਰਮ, ਦਰਸ਼ਨ ਸਿੰਘ ਬੋਪਾਰਾਏ, ਜਸਵੀਰ ਸਿੰਘ ਝੱਜ, ਅਸ਼ਫ਼ਾਕ਼ ਜਿਗਰ, ਦਲੀਪ ਕੁਮਾਰ, ਸ਼ਰੀਫ਼ ਅਹਿਮਦ ਸ਼ਰੀਫ਼, ਪਰਮਜੀਤ ਸਿੰਘ, ਆਸ਼ਾ, ਪਾਲ ਕੇ ਚੰਦ, ਕੇਵਲ ਦੀਵਾਨਾ, ਨਰਿੰਦਰ ਸੋਨੀ, ਅਵਿਨਾਸ਼ਦੀਪ ਸਿੰਘ, ਸਤੀਸ਼ ਚੰਦ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਣਪਛਾਤੇ ਲੁਟੇਰੇ ਦੁਸਾਂਝ ਕਲਾਂ ਪੁਲਿਸ ਚੌਂਕੀ ਨੇੜਿਓਾ ਮੋਟਰਸਾਈਕਲ ਸਵਾਰ ਵਿਅਕਤੀ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ 4100 ਦੀ ਨਕਦੀ ਲੁੱਟ ਕੇ ਫ਼ਰਾਰ
Next articleਝੋਨੇ ਦੇ ਨਾੜ ਨੂੰ ਅੱਗ ਨਾ ਲਗਾ ਕਿ ਕਿਸਾਨ ਖੇਤ ਦੇ ਲਾਭਕਾਰੀ ਜੀਵਾਣੂੰ ਅਤੇ ਅਹਿਮ ਖੁਰਾਕੀ ਤੱਤਾ ਨੂੰ ਨਸ਼ਟ ਹੋਣ ਤੋ ਬਚਾ ਸਕਦੇ ਹਨ: ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ