(ਸਮਾਜ ਵੀਕਲੀ)
ਲੈ ਆਈਂ ਏਂ, ਇੱਕ ਹੋਰ ਪੱਥਰ! ਤੂੰ ਨੀਂ ਵੱਧਣ ਦੇਣਾ ਮੇਰਾ ਵੰਸ਼। ਬੱਸ ਸਰ ਗਿਆ ਹੁਣ ਤਾਂ… ਅੱਗੇ ਤਾਂ ਉਮੀਦ ਸੀਗੀ , ਹੁਣ ਤਾਂ ਉਹ ਵੀ ਖਤਮ ਕਰ ਦਿੱਤੀ, ਤੁਸੀਂ ਦੋਹਾਂ ਨੇ, ਚੰਗਾ ਬਈ…ਕਰੋ ਮਰਜ਼ੀਆਂ,ਮੇਰੀ ਕੌਣ ਸੁਣਦਾ ਇੱਥੇ..? ਹਰਜੀਤ ਜਦੋਂ ਦੂਜੀ ਧੀ ਹੋਣ ਤੋਂ ਬਾਅਦ ਹਸਪਤਾਲ ਤੋਂ ਘਰ ਆਈ, ਤਾਂ ਸੱਸ ਨੇ ਇਸ ਤਰ੍ਹਾਂ ਸਵਾਗਤ ਕੀਤਾ।
ਦਰਅਸਲ ਹਰਜੀਤ ਤੇ ਉਸਦਾ ਪਤੀ ਦਵਿੰਦਰ ਦੋਵੇਂ ਪੜੇ-ਲਿਖੇ ਸਨ ਤੇ ਧੀ-ਪੁੱਤਰ ‘ਚ ਕੋਈ ਫਰਕ ਨਹੀਂ ਮੰਨਦੇ ਸਨ, ਇਸੇ ਲਈ ਦੂਸਰੀ ਧੀ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਆਪਰੇਸ਼ਨ ਕਰਵਾ ਲਿਆ ਕਿ ਦੋ ਬੱਚੀਆਂ ਕਾਫ਼ੀ ਹਨ। ਪਰ ਉਨ੍ਹਾਂ ਦੀ ਮਾਂ ਜੀ ਬਹੁਤ ਨਾਰਾਜ਼ ਸੀ, ਉਸਨੂੰ ਪੋਤਾ ਚਾਹੀਦਾ ਸੀ ਤੇ ਇੱਛਾ ਪੂਰੀ ਨਾ ਹੋਣ ਕਰਕੇ ਉਹ ਬਹੁਤ ਦੁੱਖੀ ਸੀ।
ਵਕਤ ਗੁਜ਼ਰਦਾ ਗਿਆ ਤੇ ਹਰਜੀਤ ਦੀਆਂ ਦੋਵੇਂ ਧੀਆਂ ਵੱਡੀਆਂ ਹੋ ਗਈਆਂ, ਬੇਸ਼ਕ ਮਾਂ-ਬਾਪ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਸੀ ਪਰ ਦਾਦੀ ਹਮੇਸ਼ਾ ਪੱਥਰ ਹੀ ਆਖਿਆ ਕਰਦੀ ਤੇ ਹਰ ਵੇਲੇ ਉਨ੍ਹਾਂ ਨੂੰ ਗਾਲ੍ਹਾਂ ਕੱਢਦੀ ਰਹਿੰਦੀ। ਪਰ ਮਾਂ-ਬਾਪ ਦੇ ਚੰਗੇ ਸੰਸਕਾਰਾਂ ‘ਚ ਪਲ਼ੀਆਂ ਦੋਵੇਂ ਧੀਆਂ ਦਾਦੀ ਨੂੰ ਬਹੁਤ ਪਿਆਰ ਕਰਦੀਆਂ ਤੇ ਉਹਦੀਆਂ ਗੱਲਾਂ ਦਾ ਕਦੇ ਵੀ ਗੁੱਸਾ ਨਾਂ ਕਰਦੀਆਂ।
ਹੁਣ ਦਾਦੀ ਕਾਫ਼ੀ ਬੁੱਢੀ ਹੋ ਗਈ ਸੀ ਤੇ ਦੋਵੇਂ ਪੋਤੀਆਂ ਪੜ-ਲਿਖ ਕੇ ਚੰਗੇ ਅਹੁਦਿਆਂ ਤੇ ਲੱਗ ਗਈਆਂ ਸਨ ਤੇ ਚੰਗੇ ਰਿਸ਼ਤੇ ਦੇਖ ਕੇ ਦੋਵਾਂ ਦੇ ਵਿਆਹ ਵੀ ਕਰ ਦਿੱਤੇ ਗਏ।
ਛੋਟੀ ਪੋਤੀ ਵਿਆਹ ਤੋਂ ਬਾਅਦ ਉਨ੍ਹਾਂ ਕੋਲ ਹੀ ਰਹਿਣ ਲੱਗੀ। ਉਹ ਬੁੱਢੀ ਦਾਦੀ ਦਾ ਬਹੁਤ ਖਿਆਲ ਰੱਖਦੀ । ਦਾਦੀ ਦਾ ਖਾਣਾ, ਦਵਾਈਆਂ ਆਦਿ ਹਰ ਚੀਜ਼ ਸਮੇਂ ਸਿਰ ਮਿਲਣ ਕਰਕੇ ਦਾਦੀ ਦੀ ਸਿਹਤ ਬਹੁਤ ਵਧੀਆ ਸੀ।
ਹੁਣ ਦਾਦੀ ਸੋਚਦੀ ਕਿ ਸਾਰੀ ਉਮਰ ਮੈਂ ਇਨ੍ਹਾਂ ਕੁੜੀਆਂ ਨੂੰ ਨਿੰਦਦੀ ਰਹੀ ਪਰ ਇਨ੍ਹਾਂ ਨੇ ਕਦੇ ਵੀ ਉਲਟਾ ਜਵਾਬ ਨਹੀਂ ਦਿੱਤਾ ਤੇ ਹਮੇਸ਼ਾ ਮੇਰੀ ਸੇਵਾ ਕੀਤੀ।
ਅੱਜ ਦਾਦੀ ਨੇ ਪੋਤੀ ਨੂੰ ਕੋਲ਼ ਬੁਲਾਇਆ ਤੇ ਬੋਲੀ ਧੀਏ ਤੂੰ ਤੇ ਤੇਰੀ ਭੈਣ ਹੈਂ ਤਾਂ ਪੱਥਰ ਹੀ, ਪਰ ਅਨਮੋਲ ਪੱਥਰ, ਜਿਹੜੇ ਸੱਭ ਦੀ ਕਿਸਮਤ ਵਿੱਚ ਨਹੀਂ ਹੁੰਦੇ, ਇਹ ਕਹਿ ਕੇ ਉਸ ਨੇ ਪਹਿਲੀ ਵਾਰ ਪੋਤੀ ਨੂੰ ਗਲ਼ ਨਾਲ ਲਗਾ ਲਿਆ ਤੇ ਦੂਰ ਖੜੇ ਮਾਂ-ਪਾਪਾ ਦੀਆਂ ਅੱਖਾਂ ‘ਚੋਂ ਹੰਝੂ ਵਹਿ ਰਹੇ ਸਨ, ਜਿਵੇਂ ਉਨ੍ਹਾਂ ਦੀ ਤਪੱਸਿਆ ਸਫ਼ਲ ਹੋ ਗਈ ਹੋਵੇ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ,ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly