ਧੁਨੀਆਂ ਦੇ ਅਰਥਾਂ ਦਾ ਅਨਰਥ ਕਰਨ ਵਾਲ਼ੇ ਸਾਡੇ ਅਜਿਹੇ ਹੀ ਇੱਕ ਵਿਦਵਾਨ ਹਨ ਜਿਹੜੇ “ਪਰਿਸ਼ਦ” ਸ਼ਬਦ ਨੂੰ ਵੀ ਅਜੇ ਤੱਕ “ਪ੍ਰੀਸ਼ਦ” ਹੀ ਲਿਖੀ ਜਾ ਰਹੇ ਹਨ। ਉਹਨਾਂ ਨੂੰ ਹੁਣ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਸ ਸ਼ਬਦ ਦੇ ਸਹੀ ਸ਼ਬਦ-ਜੋੜ ਕੀ ਹਨ? “ਪਰਿਸ਼ਦ” ਸ਼ਬਦ “ਪਰਿ” ਅਗੇਤਰ ਅਤੇ “ਸਦ” ਸ਼ਬਦ ਦੇ ਮੇਲ਼ ਨਾਲ਼ ਬਣਿਆ ਹੋਇਆ ਹੈ। ਇਸ ਪ੍ਰਕਾਰ ਉਹ ਇਹਨਾਂ ਸ਼ਬਦਾਂ ਵਿਚਲੇ “ਪਰਿ” ਅਤੇ ‘ਪ੍ਰ’ ਅਗੇਤਰਾਂ ਦੇ ਦੋ ਵੱਖ-ਵੱਖ ਅਰਥਾਂ ਤੋਂ ਪੂਰੀ ਤਰ੍ਹਾਂ ਅਨਜਾਣ ਜਾਪਦੇ ਹਨ। ਆਪਣੇ ਇੱਕ ਲੇਖ ਵਿੱਚ ਉਹ “ਪ੍ਰ” ਅਗੇਤਰ ਦੇ ਅਰਥ ਵੀ “ਕੋਲ਼ ਅਤੇ ਨੇੜੇ” ਕਰੀ ਜਾ ਰਹੇ ਹਨ ਅਤੇ ਪ੍ਰੀਸ਼ਦ (!) ਵਿਚਲੇ “ਪ੍ਰੀ” (!) ਦੇ ਅਰਥ ਵੀ। ਉਹ ਇਸ (ਪ੍ਰੀਸ਼ਦ) ਸ਼ਬਦ ਵਿਚਲੇ ‘ਪ੍ਰੀ’ ਸ਼ਬਦ ਨੂੰ ਵੀ ‘ਪ੍ਰ’ ਅਗੇਤਰ ਤੋਂ ਬਣਿਆ ਹੀ ਦੱਸ ਰਹੇ ਹਨ। ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਹੈ ਕਿ “ਪਰਿਸ਼ਦ” ਸ਼ਬਦ “ਪਰਿ” ਅਗੇਤਰ ਨਾਲ਼ ਬਣਿਆ ਹੋਇਆ ਹੈ, ‘ਪ੍ਰੀ’ ਸ਼ਬਦ ਨਾਲ਼ ਨਹੀਂ। ਉਹ ਹਰ ਥਾਂ ਇਸ ਸ਼ਬਦ ਨੂੰ “ਪਰਿਸ਼ਦ” ਦੀ ਥਾਂ “ਪ੍ਰੀਸ਼ਦ” ਹੀ ਲਿਖੀ ਜਾ ਰਹੇ ਹਨ ਜਦਕਿ ਪੰਜਾਬੀ/ਹਿੰਦੀ ਭਾਸ਼ਾਵਾਂ ਵਿੱਚ “ਪ੍ਰੀ” ਨਾਂ ਦਾ ਕੋਈ ਅਗੇਤਰ ਜਾਂ ਕੋਈ ਸ਼ਬਦ ਹੀ ਨਹੀਂ ਹੈ। ਜੇਕਰ ਸਾਡੇ “ਵਿਦਵਾਨਾਂ” ਦਾ ਹੀ ਇਹ ਹਾਲ ਹੈ ਫਿਰ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ!
ਉਪਰੋਕਤ ਤਿੰਨਾਂ ਹੀ ਅਗੇਤਰਾਂ ਬਾਰੇ ਮੁਕੰਮਲ ਜਾਣਕਾਰੀ ਪੰਜਾਬੀ ਦੇ ਪ੍ਰਸਿੱਧ ਨਿਰੁਤਕਾਰ ਸ੍ਰੀ ਜੀ. ਐੱਸ ਰਿਆਲ ਜੀ ਦੇ ਨਿਰੁਕਤਕੋਸ਼ ਵਿੱਚ ਵੀ ਦਰਜ ਹੈ। ਮੇਰੀ ਜਾਚੇ ਉਹਨਾਂ ਨੂੰ ਇਹ ਲੇਖ ਲਿਖਣ ਤੋਂ ਪਹਿਲਾਂ ਘੱਟੋ-ਘੱਟ ਇਸ ਨਿਰੁਕਤ-ਕੋਸ਼ ਜਾਂ ਅਜਿਹੇ ਕਿਸੇ ਹੋਰ ਸ਼ਬਦ-ਕੋਸ਼ ਆਦਿ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਸੀ! ਇੱਥੋਂ ਤੱਕ ਕਿ “ਪਰਿਸ਼ਦ” ਸ਼ਬਦ ਦੇ ਸ਼ਬਦ-ਜੋੜ ਭਾਵੇਂ ਇਸ ਨਿਰੁਕਤ-ਕੋਸ਼ ਵਿੱਚ “ਪਰੀਸ਼ਦ” ਲਿਖੇ ਗਏ ਹਨ ਪਰ ਫਿਰ ਵੀ ਬਾਕੀ ਵੇਰਵੇ ਅਤੇ ਸੰਸਕ੍ਰਿਤ/ਹਿੰਦੀ ਕੋਸ਼ਾਂ ਤੋਂ ਇਹ ਗੱਲ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਇਹ ਸ਼ਬਦ “ਪਰਿ” ਅਗੇਤਰ ਨਾਲ਼ ਹੀ ਬਣਿਆ ਹੋਇਆ ਹੈ, ਕਿਸੇ ਹੋਰ ਸ਼ਬਦ ਜਾਂ ਅਗੇਤਰ ਆਦਿ ਨਾਲ਼ ਨਹੀਂ।
ਦਰਅਸਲ ਪ੍ਰ, ਪਰਿ ਅਤੇ ਪਰ ਪੰਜਾਬੀ ਦੇ ਤਿੰਨ ਅਜਿਹੇ ਅਗੇਤਰ ਹਨ ਜਿਨ੍ਹਾਂ ਨੂੰ ਸਜਾਤੀ ਅਗੇਤਰ ਵੀ ਆਖਿਆ ਜਾ ਸਕਦਾ ਹੈ। ਸਜਾਤੀ ਇਸ ਕਾਰਨ ਕਿਉਂਕਿ ਇਹਨਾਂ ਤਿੰਨਾਂ ਅਗੇਤਰਾਂ ਵਿੱਚ ਪ ਅਤੇ ਰ ਦੀਆਂ ਦੋ ਸਾਂਝੀਆਂ ਧੁਨੀਆਂ ਮੌਜੂਦ ਹਨ। ਇਸ ਕਾਰਨ ਸਜਾਤੀ ਅਗੇਤਰ ਹੋਣ ਦੇ ਬਾਵਜੂਦ ਇਹਨਾਂ ਤਿੰਨਾਂ ਅਗੇਤਰਾਂ ਦੇ ਅਰਥ ਵੱਖੋ-ਵੱਖਰੇ ਹਨ। ਇਸ ਦਾ ਕਾਰਨ ਇਹ ਹੈ ਕਿ ਪਹਿਲੇ ਅਗੇਤਰ “ਪ੍ਰ” ਵਿੱਚ “ਰਾਰਾ” ਅੱਖਰ ਪੈਰ ਵਿੱਚ ਪਾਇਆ ਗਿਆ ਹੈ ਜਿਸ ਕਾਰਨ ਇਸ ਦੇ ਅਰਥ ਬਣ ਗਏ ਹਨ – ਦੂਰ-ਦੂਰ ਤੱਕ, ਅੱਗੇ ਵੱਲ, ਜਿਵੇਂ: ਪ੍ਰਬੰਧ, ਪ੍ਰਸਿੱਧ, ਪ੍ਰਸਾਰ, ਪ੍ਰਚਲਿਤ (ਕਿਸੇ ਚੀਜ਼ ਦਾ ਦੂਰ-ਤੱਕ ਚੱਲ ਨਿਕਲ਼ਨਾ/ਚਲਨ ਹੋ ਜਾਣਾ) ਆਦਿ। ਦੂਜੇ ਅਗੇਤਰ “ਪਰਿ” ਵਿੱਚ ਰਾਰੇ ਅੱਖਰ ਨੂੰ ਸਿਹਾਰੀ ਪਾਈ ਗਈ ਹੈ ਇਸ ਕਰਕੇ ਇਸ ਅਗੇਤਰ ਦੇ ਅਰਥ ਬਣ ਗਏ ਹਨ- ਆਲ਼ੇ-ਦੁਆਲ਼ੇ, ਜਿਵੇਂ: ਪਰਿਕਰਮਾ (ਆਪਣੇ ਇਸ਼ਟ ਦੇ ਆਲ਼ੇ-ਦੁਆਲ਼ੇ ਘੁੰਮਣਾ), ਪਰਿਭਾਸ਼ਾ (ਕਿਸੇ ਚੀਜ਼ ਦੀ ਵਿਆਖਿਆ ਨੂੰ ਆਲ਼ੇ ਦੁਆਲ਼ਿਓਂ ਭਾਵ ਹਰ ਪੱਖੋਂ ਪੂਰੀ ਤਰ੍ਹਾਂ ਨਾਲ਼ ਭਾਸ਼ਾ ਵਿੱਚ ਬੰਨ੍ਹਣਾ), ਪਰਿਪੱਕ (ਚਾਰੇ ਪਾਸਿਓਂ, ਆਲ਼ੇ ਦੁਆਲ਼ਿਓਂ ਭਾਵ ਕਰ ਪੱਖੋਂ/ਪੱਕਿਆ ਹੋਇਆ) ਆਦਿ। ਤੀਜਾ ਅਗੇਤਰ “ਪਰ” ਹੈ। ਇਸ ਦੇ ਅਰਥ ਤਾਂ ਅਸੀਂ ਜਾਣਦੇ ਹੀ ਹਾਂ ਕਿ ਦੂਜਾ ਜਾਂ ਪਰਾਇਆ ਆਦਿ ਹੁੰਦੇ ਹਨ, ਜਿਵੇਂ: ਪਰਦੇਸ (ਦੂਜਾ ਜਾਂ ਪਰਾਇਆ ਦੇਸ), ਪਰਉਪਕਾਰ (ਦੂਜੇ ਦਾ ਭਲਾ ਕਰਨਾ) ਆਦਿ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਇੱਥੇ ਸਹੀ ਸ਼ਬਦ ਪਰਿਸ਼ਦ (ਪਰਿ+ਸਦ) ਹੈ ਨਾਕਿ ਉਪਰੋਕਤ ਲੇਖਕ ਅਨੁਸਾਰ “ਪ੍ਰੀਸ਼ਦ”। ਇਹ ਸ਼ਬਦ “ਪਰਿ” ਅਗੇਤਰ ਅਤੇ “ਸਦ” ਸ਼ਬਦਾਂ ਦੇ ਮੇਲ਼ ਨਾਲ਼ ਬਣਿਆ ਹੋਇਆ ਹੈ। ਸੰਸਕ੍ਰਿਤ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਅਜਿਹੇ ਦੋ ਸ਼ਬਦਾਂ ਦੀ ਸੰਧੀ ਹੋਣ ਸਮੇਂ “ਸਦ” ਸ਼ਬਦ ਵਿਚਲੀ “ਸ” ਦੀ ਧੁਨੀ “ਸ਼” ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ “ਸਦ” ਸ਼ਬਦ ਦਾ ਅਰਥ ਹੈ – ਬੈਠਣਾ। ਸੋ, “ਪਰਿਸ਼ਦ” ਸ਼ਬਦ ਦੇ ਅਰਥ ਹੋਏ- ਇੱਕ ਥਾਂ ‘ਤੇ (ਕਿਸੇ ਮੇਜ਼ ਆਦਿ ਦੇ) ਆਲ਼ੇ-ਦੁਆਲ਼ੇ ਜੁੜ ਬੈਠਣ ਵਾਲ਼ੇ ਲੋਕ, ਜਿਵੇਂ: ਕਲਾ-ਪਰਿਸ਼ਦ (ਕਲਾਂ ਨਾਲ਼ ਜੁੜੇ ਹੋਏ ਲੋਕਾਂ ਦੇ ਬੈਠਣ ਦੀ ਥਾਂ), ਵਿਧਾਨ-ਪਰਿਸ਼ਦ ਆਦਿ।
ਸਾਡੇ ਉਪਰੋਕਤ ਵਿਦਵਾਨ ਅੱਗੇ ਚੱਲ ਕੇ “ਕੜਾਹ-ਪ੍ਰਸ਼ਾਦ” ਵਿਚਲੇ “ਪ੍ਰਸ਼ਾਦ” ਸ਼ਬਦ ਦੀ ਵਿਆਖਿਆ ਕਰਦਿਆਂ ਹੋਇਆਂ ਲਿਖਦੇ ਹਨ ਕਿ ਇਸ ਸ਼ਬਦ ਵਿੱਚ “ਪ੍ਰ” ਅਗੇਤਰ ਦਾ ਅਰਥ ਹੈ- ਕਿਸੇ ਦੇ ਕੋਲ਼ ਜਾਂ ਨੇੜੇ ਬੈਠਣਾ। ਜਦਕਿ ਪੰਜਾਬੀ ਦੇ ਕੋਸ਼ਕਾਰਾਂ ਅਤੇ ਨਿਰੁਕਤਕਾਰਾਂ ਅਨੁਸਾਰ ਇੱਥੇ “ਪ੍ਰ” ਅਗੇਤਰ ਦੇ ਅਰਥ ਕੋਲ਼ ਬੈਠਣਾ ਨਹੀਂ ਸਗੋਂ ਉਪਰੋਕਤ ਵਿਆਖਿਆ ਅਨੁਸਾਰ “ਦੂਰ-ਦੂਰ ਤੱਕ” ਹਨ ਅਤੇ ਗੁਰਸਿੱਖੀ ਦੇ ਮੂਲ-ਮੰਤਰ “ਗੁਰ ਪ੍ਰਸਾਦ” ਸ਼ਬਦ ਦੇ ਅਰਥ ਹਨ- ਗੁਰੂ ਦੀ ਮਿਹਰ ਨਾਲ਼/ਗੁਰੂ ਦੀ ਕਿਰਪਾ ਨਾਲ਼ ਅਰਥਾਤ ਦੂਰ-ਦੂਰ ਤੱਕ ਗੁਰੂ ਦੀ ਕਿਰਪਾ ਹੋ ਜਾਣੀ ਜਾਂ ਗੁਰੂ ਦੀ ਮਿਹਰ ਨਾਲ਼ ਹਰ ਮੈਦਾਨ ਫ਼ਤਿਹ ਹੋਣੀ। ਆਪਣੇ ਲੇਖ ਵਿਚਲੀ ਸਾਰੀ ਕਥਾ-ਵਾਰਤਾ ਨੂੰ ਧਾਰਮਿਕਤਾ ਦੀ ਪੁੱਠ ਚਾੜ੍ਹਦਿਆਂ ਹੋਇਆਂ ਉਹ “ਗੁਰ ਪ੍ਰਸਾਦ” ਸ਼ਬਦ ਨੂੰ ਵੀ ਵਾਰ-ਵਾਰ “ਗੁਰ ਪ੍ਰਸ਼ਾਦਿ” (ਸਿਹਾਰੀ ਪਾ ਕੇ) ਹੀ ਲਿਖੀ ਜਾ ਰਹੇ ਹਨ ਅਤੇ ਇਹਨਾਂ ਸ਼ਬਦਾਂ ਦੇ ਅਰਥਾਂ ਦੀ ਵਿਆਖਿਆ ਕਰਦਿਆਂ ਉਹ ਲਿਖ ਰਹੇ ਹਨ ਕਿ “ਗੁਰੂ ਦੀ ਕਿਰਪਾ ਵੀ ਉਹਨਾਂ ਲੋਕਾਂ ਉੱਤੇ ਹੀ ਹੁੰਦੀ ਹੈ ਜਿਹੜੇ ਗੁਰੂ ਦੇ ਕੋਲ਼ ਬੈਠਦੇ ਹਨ”। ਜਦਕਿ ਉਪਰੋਕਤ ਅਨੁਸਾਰ “ਗੁਰ ਪ੍ਰਸਾਦ” ਦੇ ਪ੍ਰਸਾਦ ਸ਼ਬਦ ਵਿਚਲੇ “ਪ੍ਰ” ਅਗੇਤਰ ਦੇ ਅਰਥ ਇੱਥੇ “ਕੋਲ਼ ਜਾਂ ਨੇੜੇ” ਬਿਲਕੁਲ ਹੀ ਨਹੀਂ ਹਨ ਸਗੋਂ “ਦੂਰ-ਦੂਰ ਤੱਕ” ਭਾਵ ਹਰ ਥਾਂ ‘ਤੇ/ਹਰ ਮੈਦਾਨ/ ਹੋਣ ਵਾਲ਼ੀ ਫ਼ਤਿਹ ਦੇ ਹਨ ਜਿਸ ਨੂੰ ਕਿ ਆਮ ਭਾਸ਼ਾ ਵਿੱਚ “ਤੇਰੀਆਂ ਸੱਤੇ ਖ਼ੈਰਾਂ” ਵੀ ਆਖ ਦਿੱਤਾ ਜਾਂਦਾ ਹੈ। ਦਰਅਸਲ ਅਜਿਹੀ ਕੁਤਾਹੀ ਉਹ ਇਸ ਕਾਰਨ ਕਰ ਰਹੇ ਹਨ ਕਿਉਂਕਿ ਉਹ ਪ੍ਰੀਸ਼ਦ (ਉਹਨਾਂ ਅਨੁਸਾਰ) ਅਤੇ ਪ੍ਰਸਾਦ ਸ਼ਬਦਾਂ ਨੂੰ ਇੱਕ ਹੀ ਅਗੇਤਰ “ਪ੍ਰ” ਤੋਂ ਬਣਿਆ ਹੋਇਆ ਸਮਝ ਰਹੇ ਹਨ ਜਦਕਿ ਇਹ ਦੋਵੇਂ ਸ਼ਬਦ ਵੱਖ-ਵੱਖ ਅਗੇਤਰਾਂ (ਪਰਿ ਅਤੇ ਪ੍ਰ) ਤੋਂ ਬਣੇ ਹੋਏ ਹਨ।
ਗੁਰਬਾਣੀ ਵਿਚਲੇ “ਪ੍ਰਸਾਦ” ਸ਼ਬਦ ਦੇ ਕੀ ਅਰਥ ਹਨ?
“”””””””””””””””””””””””””””””
ਗੁਰਬਾਣੀ ਵਿਚਲੇ “ਪ੍ਰਸਾਦ” ਸ਼ਬਦ ਬਾਰੇ ਯਾਦ ਰੱਖਣ ਵਾਲ਼ੀ ਗੱਲ ਇਹ ਹੈ ਕਿ ਸੰਸਕ੍ਰਿਤ-ਕੋਸ਼ਾਂ ਅਨੁਸਾਰ “ਪ੍ਰਸਾਦ” ਸ਼ਬਦ ਦੇ ਮੁੱਖ ਤੌਰ ‘ਤੇ ਦੋ ਅਰਥ ਹਨ:
੧. ਕੜਾਹ-ਪ੍ਰਸ਼ਾਦ ਵਿਚਲਾ ਪ੍ਰਸ਼ਾਦ
ਅਰਥਾਤ ਕੋਈ ਖਾਧੀ ਜਾਣ ਵਾਲ਼ੀ ਚੀਜ਼।
੨. ਪ੍ਰਭੂ ਦੀ ਮਿਹਰ ਜਾਂ ਕਿਰਪਾ।
ਉਪਰੋਕਤ ਅਨੁਸਾਰ “ਪ੍ਰਸਾਦ” ਸ਼ਬਦ ਦੇ ਪਹਿਲੇ ਅਰਥਾਂ ਕਾਰਨ ਹੀ ਪੰਜਾਬੀ ਲੋਕਾਂ ਦੇ ਭੋਜਨ ਦੇ ਇੱਕ ਵਿਸ਼ੇਸ਼ ਅੰਗ ਅਰਥਾਤ ਰੋਟੀਆ ਜਾਂ ਫੁਲਕਿਆਂ ਆਦਿ ਨੂੰ “ਪਰਸ਼ਾਦਾ” ਵੀ ਆਖਿਆ ਜਾਂਦਾ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਪਰਸ਼ਾਦਾ ਸ਼ਬਦ ਮੂਲ ਰੂਪ ਵਿੱਚ ਇਸੇ “ਪ੍ਰਸ਼ਾਦ” ਸ਼ਬਦ ਦੀ ਹੀ ਦੇਣ ਹੈ। “ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼” ਅਨੁਸਾਰ ਗੁਰਬਾਣੀ ਵਿਚਲੇ ਪ੍ਰਸਾਦ (ਕੜਾਹ-ਪ੍ਰਸ਼ਾਦ ਵਾਲ਼ੇ) ਸ਼ਬਦ ਨੂੰ ਤਾਂ ਗੁਰਬਾਣੀ ਜਾਂ ਸਿੱਖ ਧਰਮ ਦੀ ਮਰਯਾਦਾ ਅਨੁਸਾਰ “ਪ੍ਰਸ਼ਾਦ” (ਪੈਰ ਵਿੱਚ ‘ਰ’ ਪਾ ਕੇ ਅਤੇ ਸ ਪੈਰ ਬਿੰਦੀ ਪਾ ਕੇ) ਹੀ ਲਿਖਣਾ ਹੈ ਪਰ ਪਰਸ਼ਾਦਾ (ਰੋਟੀਆਂ/ਫੁਲਕਿਆਂ ਆਦਿ) ਨੂੰ ਪੂਰੇ “ਰਾਰੇ” ਨਾਲ਼, “ਪਰਸ਼ਾਦਾ”। ਇਸ ਪ੍ਰਕਾਰ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਪਰੋਕਤ ਕੋਸ਼ ਦੇ ਕਰਤਿਆਂ ਵੱਲੋਂ ਇਹਨਾਂ ਦੋਂਹਾਂ ਸ਼ਬਦਾਂ ਦੇ ਸ਼ਬਦ-ਜੋੜ ਇੱਕ-ਦੂਜੇ ਨਾਲ਼ੋਂ ਅਲੱਗ ਕਰ ਦਿੱਤੇ ਗਏ ਹਨ ਤਾਂਕਿ ਇਸ ਸੰਬੰਧੀ ਕਿਸੇ ਨੂੰ ਕੋਈ ਮੁਗ਼ਾਲਤਾ ਜਾਂ ਭੁਲੇਖਾ ਨਾ ਰਹੇ ਪਰ ਮੂਲ ਰੂਪ ਵਿੱਚ ਇਹਨਾਂ ਸ਼ਬਦਾਂ (ਪ੍ਰਸ਼ਾਦ/ਪਰਸ਼ਾਦਾ) ਦੇ ਅਰਥ ਲਗ-ਪਗ ਇਕਸਮਾਨ ਹੀ ਹਨ: ਕੋਈ ਖਾਧ-ਪਦਾਰਥ। ਪ੍ਰਸ਼ਾਦ ਸ਼ਬਦ ਪਿੱਛੇ ਕੰਨਾ ਲਾਉਣ ਨਾਲ਼ ਬਣੇ ਪਰਸ਼ਾਦਾ ਸ਼ਬਦ ਦੇ ਅਰਥ ਰੋਟੀਆਂ ਜਾਂ ਫੁਲਕਾ ਆਦਿ ਬਣ ਜਾਂਦੇ ਹਨ।
ਉਪਰੋਕਤ ਕੋਸ਼ (ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼) ਅਨੁਸਾਰ “ਗੁਰੂ ਦੀ ਕਿਰਪਾ” ਦੇ ਅਰਥਾਂ ਵਾਲ਼ੇ “ਪ੍ਰਸਾਦ” ਸ਼ਬਦ ਨੂੰ ਸ ਮੁਕਤੇ ਨਾਲ਼ ਅਤੇ ਬਿਨਾਂ ਸ ਪੈਰ-ਬਿੰਦੀ ਤੋਂ ਹੀ ਲਿਖਣਾ ਹੈ। ਉਪਰੋਕਤ ਵਿਆਖਿਆ ਅਨੁਸਾਰ ਸੰਖੇਪ ਵਿੱਚ ਅਸੀਂ ਦੇਖਦੇ ਹਾਂ ਕਿ ਅਸਲ ਵਿੱਚ “ਪ੍ਰਸਾਦ” (ਗੁਰੂ ਦੀ ਕਿਰਪਾ) ਸ਼ਬਦ ਦੇ ਅਰਥ ਹੋਰ ਹਨ, “ਪ੍ਰਸ਼ਾਦ” ਦੇ ਹੋਰ ਅਤੇ “ਪਰਸ਼ਾਦਾ” ਦੇ ਹੋਰ। ਇਹ ਵੱਖਰੀ ਗੱਲ ਹੈ ਕਿ ਗੁਰੂ-ਘਰ ਤੋਂ ਮਿਲ਼ੇ ਪ੍ਰਸ਼ਾਦ (ਕੜਾਹ-ਪ੍ਰਸ਼ਾਦ) ਵਿੱਚ ਗੁਰੂ-ਕਿਰਪਾ ਵਾਲ਼ੀ ਭਾਵਨਾ ਵੀ ਰਲ਼ੀ ਹੋਈ ਹੁੰਦੀ ਹੈ। ਇਸੇ ਭਾਵਨਾ ਕਾਰਨ ਹੀ “ਗੁਰੂ ਕੇ ਲੰਗਰ” ਵਿੱਚ ਵਰਤਾਏ ਜਾਣ ਵਾਲ਼ੇ ਫੁਲਕਿਆਂ ਨੂੰ ਵੀ ‘ਪਰਸ਼ਾਦਾ” ਹੀ ਆਖਿਆ ਜਾਂਦਾ ਹੈ, ਰੋਟੀਆਂ ਜਾਂ ਫੁਲਕਾ ਆਦਿ ਨਹੀਂ।
ਅਜਿਹੇ ਲੇਖਕਾਂ ਨੂੰ ਚਾਹੀਦਾ ਹੈ ਕਿ ਕੋਈ ਵੀ ਗੱਲ ਲਿਖਣ ਤੋਂ ਪਹਿਲਾਂ ਉਹ ਸ੍ਵੈ-ਅਧਿਐਨ ਜ਼ਰੂਰ ਕਰਨ ਅਤੇ ਅਜਿਹੀਆਂ ਬਰੀਕਬੀਨੀਆਂ ਦਾ ਧਿਆਨ ਰੱਖਣ ਤਾਂਕਿ ਉਹ ਆਪਣੀ ਗੱਲ ਨੂੰ ਪਾਠਕਾਂ ਅੱਗੇ ਪੂਰੀ ਸਪਸ਼ਟਤਾ ਨਾਲ਼ ਪੇਸ਼ ਕਰ ਸਕਣ ਤੇ ਫ਼ਜ਼ੂਲ ਦੇ ਭੰਬਲ਼ਭੂਸਿਆਂ ਅਤੇ ਭਾਸ਼ਾ ਵਿੱਚ ਲਾਏ ਜਾਣ ਵਾਲ਼ੇ ਉਪਰੋਕਤ ਕਿਸਮ ਦੇ ਤੀਰ-ਤੁੱਕਿਆਂ ਅਤੇ ਝੱਲ-ਵਲੱਲੀਆਂ ਗੱਲਾਂ ਤੋਂ ਬਚ ਸਕਣ। ਪੰਜਾਬੀ ਸ਼ਬਦ-ਜੋੜਾਂ ਵਿੱਚ ਇਕਸਾਰਤਾ ਦੀ ਗੱਲ ਨੂੰ ਵੀ ਤਦੇ ਹੀ ਅੱਗੇ ਵਧਾਇਆ ਜਾ ਸਕਦਾ ਹੈ। ਪਰ ਜੇਕਰ ਹਰ ਕੋਈ ਆਪਣੀਆਂ ਮਨ-ਮਰਜ਼ੀਆਂ ਹੀ ਕਰਦਾ ਰਿਹਾ ਫਿਰ ਤਾਂ ਰੋਲ਼-ਘਚੋਲ਼ੇ ਹੀ ਵਧਣਗੇ ਅਤੇ ਅਜਿਹੇ ਹਾਲਾਤ ਵਿੱਚ ਸ਼ਬਦ-ਜੋੜਾਂ ਵਿੱਚ ਇਕਸਾਰਤਾ ਦੀ ਗੱਲ ਸਿਰੇ ਲਾਉਣੀ ਬਹੁਤ ਮੁਸ਼ਕਲ ਹੋ ਜਾਵੇਗੀ। ਮਿਸਾਲ ਦੇ ਤੌਰ ‘ਤੇ ਜੇਕਰ ਇਸ ਲੇਖਕ ਨੂੰ “ਪਰਿਸ਼ਦ” ਸ਼ਬਦ ਦੇ ਸਹੀ ਸ਼ਬਦ-ਜੋੜਾਂ ਦਾ ਪਤਾ ਹੁੰਦਾ ਤਾਂ ਉਹ ਕਦੇ ਵੀ ਇਸ ਨੂੰ “ਪ੍ਰੀਸ਼ਦ” ਨਾ ਲਿਖਦਾ ਅਤੇ ਨਾ ਹੀ ਉਸ ਨੂੰ ਇਸ ਦੇ “ਪ੍ਰ” ਅਗੇਤਰ ਤੋਂ ਬਣੇ ਹੋਏ ਹੋਣ ਦਾ ਭੁਲੇਖਾ ਪੈਂਦਾ ਹਾਲਾਂਕਿ ਉਹ ਪ੍ਰ ਅਗੇਤਰ ਦੇ ਅਰਥ ਵੀ ਇੱਥੇ ਗ਼ਲਤ ਹੀ ਕਰ ਰਿਹਾ ਹੈ ਕਿਉਂਕਿ ਪ੍ਰ ਅਗੇਤਰ ਦੇ ਅਰਥ ਕੋਲ਼ ਜਾਂ ਨੇੜੇ ਨਹੀਂ ਹੁੰਦੇ ਸਗੋਂ “ਆਲੇ-ਦੁਆਲੇ” ਹੁੰਦੇ ਹਨ। ਇਸ ਤੋਂ ਇਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਸਾਡੇ ਲੇਖਕਾਂ ਵਿੱਚ ਅਧਿਐਨ ਕਰਨ ਦੀ ਭਾਰੀ ਕਮੀ ਹੈ। ਇਸੇ ਕਾਰਨ ਅਸੀਂ ਨਿਰੀਆਂ ਕਿਆਫ਼ੇਬਾਜ਼ੀਆਂ ਅਤੇ ਕਿਆਸ-ਅਰਾਈਆਂ ਨਾਲ਼ ਅਸਮਾਨ ਦੇ ਕੁੰਡੇ ਮੇਲਣ ਤੱਕ ਵੀ ਚਲੇ ਜਾਂਦੇ ਹਾਂ। ਸਾਨੂੰ ਅਜਿਹੀਆਂ ਗੱਲਾਂ ਤੋਂ ਬਚਣ ਦੀ ਲੋੜ ਹੈ।
………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
https://play.google.com/store/apps/details?id=in.yourhost.samajweekly