ਪ੍ਰਭ ਆਸਰਾ ਵਿਖੇ ਹੋਏ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਦਾ ਲੋਕਾਂ ਨੇ ਭਾਰੀ ਉਤਸ਼ਾਹ ਨਾਲ਼ ਉਠਾਇਆ ਲਾਭ

ਫਿਲਮ ਜਗਤ ਦੇ ਪ੍ਰਸਿੱਧ ਫ਼ਨਕਾਰ ਗੁਰਪ੍ਰੀਤ ਘੁੱਗੀ ਬਣੇ ਰਹੇ ਖਿੱਚ ਦਾ ਕੇਂਦਰ
ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਸੰਸਾਰ ਭਰ ਵਿੱਚ ਮਾਨਸਿਕ ਸਿਹਤ ਜਾਗਰੂਕਤਾ ਮਹੀਨੇ ਵਜੋਂ ਮਨਾਏ ਜਾਂਦੇ ਮਈ ਮਹੀਨੇ ਨੂੰ ਮੁੱਖ ਰੱਖਦਿਆਂ ਪ੍ਰਭ ਆਸਰਾ ਪਡਿਆਲਾ ਵਿਖੇ ਕੱਲ੍ਹ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਜਿਸ ਬਾਰੇ ਸੰਸਥਾ ਮੁਖੀ ਸ. ਸ਼ਮਸ਼ੇਰ ਸਿੰਘ ਜੀ ਅਤੇ ਰਜਿੰਦਰ ਕੌਰ ਜੀ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਨਿੱਘਾ, ‘ਜੀ ਆਇਆਂ ਨੂੰ’ ਕਹਿਣ ਅਤੇ ਪੰਜਾਬ ਨੈਸ਼ਨਲ ਕਾਲਜ ਆਫ਼ ਨਰਸਿੰਗ ਡੇਰਾ ਬਸੀ ਦੀ ਵਿਦਿਆਰਥਣ ਵੱਲੋਂ ਪੇਸ਼ ਕੀਤੇ ਧਾਰਮਿਕ ਗੀਤ ‘ਬੰਦਗੀ ਦੀ ਦਾਤ’ ਨਾਲ਼ ਹੋਈ। ਰਾਯਤ ਐਂਡ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਆਏ ਵਿਦਿਆਰਥੀਆਂ ਨੇ ਮਾਨਸਿਕ ਸਿਹਤ ਸਬੰਧੀ ਸਕਿੱਟ ਅਤੇ ਸਰਸਵਤੀ ਨਰਸਿੰਗ ਕਾਲਜ ਧਿਆਨਪੁਰਾ ਤੇ ਚਿਤਕਾਰਾ ਯੂਨੀਵਰਸਿਟੀ ਪੰਜਾਬ ਵੱਲੋਂ ਨਾਟਕ ਪੇਸ਼ ਕੀਤੇ ਗਏ। ਰਵਾਇਤੀ ਪਹਿਰਾਵਿਆਂ ਵਿੱਚ ਸਜੀਆਂ ਸਰਕਾਰੀ ਨਰਸਿੰਗ ਕਾਲਜ ਰੋਪੜ ਦੀਆਂ ਵਿਦਿਆਰਥਣਾਂ ਅਤੇ ਪ੍ਰਭ ਆਸਰਾ ਦੀਆਂ ਸ਼ਪੈਸ਼ਲ ਤੇ ਨਾਰਮਲ ਬੱਚੀਆਂ ਵੱਲੋਂ ਪੇਸ਼ ਕੀਤੀਆਂ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਖੂਬ ਰੰਗ ਬੰਨ੍ਹਿਆ। ਸੰਸਥਾਂ ਵੱਲੋਂ ਉਚੇਚੇ ਤੌਰ ‘ਤੇ ਤਿਆਰ ਕੀਤੀ ਮਾਨਸਿਕ ਰੋਗੀਆਂ ਦੇ ਇਲਾਜ ਤੋਂ ਪਹਿਲਾਂ ਅਤੇ ਮੁੜ-ਵਸੇਬੇ ਤੱਕ ਪਹੁੰਚਣ ਬਾਬਤ ਕੋਰਿਓਗ੍ਰਾਫੀ ਨੇ ਦਰਸ਼ਕਾਂ ਨੂੰ ਭਾਵੁਕ ਹੋਣ ਲਈ ਮਜ਼ਬੂਰ ਕਰ ਦਿੱਤਾ।
            ਪ੍ਰਭ ਆਸਰਾ ਵਿਖੇ ਹੀ ਮੁੜ ਪੁਨਰਵਾਸ ਵਿੱਚ ਆਏ ਨੌਜਵਾਨ ਸ਼ੇਰ ਸਿੰਘ ਨੇ ਸੁਰ, ਤਾਲ ਤੇ ਲੈਅ-ਬੱਧਤਾ ਵਿੱਚ ‘ਤੇਰੇ ਰੰਗ ਨਿਆਰੇ ਦਾਤਿਆ’ ਗੀਤ ਗਾ ਕੇ, ਇੱਥੋਂ ਦੇ ਹੀ ਛੋਟੇ ਬੱਚਿਆਂ ਨੇ ਭੰਗੜੇ ਅਤੇ ਨੰਨ੍ਹੀਆਂ ਬੱਚੀਆਂ ਨੇ ਨਾਚ ਦੀਆਂ ਦਿਲ ਟੁੰਬਵੀਆਂ ਪੇਸ਼ਕਾਰੀਆਂ ਨਾਲ਼ ਖੂਬ ਵਾਹ ਵਾਹ ਖੱਟੀ। ਮਨੋਰੋਗਾਂ ਦੇ ਮਾਹਿਰ ਡਾ. ਨਿਤਿਨ ਸੇਠੀ ਨੇ ਮਾਨਸਿਕ ਸਿਹਤ ਬਾਰੇ ਸੰਖੇਪ ਭਾਸ਼ਣ ਵਿੱਚ ਵੱਡਮੁੱਲੀਆਂ ਜਾਣਕਾਰੀਆਂ ਦਿੱਤੀਆਂ ਅਤੇ ਡੀ.ਐਸ.ਪੀ. ਹਰਸਿਮਰਨ ਸਿੰਘ ਬੱਲ ਨੇ ਮਾਨਸਿਕ ਰੋਗੀਆਂ ਪ੍ਰਤੀ ਆਪਣੀਆਂ ਭਾਵਨਾਵਾਂ ਤੇ ਤਜਰਬੇ ਸਾਂਝੇ ਕੀਤੇ। ਇਸੇ ਦੌਰਾਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹਰਫਨਮੌਲਾ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਸਦਾਬਹਾਰ ਅੰਦਾਜ ਵਿੱਚ ਸੁਹਿਰਦ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਝਾੜਿਆਂ, ਫੂਕਾਂ, ਪੁੱਛਿਆ ਆਦਿ ਪਾਖੰਡਾਂ ਰਾਹੀਂ ਜਨਤਾ ਦੇ ਦਿਮਾਗਾਂ ਨਾਲ਼ ਖੇਡ ਰਹੇ ਅਖੌਤੀ ਬਾਬਿਆਂ ਦੀਆਂ ਆਪਣੇ ਹਾਸਰਸੀ ਅੰਦਾਜ ਵਿੱਚ ਖੂਬ ਪੋਲਾਂ ਖੋਲ੍ਹੀਆਂ। ਉਪਰੰਤ ਸ਼ਮਸ਼ੇਰ ਸਿੰਘ, ਗੁਰਪ੍ਰੀਤ ਘੁੱਗੀ ਅਤੇ ਡਾ. ਨਿਤਿਨ ਸੇਠੀ ਵੱਲੋਂ ਲਏ ਗਏ ਸਵਾਲ-ਜਵਾਬ ਸ਼ੈਸ਼ਨ ਵਿੱਚ ਮੋਜੂਦ ਦਰਸ਼ਕਾਂ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਗੂਗਲ ਮੀਟ ਰਾਹੀਂ ਜੁੜੇ ਸੱਜਣਾਂ ਨੇ ਦਿਲ ਖੋਲ੍ਹ ਕੇ ਸਵਾਲ ਕੀਤੇ। ਜਿੰਨ੍ਹਾ ਦੇ ਜਵਾਬਾਂ ਨਾਲ਼ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਦੇ ਦਰਵਾਜੇ ਖੁੱਲ੍ਹੇ। ਅੰਤ ਸੰਸਥਾ ਦੇ ਉੱਪ-ਪ੍ਰਧਾਨ ਜਸਵੀਰ ਸਿੰਘ ਕਾਦੀਮਾਜਰਾ ਨੇ ਪਹੁੰਚੇ ਹੋਏ ਤੇ ਗੂਗਲ ਮੀਟ ਰਾਹੀਂ ਜੁੜੇ ਦਰਸ਼ਕਾਂ ਦਾ ਸ਼ੁਕਰਾਨਾ ਕੀਤਾ। ਮੰਚ ਸੰਚਾਲਨ ਦੀ ਜੁੰਮੇਵਾਰੀ ਅਰਵਿੰਦਰ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਸਮਾਜ ਦਰਦੀ ਜਥੇਬੰਦੀਆਂ/ਸੰਸਥਾਵਾਂ, ਉੱਚ ਅਹੁਦਿਆਂ ਤੋਂ ਸੇਵਾਮੁਕਤ ਅਧਿਕਾਰੀ, ਇਲਾਕਾ ਨਿਵਾਸੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਲੋਕ ਪ੍ਰਤੀਨਿਧਾਂ ਲਈ ਪ੍ਰੈਸ ਕਾਨਫਰੰਸਾਂ ਲਾਜਮੀ ਕਰਨ ਲਈ ਕਾਨੂੰਨ ਬਣਾਉਣ ਦੀ ਲੋੜ ਕਿਉਂ?
Next articleਸ. ਚਰਨਜੀਤ ਸਿੰਘ ਚੰਨੀ ਸਾਬਕਾ ਮੱਖ ਮੰਤਰੀ ਪੰਜਾਬ ਭਾਰੀ ਫਰਕ ਨਾਲ ਲੋਕ ਸਭਾ ਚੋਣਾਂ ‘ਚ ਜਿੱਤ ਪ੍ਰਾਪਤ ਕਰਨਗੇ-ਰਜਿੰਦਰ ਸੰਧੂ ਫਿਲੌਰ