HOME ਪ੍ਰਭ ਗੁਰੂ ਨਾਨਕ ਜਗ ਮਾਹਿੰ ਪਠਾਯਾ

ਪ੍ਰਭ ਗੁਰੂ ਨਾਨਕ ਜਗ ਮਾਹਿੰ ਪਠਾਯਾ

1
गुरु नानक देव जी

(ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ)

         ਸੁਣਿ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿੰ ਪਠਾਯਾ, ਸਤਿਗੁਰੁ ਨਾਨਕ ਉਪਲਿਆ ਮਿਟੀ ਧੁੰਧ ਜਗਤ ਹੋਈ ॥੧॥

 

ਬਰਜਿੰਦਰ ਕੌਰ ਬਿਸਰਾਓ

 (ਸਮਾਜ ਵੀਕਲੀ)  ਜਦ ਦੁਨੀਆਂ ਵਿੱਚ ਚਾਰੇ ਪਾਸੇ ਅਗਿਆਨਤਾ ਦੀ ਧੁੰਧ ਫੈਲੀ ਹੋਈ ਸੀ,ਲੋਕ ਵਹਿਮਾਂ ਭਰਮਾਂ ਵਿੱਚ ਬੁਰੀ ਤਰ੍ਹਾਂ ਫ਼ਸੇ ਹੋਏ ਸਨ ਤਾਂ ਇਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਉਪ ਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਅਵਤਾਰ ਧਾਰਿਆ ।ਆਪ ਦੇ ਜਨਮ-ਦਿਨ ਸੰਬੰਧੀ ਦੋ ਮਤ ਪ੍ਰਚਲਿਤ ਹਨ । ਇਕ ਮਤ ਦਾ ਆਧਾਰ ਪੁਰਾਤਨ ਜਨਮਸਾਖੀ ਹੈ ਜਿਸ ਅਨੁਸਾਰ 15 ਅਪ੍ਰੈਲ 1469 ਈ. ਨੂੰ ਆਪ ਦਾ ਜਨਮ ਹੋਇਆ । ਦੂਜੇ ਮਤ ਦਾ ਆਧਾਰ ਬਾਲੇ ਵਾਲੀ ਜਨਮਸਾਖੀ ਹੈ ਜਿਸ ਵਿਚ ਆਪ ਦਾ ਜਨਮ ਕਤਕ ਸੁਦੀ 15, 1526 ਬਿ. ਵਾਲੇ ਦਿਨ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਹੋਇਆ । ਜ਼ਿਆਦਾਤਰ ਵਿਦਵਾਨ ਪੁਰਾਤਨ ਜਨਮਸਾਖੀ ਵਾਲੀ ਤਿਥੀ ਨੂੰ ਸਹੀ ਮੰਨਦੇ ਹਨ । ਪਰ ਸਿੱਖ ਸਮਾਜ ਵਿਚ ਆਪ ਦਾ ਜਨਮ-ਪੁਰਬ ਕਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਹੈ । ਗੁਰੂ ਨਾਨਕ ਜੀ ਦੇ ਪਿਤਾ ਕਲਿਆਣ ਦਾਸ ਬੇਦੀ ਸਨ, ਜੋ ਕਿ ਮਹਿਤਾ ਕਾਲੂ ਦੇ ਨਾਮ ਤੋਂ ਜਾਣੇ ਜਾਂਦੇ ਸਨ। ਮਹਿਤਾ ਕਾਲੂ ਜੀ, ਰਾਏ ਬੁਲਾਰ ਦੇ  ਪਟਵਾਰੀ ਸਨ।ਉਹਨਾਂ ਦੀ ਮਾਤਾ ਤ੍ਰਿਪਤਾ ਜੀ, ਇੱਕ ਸਧਾਰਨ ਅਤੇ ਬਹੁਤ ਧਾਰਮਿਕ ਔਰਤ ਸੀ। ਗੁਰੂ ਜੀ ਦੀ ਇੱਕ ਵੱਡੀ ਭੈਣ ਵੀ ਸੀ ਜਿਸਦਾ ਨਾਮ ਬੀਬੀ ਨਾਨਕੀ ਜੀ ਸੀ। ਕਿਹਾ ਜਾਂਦਾ ਹੈ ਕਿ ਆਪ ਜੀ ਦਾ ਨਾਂ ਨਾਨਕ ਇਸ ਕਾਰਨ ਪਿਆ ਕਿ ਆਪ ਆਪਣੇ ਨਾਨਕੇ ਘਰ ਵਿੱਚ ਪੈਦਾ ਹੋਏ ਸੀ।  ਆਪ ਨੂੰ ਪੰਜ ਸਾਲ ਦੀ ਉਮਰ ਵਿੱਚ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਤਾਂ ਆਪ ਨੇ ਆਪਣੇ ਗਿਆਨ ਤੇ ਸੂਝ-ਬੂਝ ਨਾਲ ਉਹਨਾਂ ਨੂੰ ਹੈਰਾਨ ਕਰ ਦਿੱਤਾ। ਇਕ ਬਾਰ ਗੁਰੂ ਜੀ ਦੇ ਜਨੇਊ ਪਵਾਣ ਲਈ ਇਕ ਪੰਡਤ ਨੂੰ ਬੁਲਾਇਆ ਗਯਾ ਤਾਂ ਆਪ ਨੇ ਜਨੇਊ ਲਈ ਮਨਾ ਕਰ ਦਿੱਤਾ |ਅਤੇ ਗੁਰੂ ਨੂੰ ਦੱਸਿਆ ਕਿ ਸਾਨੂੰ ਅਜਿਹਾ ਜਨੇਊ ਪਾਉਣਾ ਚਾਹੀਦਾ ਹ ਜੋ ਸਾਡਾ ਸਦਾ ਸਾਥ ਦੇਵੇ ਤੇ ਨਾ ਹੀ ਮੈਲਾ ਹੋਵੇ। ਆਪ ਨੇ ਚਾਰਾਂ ਦਿਸ਼ਾਵਾਂ ਪੂਰਬ, ਪੱਛਮ, ਉੱਤਰ, ਦੱਖਣ ਵਿੱਚ ਚਾਰ ਮਹੱਤਵਪੂਰਨ ਉਦਾਸੀਆਂ ਕੀਤੀਆਂ ਇਹਨਾਂ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਧਰਮ ਦਾ ਅਸਲੀ ਮਤਲਬ ਸਮਝਾਉਣ ਦਾ ਜਤਨ ਕੀਤਾ। ਗੁਰੂ ਜੀ ਦਾ ਲੋਕਾਂ ਨੂੰ ਸਮਝਾਉਣ ਦਾ ਢੰਗ ਵੀ ਨਿਰਾਲਾ ਸੀ।ਹਰਦਵਾਰ ਜਾ ਕੇ ਗੰਗਾ ਦੇ ਪਾਣੀ ਨੂੰ ਪੂਰਬ ਦੀ ਬਜਾਏ ਪਛਮ ਵੱਲ ਸੁੱਟ ਕੇ ਪਖੰਡਵਾਦ ਦਾ ਭਾਂਡਾ ਫੋੜਿਆ। ਮੱਕੇ ਮਦੀਨੇ ਵਿੱਚ ਮਸੀਤ ਵੱਲ ਪੈਰ ਕਰਕੇ ਸੌਂ ਕੇ ਧਰਮ ਦੇ-ਨਾਂ ਤੇ ਚਲ ਰਹੇ ਪਖੰਡਾਂ ਦਾ ਵਿਰੋਧ ਕੀਤਾ ।ਉਸਨੇ ਬਾਬਰ ਦੀ ਤਾਨਾਸ਼ਾਹੀ ਅਤੇ ਅੱਤਿਆਚਾਰਾਂ ਲਈ ਖੁੱਲ ਕੇ ਆਲੋਚਨਾ ਕੀਤੀ, ਜੋ ਉਸਦੀ ਫੌਜ ਲੋਕਾਂ ‘ਤੇ ਕਰ ਰਹੀ ਸੀ। ਉਨ੍ਹਾਂ ਲੋਧੀਆਂ ਦਾ ਸਖ਼ਤ ਵਿਰੋਧ ਕੀਤਾ ਜੋ ਸਮਾਜ ਦੀਆਂ ਮੌਜੂਦਾ ਸਮਾਜਿਕ ਸਥਿਤੀਆਂ ਲਈ ਜ਼ਿੰਮੇਵਾਰ ਸਨ। ਜੋ ਉਸ ਸਮੇਂ ਆਸਾਨ ਨਹੀਂ ਸੀ। ਇੱਕ ਵਾਰ ਪੰਡਿਤ ਬੋਧੀਨ ਨੇ ਸਿਕੰਦਰ ਲੋਧੀ ਨੂੰ ਕਿਹਾ ਕਿ ਹਿੰਦੂ ਅਤੇ ਇਸਲਾਮ ਦੋਵੇਂ ਚੰਗੇ ਧਰਮ ਹਨ, ਉਹ ਬਰਦਾਸ਼ਤ ਨਾ ਕਰ ਸਕਿਆ ਅਤੇ ਉਸਦਾ ਕਤਲ ਕਰ ਦਿੱਤਾ। ਬਾਬਰ ਦੀ ਫੌਜ ਦੇ ਜ਼ੁਲਮਾਂ ਨੂੰ ਦੇਖ ਕੇ, ਬਿਨਾਂ ਕਿਸੇ ਕਸੂਰ ਦੇ ਲੋਕਾਂ ਨੂੰ ਲੁੱਟਣਾ ਅਤੇ ਕਤਲ ਕਰਨਾ, ਗੁਰੂ ਨਾਨਕ ਦੇਵ ਜੀ ਸਾਹਿਬ ਨੇ ਬਾਬਰ ਨੂੰ ਵੀ ਲਲਕਾਰਿਆ:-

ਪਾਪ ਦੀ ਜੰਝ ਲੈ ਕਾਬੁਲੁ ਧਾਇਆ ਜੋਰੀ ਮੰਗ ਦਾਨ ਵੈ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਇ ਕੂੜ ਫਿਰੇ ਪਰਧਾਨੁ ਵੇ ਲਾਲੋ ॥

ਗੁਰੂ ਨਾਨਕ ਦੇਵ ਜੀ ਜਿੱਥੇ ਇਕ ਮਹਾਨ ਧਾਰਮਕ ਆਗੂ ਸਨ, ਉਸਦੇ ਨਾਲ-ਨਾਲ ਉਹ ਪੰਜਾਬੀ ਦੇ ਇਕ ਮਹਾਨ ਕਵੀ ਵੀ ਸਨ। ਆਪ ਨੇ 19 ਰਾਗਾਂ ਵਿੱਚ ਬਾਣੀ ਰਚੀ, ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ‘ ਜਪੁਜੀ’ ਅਤੇ ‘ ਆਸਾਂ ਦੀ ਵਾਰ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ।

ਗੁਰੂ ਜੀ ਮਹਾਨ ਕਵੀ ਹੋਣ ਦੇ ਨਾਲ-ਨਾਲ ਇਕ ਚੰਗੇ ਸਮਾਜ ਸੁਧਾਰਕ ਵੀ ਸਨ। ਉਹ ਬਹੁਤ ਹੀ ਸੂਝ-ਬੂਝ ਵਾਲੇ ਵਿਅਕਤੀ ਸਨ। ਸਮਾਜਿਕ ਬੁਰਾਈਆਂ ਗੁਰੂ ਜੀ ਦੀ ਮਹਾਨ ਨਜ਼ਰ ਤੋਂ ਪਰੇ ਨਹੀਂ ਸਨ ਰਹਿ ਸਕੀਆਂ। ਉਸ ਵੇਲੇ ਸਮਾਜ ਵਿੱਚ ਔਰਤ ਦੀ ਖਰਾਬ ਹਾਲਤ ਅਤੇ ਉਸ ਉਪਰ ਹੋ ਰਹੇ ਸਮਾਜਿਕ ਅਤਿਆਚਾਰਾਂ ਨੂੰ ਅਨੁਭਵ ਕੀਤਾ ਅਤੇ ਇਸ ਦਾ ਜਮ ਕੇ ਵਿਰੋਧ ਕੀਤਾ। ਇਸ ਤੋਂ ਇਲਾਵਾਂ ਗੁਰੂ ਜੀ ਨੇ ਹੋਰ ਸਮਾਜਿਕ ਬੁਰਾਇਆਂ ਜਿਵੇਂ- ਛੂਤ-ਛਾਤ, ਸੂਤਕ, ਮੂਰਤੀ ਪੂਜਾ ਅਤੇ ਹੋਰ ਵੀ ਕਈ ਵਹਿਮਾਂ-ਭਰਮਾ ਦਾ ਡੱਟ ਕੇ ਵਿਰੋਧ ਕੀਤਾ।

ਆਪ ਆਪਣੇ ਆਖਿਰੀ ਸਮੇਂ ਕਰਤਾਰਪੁਰ ਦਰਿਆ ਰਾਵੀ ਦੇ ਕੰਢੇ ਆ ਕੇ ਰਹਿਣ ਲੱਗ ਪਏ। ਇਥੇ ਆਪ ਜੀ ਨੈ ਰੱਬੀ ਕੀਰਤਨ ਦੇ ਨਾਲ ਖੇਤੀ ਬਾੜੀ ਦਾ ਕੰਮ ਕੀਤਾ। ਗੁਰੂ ਜੀ 1539 ਈ. ਜੋਤੀ ਜੋਤ ਸਮਾਂ ਗਏ।

ਗੁਰੂ ਜੀ ਜਿੱਥੇ ਇੱਕ ਮਹਾਂਪੁਰਖ ਰੱਬੀ ਅਵਤਾਰ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਅਵਤਾਰ ਧਾਰ ਕੇ ਆਏ ਉੱਥੇ ਉਹ  ਆਮ ਲੋਕਾਂ ਵਿੱਚ ਵਿਚਰ ਕੇ ਭਟਕੇ ਹੋਏ ਲੋਕਾਂ ਲਈ ਮਾਰਗ ਦਰਸ਼ਕ ਬਣੇ ਉੱਥੇ ਹੀ ਉਹਨ੍ਹਾਂ ਨੇ ਆਪਣੀ ਨਵੀਂ ਵਿਚਾਰਧਾਰਾ ਨਾਲ ਪ੍ਰਤਿਕੂਲ ਪਰਿਸਥਿਤੀਆਂ ਦੀ ਨੁਹਾਰ ਬਦਲੀ ਅਤੇ ਸਿੱਖ ਧਰਮ ਦੇ ਵਿਕਾਸ ਦੇ ਨਾਲ ਨਾਲ ਇਕ ਨਵੇਂ ਸਭਿਆਚਾਰ ਨੂੰ ਜਨਮ ਦਿੱਤਾ । ਇਹ ਸਭਿਆਚਾਰ ਕਿਸੇ ਇਕ ਧਰਮ ਜਾਂ ਭਾਈਚਾਰੇ ਦਾ ਸਭਿਆਚਾਰ ਨਹੀਂ ਸੀ, ਸਗੋਂ ਸਾਰੀ ਮਨੁੱਖਤਾ ਲਈ ਕਲਿਆਣਕਾਰੀ ਜੀਵਨ-ਦਰਸ਼ਨ ਸੀ ਜਿਸ ਦੀ ਰੋਸ਼ਨੀ ਰਾਹੀਂ ਨਵੇਂ ਮਨੁੱਖ ਦਾ ਮਾਡਲ ਸਿਰਜਿਆ ਗਿਆ।

ਬਰਜਿੰਦਰ ਕੌਰ ਬਿਸਰਾਓ…
9988901324

Previous article*ਪੰਜਾਬ ਵਿੱਚ 19000 ਕਿਲੋਮੀਟਰ ਸੜਕਾਂ ਬਣਾਉਣ ਲਈ ਪੰਜਾਬ ਸਰਕਾਰ ਕੋਈ ਕਸਰ ਨਹੀਂ ਛੱਡੇਗੀ: ਬ੍ਰਿਗੇਡੀਅਰ ਰਾਜ ਕੁਮਾਰ*
Next articleਚੋਣਾਂ ਤੋਂ ਪਹਿਲਾਂ ਤੇਜਸਵੀ ਯਾਦਵ ਨੇ ਇੱਕ ਵੱਡਾ ਐਲਾਨ ਕੀਤਾ: ਇਸ ਦਿਨ ਔਰਤਾਂ ਦੇ ਖਾਤਿਆਂ ਵਿੱਚ 30,000 ਰੁਪਏ ਟ੍ਰਾਂਸਫਰ ਕੀਤੇ ਜਾਣਗੇ।