ਬਲਾਚੌਰ , (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ): ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਪੰਜਾਬ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਭਾਰਤੀ ਜਨਤਾ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਬਰਿਆਮ ਨੇ ਸੂਬਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਝੋਨੇ ਦਾ ਸੀਜ਼ਨ ਪੂਰੇ ਜ਼ੋਰਾਂ ‘ਤੇ ਹੈ, ਜਿਸ ਤਹਿਤ ਲਗਭਗ 70 ਫੀਸਦੀ ਕਿਸਾਨਾਂ ਨੇ ਝੋਨਾ ਲਾ ਲਿਆ ਹੈ ਅਤੇ 30 ਫੀਸਦੀ ਦੇ ਕਰੀਬ ਕੰਮ ਅਜੇ ਰਹਿੰਦਾ ਹੈ। ਪਰ ਮੌਜੂਦਾ ਸਮੇਂ ਸਿਰਫ਼ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਹੀ ਨਹੀਂ, ਬਲਕਿ ਪੂਰੇ ਪੰਜਾਬ ਵਿੱਚ ਕਿਸਾਨ ਬਿਜਲੀ ਦੀ ਸਪਲਾਈ ਨੂੰ ਲੈ ਕੇ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਹਨ। ਬਿਜਲੀ ਆ ਨਹੀਂ ਰਹੀ ਅਤੇ ਲੰਬੇ-ਲੰਬੇ ਕੱਟ ਲੱਗ ਰਹੇ ਹਨ, ਜਿਸ ਕਾਰਨ ਜਿੱਥੇ ਝੋਨਾ ਲਾਉਣ ਵਿੱਚ ਵੱਡੀ ਦਿੱਕਤ ਆ ਰਹੀ ਹੈ, ਉੱਥੇ ਹੀ ਜਿਨ੍ਹਾਂ ਕਿਸਾਨਾਂ ਦਾ ਝੋਨਾ ਲੱਗ ਚੁੱਕਾ ਹੈ, ਉਨ੍ਹਾਂ ਨੂੰ ਖੇਤਾਂ ਵਿੱਚ ਪਾਣੀ ਪੂਰਾ ਰੱਖਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਸਵੰਤ ਸਿੰਘ ਵਰਿਆਮ ਕੰਗਣਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਮਜਬੂਰਨ ਕਿਸਾਨਾਂ ਨੂੰ ਢੋਲਾਂ ਦੇ ਢੋਲ ਡੀਜ਼ਲ ਦੇ ਫੂਕਣੇ ਪੈ ਰਹੇ ਹਨ। ਖੇਤੀਬਾੜੀ ਤਾਂ ਪਹਿਲਾਂ ਹੀ ਲਾਹੇਵੰਦ ਧੰਦਾ ਨਹੀਂ ਰਹੀ ਅਤੇ ਜੇਕਰ ਕਿਸਾਨ ਇੰਨਾ ਮਹਿੰਗਾ ਤੇਲ ਹੀ ਫੂਕ ਦੇਣਗੇ, ਤਾਂ ਉਹ ਆਪਣੀ ਕਮਾਈ ਵਿੱਚੋਂ ਕੀ ਕੱਢਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਗੰਭੀਰ ਮੁੱਦੇ ‘ਤੇ ਤੁਰੰਤ ਸੋਚਣ ਦੀ ਲੋੜ ਹੈ। ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਜੋ ਆਪਣੇ-ਆਪ ਨੂੰ ਪੰਜਾਬ ਦਾ ਪੁੱਤ ਅਤੇ ਖੇਤਾਂ ਦਾ ਪੁੱਤ ਕਹਿੰਦੇ ਸਨ, ਉਨ੍ਹਾਂ ਨੂੰ ਸਰਕਾਰ ਵਿੱਚ ਰਹਿੰਦਿਆਂ ਸਾਢੇ ਚਾਰ ਸਾਲ ਦਾ ਸਮਾਂ ਹੋਣ ਵਾਲਾ ਹੈ, ਪਰ ਉਹ ਅਜੇ ਤੱਕ ਕਿਸਾਨਾਂ ਵਾਸਤੇ ਕੋਈ ਠੋਸ ਕਿਸਾਨ ਨੀਤੀ (ਪਾਲਿਸੀ) ਨਹੀਂ ਲੈ ਕੇ ਆ ਸਕੇ ਅਤੇ ਨਾ ਹੀ ਝੋਨੇ ਦੀ ਫ਼ਸਲ ਦਾ ਕੋਈ ਬਦਲ ਦੇ ਸਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕੋਈ ਢੁਕਵਾਂ ਬਦਲ ਨਹੀਂ ਦਿੰਦੀ, ਉਦੋਂ ਤੱਕ ਘੱਟੋ-ਘੱਟ ਕਿਸਾਨਾਂ ਦੀ ਬੇਸਿਕ ਲੋੜ ਯਾਨੀ ਸਮੇਂ ਸਿਰ ਅਤੇ ਪੂਰੀ ਬਿਜਲੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਬਿਜਲੀ ਦੇਣ ਵਿੱਚ ਨਾਕਾਮ ਰਹਿੰਦੀ ਹੈ, ਤਾਂ ਉਹ ਆਪਣੇ ਜ਼ਿਲ੍ਹੇ ਵਿੱਚ ਹਾਈਕਮਾਂਡ ਨਾਲ ਸਲਾਹ-ਮਸ਼ਵਰਾ ਕਰਕੇ ਅੱਗੇ ਤਿੱਖਾ ਸੰਘਰਸ਼ ਵਿੱਢਣਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਟੇਜਾਂ ‘ਤੇ ਬਿਜਲੀ ਦੇ ਪੁਖ਼ਤਾ ਪ੍ਰਬੰਧਾਂ ਦੇ ਕੀਤੇ ਜਾਂਦੇ ਦਾਅਵਿਆਂ ਦਾ ਮਜ਼ਾਕ ਉਡਾਉਂਦਿਆਂ ਭਾਜਪਾ ਆਗੂ ਨੇ ਕਿਹਾ ਕਿ ਸੱਚ ਨੂੰ ਪ੍ਰਤੱਖ ਦੀ ਲੋੜ ਨਹੀਂ ਹੁੰਦੀ। ਸਟੇਜਾਂ ‘ਤੇ ਖੜ੍ਹੇ ਹੋ ਕੇ ਥਾਪੀਆਂ ਮਾਰਨੀਆਂ ਅਤੇ ਸ਼ਾਬਦਿਕ ਤੀਰ ਚਲਾਉਣੇ ਬਹੁਤ ਸੌਖੇ ਹੁੰਦੇ ਹਨ, ਪਰ ਜ਼ਮੀਨੀ ਪੱਧਰ (ਗਰਾਊਂਡ) ‘ਤੇ ਆ ਕੇ ਕੰਮ ਕਰਨਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਗਰਾਊਂਡ ‘ਤੇ ਅਸਲ ਕੰਮ ਨਹੀਂ ਕਰਾਂਗੇ, ਉਦੋਂ ਤੱਕ ਅਸੀਂ ਪੰਜਾਬ ਨੂੰ ਖੁਸ਼ਹਾਲ ਨਹੀਂ ਬਣਾ ਸਕਦੇ। ਉਨ੍ਹਾਂ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਕਿ ਉਹ ਸਿਰਫ਼ ਸਟੇਜਾਂ ‘ਤੇ ਹੀ ਤੀਰ ਟਿਕਾਣੇ ਨਾ ਲਗਾਉਣ, ਬਲਕਿ ਜ਼ਮੀਨੀ ਹਕੀਕਤ ਵਿੱਚ ਅਜਿਹੇ ਕੰਮ ਕਰਕੇ ਦਿਖਾਉਣ ਜਿਸ ਦਾ ਆਮ ਲੋਕਾਂ ਅਤੇ ਕਿਸਾਨਾਂ ਨੂੰ ਸਿੱਧਾ ਫਾਇਦਾ ਹੋ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





