(ਸਮਾਜ ਵੀਕਲੀ)
ਆਦਿ ਕਾਲ ਤੋਂ ਘੜਾ ਮਨੁੱਖ ਦੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਆਇਅ ਹੈ ਭਾਵੇਂ ਉਹ ਜਨਮ ਹੋਵੇ ਜਾਂ ਮੌਤ ।ਜਨਮ ਸਮੇਂ ਜੱਚਾ ਅਤੇ ਬੱਚਾ ਦੇ ਸਿਰਹਾਣੇ ਪਾਣੀ ਦਾ ਘੜਾ ਭਰ ਕੇ ਰੱਖਿਆ ਜਾਣਾ ਚੰਗਾ ਮੰਨਿਆ ਜਾਂਦਾ ਸੀ।ਅਤੇ ਕਿਸੇ ਮਨੁੱਖ ਦੀ ਮੌਤ ਹੋ ਜਾਣ ਉਪਰੰਤ ਹਿੰਦੂ ਰੀਤਾਂ ਅਨੁਸਾਰ ਮ੍ਰਿਤਕ ਦੀ ਦੇਹ ਦੇ ਚਾਰੇ ਪਾਸੇ ਪਾਣੀ ਡੋਲਦੇ ਹੋਏ ਉਸਦੇ ਸਿਰ ਕੋਲ ਲਿਜਾ ਕੇ ਪਾਣੀ ਦੀ ਘੜੀ ਤੋੜ ਕੇ ਉੱਚੀ ਦੇਣੇ ਧਾਹ ਮਾਰੀ ਜਾਂਦੀ ਸੀ ।ਆਖੰਡ ਪਾਠ , ਸਹਿਜ ਪਾਠ ਸਮੇਂ ਪਾਣੀ ਦਾ ਘੜਾ ਕੁੰਬ ਬਣ ਜਾਂਦਾ ਹੈ। ਮਨੁੱਖ ਵਾਂਗ ਘੜਾ ਵੀ ਪੰਜ ਤੱਤਾ ਨੂੰ ਮਿਲਾ ਕੇ ਬਣਦਾ ਹੈ।ਮਿੱਟੀ, ਪਾਣੀ, ਹਵਾ, ਅਕਾਸ ਅਤੇ ਅੱਗ । ਘੜਾ ਘੁਮਿਆਰ ਦੁਆਰਾ ਖਾਸ ਕਿਸਮ ਦੀ ਮਿੱਟੀ ਪਾਣੀ ਨਾਲ ਗੁੰਨ ਕੇ ਚੱਕ ਉੱਤੇ ਚੌਰਾਸੀ ਦੇ ਗੇੜੇ ਖਾਣ ਤੋਂ ਬਾਦ ਆਪਣਾ ਅਸਲ ਰੂਪ ਧਾਰਨ ਕਰਦਾ ਹੈ।
ਫਿਰ ਖੁੱਲੇ ਅਸਮਾਨ ਵਿੱਚ ਕੁਝ ਦਿਨ ਸੁੱਕਣ ਤੋਂ ਬਾਅਦ ਅੱਗ ਦੀ ਜੂਨ ਹੰਢਾ ਕੇ ਕੱਚੇ ਤੋਂ ਪੱਕੇ ਦੀ ਜੂਨੀ ਪੈਂਦਾ ਅਤੇ ਰੰਗ ਬਰੰਗੀਆਂ ਲਕੀਰਾਂ ਦਾ ਬਾਣਾ ਪਾ ਭਰ ਜ਼ੋਬਨ ਵਿੱਚ ਆਉਂਦਾ ਹੈ ।ਪੰਜਾਬ ਦੇ ਕਈ ਲੋਕ ਗੀਤਾਂ , ਮੁਹਾਵਰਿਆਂ ਅਤੇ ਅਖਾਣਾ ਵਿੱਚ ਘੜੇ ਦਾ ਜ਼ਿਕਰ ਆਉਂਦਾ ਹੈ।ਜਿਵੇਂ ਕੱਚਿਆ ਘੜਿਆ ਤੂੰ ਮੈਨੂੰ ਲਾਦੇ ਪਾਰ ਵੇ। ਘੜਾ ਵੱਜਦਾ ਘੜੋਲੀ ਵੱਜਦੀ , ਕਿਤੇ ਗਾਗਰ ਬਣਦੀ ਸੁਣ ਮੰਡਿਆ। ਵੇ ਮੈਂ ਤਿੜਕੇ ਘੜੇ ਦਾ ਪਾਣੀ , ਮੈਂ ਕੱਲ ਤੱਕ ਨਹੀਂ ਰਹਿਣਾ, ਪੁਰਾਣੇ ਸਮਿਆਂ ਵਿੱਚ ਜਦੋਂ ਹਾੜੀ ਸਾਉਣੀ ਆਉਣੀ ਤਾਂ ਘੁਮਿਆਰ ਮਿੱਟੀ ਦੇ ਭਾਡੇ ਲੈ ਕੇ ਘਰਾਂ ਵਿੱਚ ਆਉਂਦੇ ਖਾਸ ਕਰਕੇ ਘੜੇ, ਚਾਟੀ,ਮੱਘੇ, ਕੁੱਜੇ ਅਤੇ ਕੂਡੇ । ਹਰੇਕ ਅਮੀਰ ਗਰੀਬ ਘਰ ਦਾਣਿਆਂ ਬਦਲੇ ਕੋਈ ਵੀ ਮਿੱਟੀ ਦਾ ਭਾਂਡਾ ਖਰੀਦ ਲੈਂਦਾ ਸੀ।
ਇਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਸੀ ਕਿ ਹਰੇਕ ਘਰੇ ਦਾਣੇ ਉਦੋਂ ਆਮ ਹੁੰਦੇ ਹੋਣਗੇ।ਵੱਡੇ ਪਰਿਵਾਰਾਂ ਵਿੱਚ ਘਰ ਦੀਆਂ ਔਰਤਾਂ ਸਵੇਰੇ ਸ਼ਾਮ ਸਿਰਾਂ ਤੇ ਘੜੇ ਰੱਖ ਖੂਹਾਂ ਤੋਂ ਪਾਣੀ ਲਿਆਉ਼ਂਦੀਆਂ ਆਮ ਵੇਖੀਆ ਜਾ ਸਕਦੀਆਂ ਸਨ।ਇਹ ਪਰੰਪਰਾ ਭਾਰਤ ਦੇ ਕਈ ਪਿੰਡਾਂ ਵਿੱਚ ਹਾਲੇ ਵੀ ਚੱਲ ਰਹੀ ਹੈ।ਪਾਣੀ ਨੂੰ ਸੰਭਾਲ ਕੇ ਰੱਖਣ ਲਈ ਘੜਾ ਸਭ ਤੋ ਵੱਡਾ ਸਾਧਨ ਹੁੰਦਾ ਸੀ। ਦਸ ਪੰਦਰਾ ਘੜੇ ਹਰੇਕ ਘਰ ਵਿੱਚ ਪਾਣੀ ਪੀਣ ਲਈ ਰੱਖੇ ਹੁੰਦੇ ਸਨ।ਖੇਤੀ ਬੰਨੀ ਕੰਮ ਕਰਨ ਵਾਲੇ ਲੋਕ ਘੜੇ ਦਾ ਪਾਣੀ ਸਾਰੀ ਦਿਹਾੜੀ ਪੀਂਦੇ ਸਨ। ਕਈ ਪਿੰਡਾਂ ਵਿੱਚ ਤਾਂ ਲੋਕ ਇੰਨ੍ਹੇ ਬੁੱਧੀਮਾਨ ਹੁੰਦੇ ਸਨ ਕਿ ਦੂਰੋਂ ਨੇੜਿਉਂ ਆਉਣ ਵਾਲੇ ਰਾਹੀਂ ਪਾਂਧੀ ਲਈ ਥਾਂ ਥਾਂ ਪਾਣੀ ਦੇ ਘੜੇ ਭਰ ਕੇ ਰੱਖੇ ਜਾਂਦੇ ਸਨ। ਵੈਦ ਹਕੀਮ ਵੀ ਦੱਸਦੇ ਹਨ ਕਿ ਮਿੱਟੀ ਦੇ ਘੜੇ ਦਾ ਪਾਣੀ ਸਰੀਰ ਲਈ ਬਹੁਤ ਲਾਹੇਵੰਦ ਹੈ ਇਸ ਵਿੱਚ ਸਰੀਰ ਲਈ ਲੋੜੀਂਦੇ ਸਾਰੇ ਤੱਤ ਮੌਜੂਦ ਹੁੰਦੇ ਹਨ ,ਇਹ ਪਾਣੀ ਨੂੰ ਸਾਫ ਕਰਨ ਲਈ ਵੀ ਬਹੁਤ ਵਧੀਆ ਸਾਧਨ ਹੈ।
ਘੜੇ ਦੇ ਪਾਣੀ ਦੀ ਵਰਤੋਂ ਹਰ ਇੱਕ ਮੌਸਮ ਵਿੱਚ ਕੀਤੀ ਜਾ ਸਕਦੀ ਹੈ। ਸਵੇਰੇ ਉੱਠਣ ਸਮੇਂ ਘੜੇ ਦਾ ਪਾਣੀ ਪੀਣ ਨਾਲ ਮੇਹਦੇ ਦੀ ਗਰਮੀ ਦੂਰ ਹੁੰਦੀ ਹੈ ਅਤੇ ਖੂਨ ਸਾਫ ਹੁੰਦਾ ਹੈ। ਹੋਰ ਅਣਗਿਣਤ ਬਿਮਾਰੀਆਂ ਦਾ ਇਲਾਜ ਇਹ ਘੜੇ ਦਾ ਪਾਣੀ ਕਰਦਾ ਹੈ।ਇਹ ਘੜਾ ਕਈ ਵਾਰੀ ਲੋਕ ਸਾਜ ਵੀ ਬਦ ਜਾਂਦਾ ਸੀ ਘੜੇ ਨੂੰ ਚਮਚਿਆਂ ਦੀ ਮੱਦਦ ਨਾਲ ਆਮ ਹੀ ਵਜਾਇਆ ਜਾਂਦਾ ਰਿਹਾ ਹੈ ਤਾਂ ਹੀ ਤਾਂ ਕਿਹਾ ਜਾਂਦਾ ਸੀ ਘੜਾ ਵੱਜਦਾ ਘੜੋਲੀ ਵੱਜਦੀ , ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ।ਘੜਾ ਟੁੱਟਣ ਤੋਂ ਬਾਅਦ ਵੀ ਆਪਣੀ ਕੀਮਤੀ ਡੀਟੀਆਂ ਅਤੇ ਕਰੀਡਲ ਦੇ ਰੂਪ ਵਿੱਚ ਅਦਾ ਕਰਦਾ ਰਿਹਾ ਹੈ। ਪਰ ਬਹੁਤ ਅਫਸੋਸ਼ ਦੀ ਗੱਲ ਹੈ ਕਿ ਸਮੇਂ ਦੀ ਤੇਜ਼ ਦੋੜ ਵਿੱਚ ਘੜੇ ਬਣਾਉਣ ਦਾ ਲੋਕ ਕਿੱਤਾ ਵੀ ਡੁੱਬਣ ਕਿਨਾਰੇ ਹੈ ਕਿਉਂ ਕਿ ਅਸੀਂ ਆਪਣੇ ਆਪ ਨੂੰ ਜਿਆਦਾ ਪੜ੍ਹੇ ਲਿਖੇ ਸਮਝਣ ਲੱਗੇ ਹਾਂ ਤੇ ਘੜਿਆਂ ਵਿੱਚੋਂ ਪਾਣੀ ਪੀਣਾ ਸਾਨੂੰ ਸਾਡੀ ਸ਼ਾਨ ਦੇ ਖਿਲਾਫ ਲੱਗਦਾ ਹੈ। ਅਸੀਂ ਦੇਖਾ ਦੇਖੀ ਦੇ ਚੱਕਰਾਂ ਵਿੱਚ ਪਏ ਘੜੇ ਦੀ ਸ਼ੋਕਣ ਫਰਿੱਜ਼ਾਂ ਅਤੇ ਵਾਟਰ ਕੂਲਰਾਂ ਦਾ ਪਾਣੀ ਪੀ ਪੀ ਕੇ ਕਿੰਨ੍ਹੀਆਂ ਬਿਮਾਰੀਆਂ ਤਾਂ ਸਹੇੜ ਹੀ ਰਹੇ ਹਾਂ ਨਾਲ ਦੀ ਨਾਲ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਵਿੱਚੋਂ ਮਿੱਟੀ ਦੇ ਭਾਂਡਿਆਂ ਦੀ ਵਿਰਾਸਤ ਨੂੰ ਵੀ ਖਤਮ ਕਰ ਰਹੇ ਹਾਂ।
ਸਤਨਾਮ ਸਮਾਲਸਰੀਆ
9914298580
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly