ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਸਰਕਾਰ ਵਲੋਂ ਸਾਲ 2024 ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਮੁਹਿਮ ਤੇਜੀ ਨਾਲ ਚਲ ਰਹੀ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਜਾਣਕਾਰੀ ਦਿੱਤੀ ਗਈ ਕਿ ਕਰਾਪ ਰੈਜਿਡਿਓ ਮੈਨੇਜਮੈਂਟ ਸਕੀਮ ਸਾਲ 2024 ਲਈ ਝੋਨੇ ਦੀ ਪਰਾਲੀ ਦੀਆਂ ਸਾਭ-ਸੰਭਾਲ ਵਾਲੀਆਂ ਮਸ਼ੀਨਾਂ ਤੇ ਸਬਸਿਡੀ ਦੇਣ ਲਈ ਬਿਨੈਕਾਰਾਂ ਦੀ ਚੋਣ 23 ਜੁਲਾਈ 2024 ਨੂੰ ਸਵੇਰੇ 11:00 ਵਜੇ ਡੀ.ਸੀ ਦਫਤਰ ਵਿੱਖੇ ਕੀਤੀ ਜਾਣੀ ਹੈ। ਉਨ੍ਹਾਂ ਵਲੋਂ ਇਸ ਸਕੀਮ ਵਿੱਚ ਅਪਲਾਈ ਕੀਤੇ ਗਏ ਕਿਸਾਨਾਂ ਨੂੰ ਇਸ ਚੋਣ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਵਲੋਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਵੇ ਜਿਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।
ਇਸ ਸਬੰਧ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ.ਰਜਿੰਦਰ ਕੁਮਾਰ ਕੰਬੋਜ ਵਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਝੋਨੇ ਦੀ ਪਰਾਲੀ ਦੀ ਸਾਭ-ਸੰਭਾਲ ਵਾਲੀਆਂ ਕੁੱਲ 2357 ਮਸ਼ੀਨਾਂ ਉਪਲੱਬਧ ਹਨ। ਜਿਸ ਵਿੱਚ ਇੰਨ-ਸੀਟੂ ਵਾਲੀਆਂ ਮਸ਼ੀਨਾਂ ਜਿਵੇਂ ਕਿ ਸੁਪਰ ਸੀਡਰ, ਸਰਫੇਸ ਸੀਡਰ, ਹੈਪੀ ਸੀਡਰ, ਮਲਚਰ, ਸਮਾਰਟ ਸੀਡਰ, ਜ਼ੀਰੋ ਟਿੱਲ ਡਰਿਲ ਆਦਿ ਅਤੇ ਐਕਸ ਸੀਟੂ ਵਾਲੀਆ ਮਸ਼ੀਨਾਂ ਬੇਲਰ, ਰੇਕ ਅਤੇ ਕਰਾਪ ਰੀਪਰ ਅਦਿ ਉਪਲੱਬਧ ਹਨ। ਇੰਨ੍ਹਾਂ ਮਸ਼ੀਨਾਂ ਦਾ ਵੇਰਵਾ ਵਿਭਾਗ ਵਲੋਂ ਤਿਆਰ ਐਪ “ਆਈ-ਖੇਤ” ਮਸ਼ੀਨਰੀ ਤੇ ਉਪਲੱਬਧ ਹੈ। ਉਨ੍ਹਾ ਵਲੋਂ ਸਮੂਹ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly