- ਇਕ-ਦੂਜੇ ਖ਼ਿਲਾਫ਼ ਤਿੱਖੇ ਸ਼ਬਦ ਵਰਤਣ ਤੋਂ ਦੋਵਾਂ ਧਿਰਾਂ ਦੇ ਆਗੂਆਂ ਨੇ ਕੀਤਾ ਹੈ ਗੁਰੇਜ਼
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੀ ਰਾਜਨੀਤੀ ਵਿੱਚ ਢਾਈ ਦਹਾਕਿਆਂ ਤੱਕ ਗੱਠਜੋੜ ਤਹਿਤ ਚੋਣ ਰਾਜਨੀਤੀ ਵਿੱਚ ਦਬਦਬਾ ਬਣਾਈ ਰੱਖਣ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਵਾਰ ਮੁੜ ਇੱਕ ਦੂਜੇ ਦੇ ਨਜ਼ਦੀਕ ਆਉਣ ਦੇ ਆਸਾਰ ਬਣ ਗਏ ਹਨ। ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਡੇਰਾ ਸਿਰਸਾ ਅਤੇ ਡੇਰਾ ਬਿਆਸ ਵੱਲੋਂ ਕੀਤੀ ਹਮਾਇਤ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਉਸ ਤੋਂ ਇਹੀ ਕਿਆਫ਼ੇ ਲਾਏ ਜਾ ਰਹੇ ਹਨ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲਟਕਵੀਂ ਵਿਧਾਨ ਸਭਾ ਆਉਣ ਦੀ ਸੂਰਤ ਵਿੱਚ ਮੁੜ ਗੱਠਜੋੜ ਕਰਨ ਲਈ ਤਿਆਰ ਹੋ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਕਾਲੀ ਦਲ ਦੇ ਆਗੂਆਂ ਨੇ ਵੀ ਇਹ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਨਤੀਜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਜੇਕਰ ਗੱਠਜੋੜ ਦੀ ਜ਼ਰੂਰਤ ਪੈਂਦੀ ਹੈ ਤਾਂ ਦੋਵੇਂ ਪਾਰਟੀਆਂ ਇਸ ਦੇ ਲਈ ਸਰਗਰਮੀ ਨਾਲ ਕੰਮ ਕਰਨਗੀਆਂ।
ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜ਼ਿਆਦਾਤਰ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਗੱਠਜੋੜ ਦੇ ਉਮੀਦਵਾਰਾਂ ਦਰਮਿਆਨ ਟੱਕਰ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਸਾਰੀਆਂ ਪਾਰਟੀਆਂ ਵੱਲੋਂ ਭਾਵੇਂ ਸਪੱਸ਼ਟ ਬਹੁਮਤ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਪਰ ਇਹ ਸਿਆਸੀ ਧਿਰਾਂ ਗੱਠਜੋੜ ਲਈ ਵੀ ਸੋਚਣ ਲਈ ਮਜਬੂਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਲਟਵਕੀਂ ਵਿਧਾਨ ਸਭਾ ਆਉਣ ਦੀ ਸੂਰਤ ਵਿੱਚ ਕਾਂਗਰਸ ਜਾਂ ਆਮ ਆਦਮੀ ਪਾਰਟੀ ਨਾਲ ਤਾਂ ਗੱਠਜੋੜ ਸੰਭਵ ਨਹੀਂ ਹੈ। ਇਸ ਕਾਰਨ ਗੱਠਜੋੜ ਲਈ ਭਾਜਪਾ ਨਾਲ ਹੀ ਰਾਹ ਤਲਾਸ਼ਿਆ ਜਾ ਸਕਦਾ ਹੈ। ਇਸੇ ਤਰ੍ਹਾਂ ਦੀ ਦਲੀਲ ਭਾਜਪਾ ਆਗੂਆਂ ਵੱਲੋਂ ਵੀ ਦਿੱਤੀ ਜਾ ਰਹੀ ਹੈ। ਇੱਥੇ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇੱਕ-ਦੂਜੇ ਦੇ ਖਿਲਾਫ਼ ਚੁੱਭਵੀਂ ਬਿਆਨਬਾਜ਼ੀ ਤੋਂ ਗੁਰੇਜ਼ ਹੀ ਕੀਤਾ ਹੈ।
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ 2022 ਦੀਆਂ ਚੋਣਾਂ ਵਿੱਚ ਪਹਿਲੀ ਵਾਰੀ ਪਾਰਟੀ ਵੱਲੋਂ 70 ਤੋਂ ਵੱਧ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਭਾਈਵਾਲ ਵਜੋਂ ਹੀ ਵਿਚਰਦੀ ਹੀ ਹੈ। ਇਸ ਲਈ ਜੇਕਰ ਲਟਕਵੀਂ ਵਿਧਾਨ ਸਭਾ ਆਉਣ ਦੀ ਸੂਰਤ ਵਿੱਚ ਗੱਠਜੋੜ ਹੁੰਦਾ ਵੀ ਹੈ ਤਾਂ ਭਾਜਪਾ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਹੋਵੇਗੀ। ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਜ਼ਿਆਦਾ ਉਮੀਦਵਾਰ ਖੜ੍ਹੇ ਕਰਨ ਕਰਕੇ ਪਾਰਟੀ ਦਾ ਵੋਟ ਪ੍ਰਤੀਸ਼ਤ ਵਧਣਾ ਸੁਭਾਵਿਕ ਹੈ ਤੇ ਪਾਰਟੀ ਸੀਟਾਂ ਜਿੰਨੀਆਂ ਮਰਜ਼ੀ ਜਿੱਤੇ ਪਰ ਵੋਟ ਪ੍ਰਤੀਸ਼ਤ ਤਸੱਲੀਬਖਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਪਾਰਟੀ ਨੇ ਇੱਕ ਅਜ਼ਮਾਇਸ਼ ਵਜੋਂ ਲਿਆ ਹੈ ਤੇ ਭਵਿੱਖ ਵਿੱਚ ਜ਼ਿਆਦਾ ਤਿਆਰੀ ਨਾਲ ਮੈਦਾਨ ਵਿੱਚ ਉਤਰਿਆ ਜਾਵੇਗਾ। ਭਗਵਾਂ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਕਾਰਨ ਵੀ ਭਾਜਪਾ ਪੰਜਾਬ ਦੇ ਚੋਣ ਮੈਦਾਨ ਦੀ ਰਣਨੀਤੀ ਬਣਾਉਣ ਵਿੱਚ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਖੁੰਝ ਗਈ ਸੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ 1996 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਬਿਨਾਂ ਸ਼ਰਤ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਦੀ ਹਮਾਇਤ ਦਾ ਐਲਾਨ ਕਰਦਿਆਂ ਐਨ.ਡੀ.ਏ ’ਚ ਸ਼ਮੂਲੀਅਤ ਕਰ ਲਈ ਗਈ ਸੀ। ਉਸ ਤੋਂ ਬਾਅਦ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਵੱਲੋਂ ਸਾਲ 1997, ਸਾਲ 2007 ਅਤੇ 2012 ਵਿੱਚ ਸਰਕਾਰਾਂ ਬਣਾਈਆਂ ਗਈਆਂ। ਸਾਲ 2020 ਵਿੱਚ ਕੇਂਦਰੀ ਹਕੂਮਤ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਜਾਣ ਤੋਂ ਬਾਅਦ ਜਿਵੇਂ ਹੀ ਸੂਬੇ ਵਿੱਚ ਕਿਸਾਨੀ ਅੰਦੋਲਨ ਨੇ ਸਿਰ ਚੁੱਕਣਾ ਸ਼ੁਰੂ ਕੀਤਾ ਤਾਂ ਅਕਾਲੀ ਦਲ ਨੇ ਐਨ.ਡੀ.ਏ. ’ਚੋਂ ਬਾਹਰ ਆਉਣ ਦਾ ਐਲਾਨ ਕਰ ਦਿੱਤਾ ਸੀ ਤੇ ਕੇਂਦਰੀ ਮੰਤਰੀ ਵਜੋਂ ਹਰਸਿਮਰਤ ਕੌਰ ਬਾਦਲ ਨੇ ਵੀ ਸਤੰਬਰ 2020 ਵਿੱਚ ਅਸਤੀਫਾ ਦੇ ਦਿੱਤਾ ਸੀ। ਭਵਿੱਖ ਲਈ ਬਦਲ ਖੁੱਲ੍ਹੇ ਰੱਖਣ ਲਈ ਅਕਾਲੀ ਦਲ ਦੇ ਐਨ.ਡੀ.ਏ. ਤੋਂ ਬਾਹਰ ਆਉਣ ਤੋਂ ਬਾਅਦ ਵੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਇੱਕ ਦੂਜੇ ਖਿਲਾਫ਼ ਸੰਜਮ ਭਰੀ ਭਾਸ਼ਾ ਵਾਲੀ ਬਿਆਨਬਾਜ਼ੀ ਹੀ ਕੀਤੀ ਹੈ।
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਨਵੀਂ ਦਿੱਲੀ ਵਿੱਚ ਕਈ ਸਿਆਸੀ ਆਗੂਆਂ ਵੱਲੋਂ ਦੋਵਾਂ ਪਾਰਟੀਆਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਨੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਨਾਲ ਗੱਠਜੋੜ ਕੀਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly