(ਸਮਾਜ ਵੀਕਲੀ)
ਚਾੜ੍ਹ ਦਿਓ ਬੇਸ਼ੱਕ ਸੂਲ਼ੀ,
ਤਾਂ ਵੀ ਨਹੀਂ ਡਰਦਾ ਸੱਚ।
ਝੂਠ ਨੂੰ ਦੱਸੋ ਉੱਚਾ ਕਰਕੇ,
ਤਾਂ ਵੀ ਨਹੀਂ ਮਰਦਾ ਸੱਚ।
ਆਓ ਇਸ ਤਰ੍ਹਾਂ ਦੇ ਸ਼ੇਅਰ ਵਾਂਗ ਜ਼ਿੰਦਗੀ ਜਿਉਣ ਵਾਲੇ ਲੇਖਕ ਰਮੇਸ਼ਵਰ ਸਿੰਘ ਬਾਰੇ ਜਾਣਦੇ ਹਾਂ:-
ਮੈਂ ਇੱਕ ਲੇਖਿਕਾ ਹਾਂ ਤੇ ਮੈਨੂੰ ਅਕਸਰ ਹੀ ਬਹੁਤ ਸਾਰੇ ਪਾਠਕਾਂ ਦੇ ਫ਼ੋਨ ਆਉਂਦੇ ਰਹਿੰਦੇ ਹਨ । ਇੱਕ ਦਿਨ ਮੈਨੂੰ ਇੱਕ ਫ਼ੋਨ ਆਇਆ ਤੇ ਅੱਗੋਂ ਬਹੁਤ ਹੀ ਸਤਿਕਾਰਿਤ ਆਵਾਜ਼ ਮੇਰੇ ਕੰਨੀ ਪਈ।ਭੈਣ ਜੀ ਤੁਸੀਂ ਬਹੁਤ ਸੋਹਣਾ ਲਿਖਦੇ ਹੋ।ਤੁਸੀਂ ਮੈਨੂੰ ਵੀ ਆਪਣੀਆਂ ਰਚਨਾਵਾਂ ਭੇਜਿਆ ਕਰੋ। ਮੈਂ ਨਾਮ ਪੁੱਛਿਆ ਤਾਂ ਇਹ ਵੀਰ ਰਾਮੇਸ਼ਵਰ ਜੀ ਸਨ ਜਿਨ੍ਹਾਂ ਦੇ ਲੇਖ ਮੈਂ ਬਹੁਤ ਵਾਰ ਪੜ੍ਹੇ ਸਨ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਤਕਰੀਬਨ ਦਸ-ਬਾਰਾਂ ਅਖਬਾਰ ਜਿਹੜੇ ਆਮ ਕਾਫ਼ੀ ਚਰਚਿਤ ਆਨਲਾਇਨ ਹਨ, ਰੋਜ਼ਾਨਾ ਪੜ੍ਹਨਾ ਮੇਰਾ ਨਿੱਤਨੇਮ ਹੈ। ਹਰ ਰੋਜ਼ ਕੋਈ ਨਾ ਕੋਈ ਮੁੱਦਾ ਸਾਡੇ ਸਮਾਜ ਲਈ ਵੰਗਾਰ ਬਣ ਖੜ੍ਹਾ ਰਹਿੰਦਾ ਹੈ।
ਇਨ੍ਹਾਂ ਭੱਖਦੇ ਮੁੱਦਿਆਂ ਤੇ ਬਹੁਤ ਘੱਟ ਲੇਖਕ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਕਾਮਯਾਬ ਹੁੰਦੇ ਹਨ ਇਨ੍ਹਾਂ ਕਾਮਯਾਬ ਹੋਣ ਵਾਲੇ ਲੇਖਕਾਂ ਵਿੱਚੋਂ ਇੱਕ ਨਾਮ ਰਮੇਸ਼ਵਰ ਸਿੰਘ ਪਟਿਆਲਾ ਜਿਨ੍ਹਾਂ ਦੇ ਇਹਨਾਂ ਭੱਖਦੇ ਮੁੱਦਿਆਂ ਉੱਤੇ ਨਿਧੜਕ ਹੋ ਕੇ ਲਿਖੇ ਲੇਖ ਮੈਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੀ ਹਾਂ ।ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਮਨ ਦੀ ਹਾਲਤ ਪਿੰਜਰੇ ਵਿੱਚ ਫ਼ਸੇ ਪੰਛੀ ਵਰਗੀ ਹੋ ਜਾਂਦੀ ਹੈ। ਚੀਕ ਦੁਹਾਈ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ , ਕਿ ਕਿਵੇਂ ਸਾਨੂੰ ਭਰਮਾਂ ਕੇ ਸਾਡੇ ਨਾਲ ਕੀ-ਕੀ ਸ਼ੋਸ਼ਣ ਹੋ ਰਿਹਾ ਹੈ ? ਕਿਵੇਂ ਸਾਡੀ ਨੌਜ਼ਵਾਨੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ?ਕਿਵੇਂ ਸਾਡੀ ਪੰਜਾਬੀ ਮਾਂ ਬੋਲੀ ਨੂੰ ਖੋਰਾ ਲਾਇਆ ਜਾ ਰਿਹਾ ਹੈ? …ਆਦਿ ਕਈ ਮੁੱਦਿਆਂ ਨੂੰ ਬੇ-ਨਕਾਬ ਕਰਨ ਵਾਲ਼ਾ ਲੇਖ਼ਕ ਜਿਹਨਾਂ ਨੂੰ ਮੈਂ ਦਿਲ ਹੀ ਦਿਲ ਆਪਣਾ ਉਸਤਾਦ ਵੀ ਮੰਨਦੀ ਹਾਂ, ਉਹ ਹਨ ਰਮੇਸ਼ਵਰ ਸਿੰਘ ਪਟਿਆਲਾ ।
ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿ ਇੰਨੇ ਵੱਡੇ ਮਹਾਨ ਲੇਖਕ ਨੇ ਮੈਨੂੰ ਫ਼ੋਨ ਕੀਤਾ ਹੈ। ਓਦੋਂ ਤੋਂ ਮੈਂ ਅਕਸਰ ਆਪਣੀਆਂ ਰਚਨਾਵਾਂ ਉਹਨਾਂ ਨੂੰ ਭੇਜ ਦਿੰਦੀ ਹਾਂ। ਕਿਉਂਕਿ ਨੌਕਰੀ ਕਰਕੇ ਮੈਂ ਕਾਫ਼ੀ ਵਿਅਸਤ ਰਹਿੰਦੀ ਹਾਂ ਤੇ ਕਈ ਵਾਰੀ ਰਚਨਾਵਾਂ ਵੱਖ-ਵੱਖ ਅਖਬਾਰਾਂ ਨੂੰ ਭੇਜਣ ਦਾ ਸਮਾਂ ਨਹੀਂ ਮਿਲ਼ ਪਾਉਂਦਾ। ਇਹ ਮੇਰੇ ਵੀਰ ਇੰਨੇ ਵਧੀਆ ਸਾਹਿਤ ਦੀ ਕਦਰ ਕਰਨ ਵਾਲੇ ਹਨ ਕਿ ਮੇਰੇ ਇਲਾਵਾ ਹੋਰ ਵੀ ਕਈ ਵੀਰਾਂ ਤੇ ਭੈਣਾਂ ਦੀਆਂ ਰਚਨਾਵਾਂ ਲਗਾਤਾਰ ਵੱਖ ਵੱਖ ਅਖਬਾਰਾਂ ਨੂੰ ਭੇਜਣ ਦੀ ਸੇਵਾ ਨਿਭਾ ਰਹੇ ਹਨ।ਜਦੋਂ ਵੀ ਫੋਨ ਕਰੀਏ ਤਾਂ ਹਮੇਸ਼ਾਂ ਹੀ ਸਤਿਕਾਰ ਭਰੀ ਆਵਾਜ਼ ਵਿੱਚ ਭੈਣ ਜੀ ਕਹਿ ਕੇ ਬੋਲਦੇ ਹਨ।ਜਦੋਂ ਪਹਿਲੀ ਵਾਰ ਮੈਂ ਕਿਹਾ ਸੀ ਕਿ ਵੀਰ ਜੀਓ ਮੈਂ ਵੀ ਤੁਹਾਡੇ ਲੇਖ ਪੜ੍ਹਨ ਵਾਲੀ ਛੋਟੀ ਜਿਹੀ ਪਾਠਕ ਹਾਂ। ਅੱਗੋਂ ਆਪ ਨੇ ਹੱਸਦੇ ਹੋਏ ਕਿਹਾ ” ਭੈਣੇ ਮੈਂ ਆਪਣੇ ਆਪ ਨੂੰ ਕੋਈ ਵੱਡਾ ਲੇਖਕ ਤਾਂ ਮੰਨਦਾ ਨਹੀਂ ਹਾਂ। ਫ਼ਿਰ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਲੇਖ ਪੜ੍ਹਦੇ ਹੋ। ਮੇਰੇ ਪੁੱਛਣ ਤੇ ਆਪ ਨੇ ਦੱਸਿਆ ਮੇਰਾ ਜਨਮ ਪਿੰਡ ਸਹਾਰਨ ਮਾਜਰਾ, ਜਿਲ੍ਹਾ ਲੁਧਿਆਣਾ ਪਿਤਾ ਪ੍ਰੀਤਮ ਸਿੰਘ ਮਾਤਾ ਮਨਜੀਤ ਕੌਰ ਦੀ ਕੁੱਖੋਂ ਸੰਨ 1960 ਨੂੰ ਜੂਨ ਮਹੀਨੇ ਹੋਇਆ ਪਰ ਤਰੀਕ ਦਾ ਸਹੀ ਪਤਾ ਨਹੀਂ। ਆਪ ਦੇ ਮਾਤਾ ਕਹਿੰਦੇ ਸਨ ਕਿ ਜਨਮ ਉਦੋਂ ਹੋਇਆ ਜਦੋਂ ਇਕਾਦਸ਼ੀ ਨੂੰ ਠੰਡੀ ਲੱਸੀ ਦੇ ਲੰਗਰ ਲਾਉਂਦੇ ਸੀ । ਆਪ ਸਧਾਰਨ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਨਾਨਕਾ ਪਿੰਡ ਲੋਹਾਰਾ ਮਾਜਰਾ , ਜਿਲ੍ਹਾ ਸੰਗਰੂਰ ਵਿਖੇ ਆਪਨੇ ਆਪਣਾ ਮਲੂਕ ਬਚਪਨ ਅਤੇ ਜਵਾਨੀ ਦਾ ਤਿੱਖੜ ਦੁਪਹਿਰਾ ਗੁਜ਼ਾਰਿਆ। ਨਾਨਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਮੁੱਖ ਆਧਿਆਪਕ ਅਤੇ ਗੀਤਕਾਰ ਹਰਨੇਕ ਸਿੰਘ ਸੋਹੀ ਨੇ ਆਪ ਦੀ ਕਾਬਲੀਅਤ ਨੂੰ ਉਸ ਸਮੇਂ ਪਛਾਣ ਲਿਆ ਜਦੋਂ ਉਹ ਹੋਰ ਸਕੂਲਾਂ ਨੂੰ ਭੇਜਣ ਲਈ ਚਿੱਠੀਆਂ ਲਿਖਣ ਲਈ ਕਹਿੰਦੇ ਸਨ। ਚਿੱਠੀਆਂ ਪੜ੍ਹ ਕੇ ਉਹ ਕਹਿੰਦੇ ਤੂੰ ਇੱਕ ਦਿਨ ਜ਼ਰੂਰ ਲੇਖਕ ਬਣੇਗਾ। ਉਸ ਤੋਂ ਬਾਅਦ ਆਪਨੇ ਮੋਦੀ ਕਾਲਜ ਪਟਿਆਲਾ ਵਿਖੇ ਬੀ.ਏ. ਦੀ ਡਿਗਰੀ ਕਰਨ ਤੋਂ ਬਾਦ ਮਰਚੈਂਟ ਨੇਵੀ ਵਿੱਚ ਨੌਕਰੀ ਕਰ ਲਈ।
ਇਸ ਤੋਂ ਬਾਅਦ ਆਪ ਦਾ ਵਿਆਹ ਹੋਇਆ ਅਤੇ ਘਰ ਵਿੱਚ ਇੱਕ ਬੇਟੇ ਗੁਰਇੱਕ ਸਿੰਘ ਦਾ ਜਨਮ ਹੋਇਆ ਜੋ ਕਾਲਜ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਲਈ ਕੈਨੇਡਾ ਵਿੱਚ ਰਹਿ ਰਿਹਾ ਹੈ। ਪਤਨੀ ਬਲਵਿੰਦਰ ਕੌਰ ਸਕੂਲ ਟੀਚਰ ਹੈ ਅਤੇ ਆਪ ਦੀ ਲੇਖਣੀ ਵਿੱਚ ਬਹੁਤ ਮੱਦਦ ਕਰਦੇ ਹਨ , ਜਿਵੇਂ ਸਮੇਂ ਸਮੇਂ ‘ਤੇ ਚਾਹ-ਪਾਣੀ ਬਣਾ ਕੇ ਦੇਣਾ , ਮਿਲਣ ਆਏ ਪਾਠਕਾਂ ਲਈ ਨਾਸ਼ਤੇ ਪਾਣੀ ਦਾ ਪ੍ਰਬੰਧ ਕਰਨਾ। ਆਪ ਦੱਸਦੇ ਹਨ ਕਿ ਮੇਰੇ ਲੇਖ ਪੜ੍ਹਨ ਵਾਲੀ ਮੇਰੀ ਪਹਿਲੀ ਪਾਠਕ ਮੇਰੀ ਪਤਨੀ ਹੈ । ਜਿੰਨੇ ਜ਼ਿਆਦਾ ਆਪ ਆਪਣੀ ਲੇਖਣੀ ਵਿੱਚ ਸਾਫ ਅਤੇ ਸਪੱਸ਼ਟ ਹਨ ਉਸ ਤੋਂ ਜ਼ਿਆਦਾ ਉੱਚੀ-ਸੁੱਚੀ ਸਖਸ਼ੀਅਤ ਅਤੇ ਮਿਲਣਸਾਰਤਾ ਵਾਲੇ ਇਨਸਾਨ ਹਨ।ਜਦੋਂ ਆਪ ਤੋਂ ਪੁੱਛਿਆ ਗਿਆ ਕਿ ਆਪ ਕਿਸ ਧਰਮ ਨੂੰ ਮੰਨਦੇ ਹੋ ਤਾਂ ਆਪ ਦਾ ਜਵਾਬ ਸੀ ਕਿ ਮੈਂ ਬਾਬੇ ਨਾਨਕ ਤੋਂ ਸਿਵਾਏ ਹੋਰ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਉਨ੍ਹਾਂ ਦੀ ਵਿਚਾਰਧਾਰਾ ਉੱਪਰ ਚੱਲਦਾ ਹਾਂ ਤੇ ਆਪਣੇ ਦੇਸ਼ ਵਾਸੀਆਂ ਨੂੰ ਵੀ ਇਸੇ ਵਿਚਾਰਧਾਰਾ ਨੂੰ ਜੀਵਨ ਵਿੱਚ ਅਪਣਾਉਣ ਲਈ ਕਹਿੰਦਾ ਹਾਂ।
ਆਪ ਨੇ ਲੱਗਭੱਗ ਤਿੰਨ ਦਹਾਕੇ ਮਰਚੈਂਟ ਨੇਵੀ ਦੀ ਨੌਕਰੀ ਕੀਤੀ ਅਤੇ ਹੋਰ ਦੇਸ਼ਾਂ ਵਿੱਚ ਸੱਤ ਸਮੁੰਦਰ ਪਾਰ ਘੁੰਮਦੇ ਰਹੇ ਅਤੇ ਜ਼ਿੰਦਗੀ ਦੀਆਂ ਕਈ ਧੁੱਪਾਂ ਛਾਵਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ। ਇਹ ਲਿਖਣ ਵਾਲੇ ਪਾਸੇ ਕਿਸ ਤਰ੍ਹਾਂ ਰੁਝਾਨ ਆਇਆ ਪੁੱਛਣ ਤੇ ਆਪ ਦਾ ਕਹਿਣਾ ਸੀ ਕਿ ਪੰਜਾਬੀ ਟ੍ਰਿਬਿਊਨ ਅਖਬਾਰ ਆਪਣੀ ਨੌਕਰੀ ਦੌਰਾਨ ਵੀ ਕੋਰੀਅਰ ਕਰਵਾ ਕੇ ਵੀ ਪੜ੍ਹਦਾ ਹੁੰਦਾ ਸੀ ਅਤੇ ਲੇਖਕਾਂ ਦੀਆਂ ਲਿਖੀਆਂ ਰਚਨਾਵਾਂ ਦੇ ਜਵਾਬ ਚਿੱਠੀਆਂ ਦੇ ਰੂਪ ਵਿੱਚ ਦਿੰਦਾ ਸੀ, ਇੱਕ ਦਿਨ ਅਖਬਾਰ ਦੇ ਸੰਪਾਦਕ ਸਾਹਿਬ ਦਾ ਫੋਨ ਆਇਆ, ਤੁਸੀਂ ਅਖ਼ਬਾਰ ਦੀਆਂ ਰਚਨਾਵਾਂ ਤੇ ਚਿੱਠੀਆਂ ਬਹੁਤ ਵਧੀਆ ਲਿਖਦੇ ਹੋ, ਤੁਸੀਂ ਲੇਖ ਬਹੁਤ ਵਧੀਆ ਲਿਖ ਸਕਦੇ ਹੋ ,ਲੇਖ ਲਿਖਿਆ ਕਰੋ।
ਇਸ ਤਰ੍ਹਾਂ ਮੈਂ ਲੇਖ ਲਿਖਣੇ ਸ਼ੁਰੂ ਕੀਤੇ ਅਤੇ ਛੱਪਣਾ ਸ਼ੁਰੂ ਹੋ ਗਿਆ।ਹੁਣ ਤੱਕ ਆਪ ਭਾਰਤ ਦੇ ਇੱਕ ਸੱਚੇ ਸਪੂਤ ਵਾਂਗ ਸਮਾਜ ਵਿੱਚ ਫੈਲੀਆਂ ਅਣਗਿਣਤ ਅਲਾਮਤਾ ਜੜ੍ਹੋਂ ਉਖਾੜਨ ਦਾ ਪ੍ਰਣ ਕਰ ਚੁੱਕੇ ਹਨ ਤੇ ਕਾਫੀ ਹੱਦ ਤੱਕ ਉਸ ਵਿੱਚ ਸਫ਼ਲ ਵੀ ਹੋਏ ਹਨ ਆਪ ਵੱਲੋਂ ਲਿਖੇ ਅਣਗਿਣਤ ਲੇਖਾਂ ਦੇ ਵਿਸ਼ੇ ‘ਨਸ਼ਿਆਂ ਵਿੱਚ ਗਰਕਦੀ ਜਵਾਨੀ ਲਈ ਜਿੰਮੇਵਾਰ ਕੋਣ?’ ‘ਅਜੋਕੀ ਗਾਇਕੀ ਦਾ ਸੱਚ’, ‘ਪੰਜਾਬੀ ਤੋਂ ਦੂਰ ਜਾ ਰਿਹਾ ਦੂਰਦਰਸ਼ਨ’, ‘ਸ਼ੋਰ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ’, ‘ਮਹਿੰਗਾਈ’, ‘ਬੇਰੁਜ਼ਗਾਰੀ’, ‘ਸੜਕਾਂ ‘ਤੇ ਪਸ਼ੂਆਂ ਦੀ ਦਹਿਸ਼ਤ ਸਰਕਾਰ ਮੌਨ’, ‘ਤਿੜਕ ਰਹੇ ਸਮਾਜਿਕ ਰਿਸ਼ਤੇ’, ‘ਔਰਤਾਂ ਦੀ ਦੁਰਦਸ਼ਾ’ ਆਦਿ ਪਤਾ ਨਹੀਂ ਕਿੰਨੇ ਅਣਗਿਣਤ ਲੇਖ। ਇਹਨਾਂ ਦੇ ਕਈ ਲੇਖਾਂ ਨੂੰ ਪੜ੍ਹ ਕੇ ਕਈ ਲੀਡਰਾਂ, ਬਾਬਿਆਂ, ਦੂਰਦਰਸ਼ਨ ਦੇ ਕਰਮਚਾਰੀਆਂ , ਕਈ ਹੋਰ ਚਮਚਾਗਿਰੀ ਕਰਨ ਵਾਲਿਆਂ ਦੇ ਫੋਨ ਆਉਂਦੇ ਹਨ,ਧਮਕੀਆਂ ਜਿਹੀਆਂ ਦਿੰਦੇ ਹਨ ਪਰ ਆਪ ਦਾ ਜਵਾਬ ਹੁੰਦਾ ਹੈ ਕਿ ਮੈਂ ਬਾਬੇ ਨਾਨਕ ਤੋਂ ਸਵਾਏ ਹੋਰ ਕਿਸੇ ਲੱਲੀ-ਛੱਲੀ ਤੋਂ ਨਹੀਂ ਡਰਦਾ ਇਹ ਗੱਲ ਸਿਰਫ਼ ਆਪ ਦੇ ਕਹਿਣ ਦੀ ਹੀ ਨਹੀ ਆਪ ਦੇ ਲੇਖਾਂ ਅੰਦਰ ਭਲੀ-ਭਾਂਤ ਵੇਖੀ ਜਾ ਸਕਦੀ ਹੈ। ਨਿਰਪੱਖਤਾ, ਨਿੱਡਰਤਾ, ਦਲੇਰੀ ਆਪ ਦੀ ਲੇਖਣੀ ਨੂੰ ਚਾਰ ਚੰਨ ਲਗਾ ਦਿੰਦੇ ਹਨ ਤਾਂ ਹੀ ਤਾਂ ਆਪ ਦੇ ਇਲਾਕੇ ਦੇ ਦੋ ਸ਼ਹਿਰ ਜਿੱਥੇ ਕਦੇ ਕੋਈ ਲਾਊਡ ਸਪੀਕਰ ਨਹੀਂ ਵੱਜਦਾ ਸੁਣਿਆ, ਕਈ ਲੇਖਕ ਜਿਨ੍ਹਾਂ ਦੀਆਂ ਲਿਖਤਾਂ ਦੇ ਸਹੀ ਤੱਥ ਸਾਹਮਣੇ ਲਿਆਂਦੇ ਤਾਂ ਮੂੰਹ ‘ਚ ਉਂਗਲਾਂ ਪਵਾ ਦਿੱਤੀਆ ਅਤੇ ਅਖਬਾਰਾਂ ਨੇ ਛਾਪਣੇ ਬੰਦ ਕਰ ਦਿੱਤੇ।
ਜਦੋਂ ਦੂਰਦਰਸ਼ਨ ਪੰਜਾਬੀ ਸਬੰਧੀ ਲੇਖਾਂ ਬਾਰੇ ਗੱਲ ਹੋਈ ਤਾਂ ਆਪ ਨੇ ਕਿਹਾ ਕਿ ਇਹ ਖੁਦ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਸਾਰ ਗਲਤ ਕਰ ਰਹੇ ਹਨ ਆਪਣੀਆਂ ਐਂਕਰਾਂ ਦੇ ਵਾਲ ਖੁੱਲ੍ਹੇ ਛੱਡ, ਜੇਠ ਹਾੜਾਂ ‘ਚ ਪੈਂਟ ਕੋਟ ਪਾ ਕੇ ਕਿਹੜੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰ ਰਹੇ, ਹਨ। ਇਹ ਤਾਂ ਪੰਜਾਬੀ ਮਾਂ ਬੋਲੀ ਦਾ ਜਲੂਸ ਕੱਢ ਰਹੇ ਹਨ ਬਾਕੀ ਰਹਿੰਦੀ ਖੂਹਦੀ ਕਸਰ ਆਹ ਗੀਤਕਾਰ ਤੇ ਗਾਇਕ ਕੱਢੀ ਜਾਂਦੇ ਹਨ । ਪਰ ਆਪ ਦਾ ਕਹਿਣਾ ਹੈ ਜਿੰਨਾ ਚਿਰ ਇਸ ਸਰੀਰ ਵਿੱਚ ਸਾਹ ਚੱਲਦੇ ਹਨ ਮੈਂ ਪਿੱਛੇ ਹੱਟਣ ਵਾਲ਼ਾ ਨਹੀਂ।
ਕਈ ਲੇਖਕ ਅਜਿਹੇ ਹੁੰਦੇ ਹਨ ਕਿ ਜਿੰਨ੍ਹਾਂ ਦੀ ਜ਼ਿੰਦਗੀ ਬਾਰੇ ਜਾਣਕੇ ਇੰਝ ਮਹਿਸੂਸ ਹੁੰਦਾ ਹੈ ਜ਼ਿੰਦਗੀ ਹੋਵੇ ਤਾਂ ਏਦਾਂ ਦੀ ਹੋਵੇ ਨਹੀਂ ਤਾਂ ਨਾ ਹੋਵੇ। ਅਜਿਹੀ ਫ਼ਿਤਰਤ ਦੇ ਮਾਲਕ ਹਨ ਰਮੇਸ਼ਵਰ ਸਿੰਘ।ਉਨ੍ਹਾਂ ਨੂੰ ਸਾਹਿਤਕ ਤੇ ਸਮਾਜਿਕ ਜਥੇਬੰਦੀਆਂ ਪੁਰਸਕਾਰ ਤੇ ਸਨਮਾਨਿਤ ਕਰਨ ਲਈ ਬੁਲਾਉਂਦੀਆਂ ਹਨ, ਅਜਿਹੇ ਸਨਮਾਨਾਂ ਤੇ ਪੁਰਸਕਾਰਾਂ ਨੂੰ ਸਪੱਸ਼ਟ ਨਾਂਹ ਕਰਦੇ ਹਨ ਕਿਉਂਕਿ ਅਸਲੀ ਸਨਮਾਨ ਉਹ ਆਪਣੇ ਪਾਠਕਾਂ ਨੂੰ ਮੰਨਦੇ ਹਨ , ਜਿੰਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਲਿਖਣ ਲਈ ਹੌਂਸਲਾ ਮਿਲ਼ਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਸੇਵਕ, ਬੀ.ਟੀ.ਟੀ ਨਿਊਜ਼, ਪ੍ਰਾਈਮ ਉਦੈ, ਪੰਜਾਬੀ ਸਾਂਝ, ਡੇਲੀ ਹਮਦਰਦ, ਸਮਾਜ ਵੀਕਲੀ, ਪ੍ਰੀਤਨਾਮਾ, ਸਾਡੇ ਲੋਕ ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਤੇ ਹੋਰ ਅਨੇਕਾਂ ਰੋਜ਼ਾਨਾ ਤੇ ਸਪਤਾਹਿਕ ਅਖਬਾਰਾਂ ਵਿਚ ਉਨ੍ਹਾਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ।ਇੱਕ ਮੈਂ ਉਨ੍ਹਾਂ ਵਿੱਚ ਖ਼ਾਸੀਅਤ ਵੇਖੀ ਹੈ ਸੋਸ਼ਲ ਮੀਡੀਆ ਤੇ ਕਿਸੇ ਵੀ ਲੇਖਕ ਦੀ ਉਨ੍ਹਾਂ ਨੂੰ ਰਚਨਾ ਚੰਗੀ ਲੱਗੇ ਤਾਂ ਉਸ ਲੇਖਕ ਤਕ ਪਹੁੰਚ ਕਰਦੇ ਹਨ, ਤੇ ਲੇਖਕ ਦੀਆਂ ਰਚਨਾਵਾਂ ਬਾਰੇ ਵਿਚਾਰ ਚਰਚਾ ਤਾਂ ਕਰਦੇ ਹੀ ਹਨ ਤੇ ਅਖ਼ਬਾਰਾਂ ਵਿੱਚ ਛਪਵਾਉਣ ਦਾ ਉਪਰਾਲਾ ਵੀ ਕਰਦੇ ਹਨ।ਹੱਸਦੇ ਹੋਏ ਕਹਿੰਦੇ ਹਨ ਕਿ ਬਹੁਤ ਅਖ਼ਬਾਰਾਂ ਵਾਲੇ ਕਹਿੰਦੇ ਹਨ ਕਿ ਤੁਸੀਂ ਹੋਰ ਲੇਖਕਾਂ ਦੀਆਂ ਰਚਨਾਵਾਂ ਸਾਡੇ ਕੋਲ ਛੱਪਣ ਲਈ ਭੇਜਦੇ ਹੋ ਉਨ੍ਹਾਂ ਤੋਂ ਕਿੰਨੇ ਪੈਸੇ ਵਸੂਲ ਕਰਦੇ ਹੋ।ਉਨ੍ਹਾਂ ਨੇ ਕਿਹਾ ਮੇਰਾ ਮਕਸਦ ਹੈ ਮਾਂ ਬੋਲੀ ਦੀ ਸੇਵਾ ਲਈ ਸਾਹਿਤਕਾਰਾਂ ਪਾਠਕਾਂ ਨੂੰ ਨਾਲ ਜੋੜਨਾ ਮੇਰੇ ਲਈ ਇਹ ਕੋਈ ਧੰਦਾ ਨਹੀਂ ,ਸੇਵਾ ਹੈ। ਮੈਨੂੰ ਮਾਣ ਹੈ ਮੈਂ ਇਨ੍ਹਾਂ ਤੋਂ ਕਲਮ ਚਲਾਉਣ ਦੀ ਬਹੁਤ ਵਧੀਆ ਸਿੱਖਿਆ ਲਈ ਹੈ ਤੇ ਮੇਰੀਆਂ ਰਚਨਾਵਾਂ ਵੀ ਵੱਖ ਵੱਖ ਅਖ਼ਬਾਰਾਂ ਵਿਚ ਛੱਪਦੀਆਂ ਹਨ।
ਸ਼ਾਲਾ !ਭਾਰਤ ਦੇ ਇਸ ਸੱਚੇ ਸਪੂਤ ਦੀ ਉਮਰ ਲੋਕ ਗੀਤਾਂ ਜਿੰਨੀ ਲੰਬੀ, ਕਲਮ ਲਈ ਸ਼ਬਦਾਂ ਦੇ ਭਰੇ ਸਮੁੰਦਰ, ਹਿੰਮਤ ਅਤੇ ਦਲੇਰੀ ਦਾ ਖੁੱਲ੍ਹਾ ਆਸਮਾਨ ਅਤੇ ਪਾਠਕਾਂ ਦੇ ਪਿਆਰ ਦੇ ਵਹਿੰਦੇ ਝਰਨੇ ਹਮੇਸ਼ਾ ਵਹਿੰਦੇ ਰਹਿਣ।
ਆਖਿਰ ਵਿੱਚ ਉਹ ਆਪਣੇ ਪਾਠਕਾਂ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਚੰਗੇ ਲੇਖਕਾਂ ਨੂੰ ਇਸ ਸ਼ੇਅਰ ਰਾਹੀਂ ਸੁਨੇਹਾ ਇਉਂ ਦਿੰਦੇ ਹਨ :
ਮਿਸ਼ਾਲਾਂ ਬਾਲ ਕੇ ਰੱਖਣਾ,
ਜਦੋਂ ਤੱਕ ਰਾਤ ਬਾਕੀ ਹੈ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਮੋ.9464633059