ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਊੜੇ (ੳ) ਅੱਖਰ ਦੀ ਸਥਿਤੀ

(ਸਮਾਜ ਵੀਕਲੀ)

ਕਿਹਾ ਜਾਂਦਾ ਹੈ ਕਿ ਪੰਜਾਬੀ ਬੋਲੀ ਭਾਰਤ ਦੀਅਾਂ ਸਭ ਤੋਂ ਪੁਰਾਤਨ ਬੋਲੀਆਂ ਵਿੱਚੋਂ ਇੱਕ ਹੈ। ਦੁਨੀਆ ਦਾ ਸਭ ਤੋਂ ਪ੍ਰਾਚੀਨ ਧਾਰਮਿਕ ਗ੍ਰੰਥ ‘ਰਿਗਵੇਦ’ ਵੀ ਪੰਜਾਬ ਦੀ ਇਸ ਪਵਿੱਤਰ ਧਰਤੀ ਉੱਤੇ ਉਸ ਸਮੇਂ ਦੀ ਭਾਸ਼ਾ ‘ਵੈਦਿਕ ਸੰਸਕ੍ਰਿਤ’ ਜਾਂ ‘ਛਾਂਦਸਿ’ ਵਿੱਚ ਹੀ ਲਿਖਿਆ ਗਿਆ ਸੀ।
ਉਂਞ ਤਾਂ ਪੰਜਾਬੀ ਬੋਲੀ ਵਿੱਚ ਸਮੇਂ-ਸਮੇਂ ‘ਤੇ ਵੱਖ-ਵੱਖ ਰਾਜਨੀਤਿਕ ਕਾਰਨਾਂ ਕਰਕੇ ਬਹੁਤ ਸਾਰੀਆਂ ਬਾਹਰੀ ਬੋਲੀਆਂ ਦੇ ਸ਼ਬਦ ਸ਼ਾਮਲ ਹੁੰਦੇ ਰਹੇ ਹਨ ਪਰ ਪੰਜਾਬੀ ਬੋਲੀ ਦੀ ਇਹ ਸਿਫ਼ਤ ਰਹੀ ਹੈ ਕਿ ਇਹ ਉਹਨਾਂ ਬੋਲੀਆਂ ਦੇ ਸ਼ਬਦਾਂ ਨੂੰ ਆਪਣੇ ਮੁਹਾਂਦਰੇ ਅਤੇ ਲੋਕ-ਉਚਾਰਨ ਅਨੁਸਾਰ ਢਾਲ਼ ਕੇ ਆਪਣੇ ਵਿੱਚ ਸਮੋਂਦੀ ਰਹੀ ਹੈ।

ਕੋਈ ਵੀ ਬੋਲੀ ਪਹਿਲਾਂ ਜਨਮ ਲੈਂਦੀ ਹੈ ਅਤੇ ਉਸ ਦੀ ਵਿਆਕਰਨ ਦੇ ਨਿਯਮ ਉਸ ਦੇ ਰੂਪ ਅਤੇ ਵਰਤਾਰੇ ਅਨੁਸਾਰ ਬਾਅਦ ਵਿੱਚ ਨਿਰਧਾਰਿਤ ਕੀਤੇ ਜਾਂਦੇ ਹਨ। ਵਿਆਕਰਨ ਦੇ ਇਹਨਾਂ ਨਿਯਮਾਂ ਵਿਚੋਂ ਸ਼ਬਦ-ਜੋੜਾਂ ਦੀ ਸ਼ੁੱਧਤਾ ਵੀ ਇਸੇ ਵਰਤਾਰੇ ਦਾ ਇਕ ਅਭਿੰਨ ਅੰਗ ਹੈ। ਸ਼ਬਦ ਜੋੜਾਂ ਦੀ ਸ਼ੁੱਧਤਾ ਕਾਰਨ ਹੀ ਕੋਈ ਬੋਲੀ ਸੁਚੱਜਾ ਅਤੇ ਸੁੰਦਰ ਰੂਪ ਧਾਰਨ ਕਰ ਸਕਦੀ ਹੈ। ਪੰਜਾਬੀ ਬੋਲੀ ਦੇ ਸ਼ਬਦ-ਜੋੜਾਂ ਵਿੱਚ ਇਕਸਾਰਤਾ ਪੈਦਾ ਕਰਨ ਤੇ ਪੰਜਾਬੀ ਸ਼ਬਦ-ਜੋੜਾਂ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਦੀ ਖਾਤਰ ਵਿਦਵਾਨ ਸਮੇਂ-ਸਮੇਂ ‘ਤੇ ਕੁਝ ਨਿਯਮ ਬਣਾਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੀ ਬੋਲੀ ਨੂੰ ਹੋਰ ਵੀ ਖ਼ੂਬਸੂਰਤ ਬਣਾਉਣ ਦੇ ਸਮਰੱਥ ਹੁੰਦੇ ਹਾਂ। ਅਜੋਕੀ ਪੰਜਾਬੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੁਆਰਾ ਸੰਪਾਦਿਤ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਪੰਜਾਬੀ ਦੇ ਵਿਆਕਰਨਿਕ ਨਿਯਮਾਂ ਨੂੰ ਦਰਸਾਉਂਦੀ ਪੁਸਤਕ ਇੱਕ ਅਜਿਹਾ ਹੀ ਉਪਰਾਲਾ ਹੈ। ਇਸ ਪੁਸਤਕ ਵਿੱਚ ਸੁਝਾਏ ਗਏ ਕੁਝ ਨਿਯਮਾਂ ਦਾ ਉਦਾਹਰਨਾਂ ਸਹਿਤ ਜ਼ਿਕਰ ਇਸ ਲੇਖ-ਲੜੀ ਵਿੱਚ ਲਗਾਤਾਰ ਕਰਨ ਦਾ ਜਤਨ ਕੀਤਾ ਜਾਵੇਗਾ।

ਗੁਰਮੁਖੀ ਲਿਪੀ ਦੇ ਪਹਿਲੇ ਅੱਖਰ ਊੜੇ ਨੂੰ ਦਸਾਂ ਵਿੱਚੋਂ ਕੁੱਲ ਤਿੰਨ ਲਗਾਂ ਲੱਗਦੀਆਂ ਹਨ- ਅੌਂਕੜ,ਦੁਲੈਂਕੜ ਅਤੇ ਹੋੜਾ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ, ਜਿਵੇਂ: ਉੱਠ, ਊਠ ਅਤੇ ਓਟ। ਅੱਜ ਦੀ ਇਸ ਪਲ਼ੇਠੀ ਕਿਸ਼ਤ ਵਿਚ ਅਸੀਂ ਦੇਖਦੇ ਹਾਂ ਕਿ ਪੰਜਾਬੀ ਸ਼ਬਦਾਂ ਦੇ ਅੰਤ ਵਿਚ ਊੜੇ ਅੱਖਰ ਨੂੰ ਲੱਗਦੀਆਂ ਹੋੜੇ ਅਤੇ ਔਂਕੜ ਦੀਆਂ ਦੋ ਲਗਾਂ ਦੀ ਵਰਤੋਂ ਕਦੋਂ ਅਤੇ ਕਿਵੇਂ ਕਰਨੀ ਹੈ?

ਕੋਈ ਸਮਾਂ ਸੀ ਜਦੋਂ ਘਿਓ ਨੂੰ ਘਿਉ, ਪਿਓ ਨੂੰ ਪਿਉ ਅਤੇ ਲਓ ਨੂੰ ਲਉ ਅਰਥਾਤ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਲੱਗੇ ਊੜੇ ਦੀ, ਭਾਵੇਂ ਔਂਕੜ ਦੀ ਅਵਾਜ਼ ਆਉਂਦੀ ਹੋਵੇ, ਭਾਵੇਂ ਹੋੜੇ ਦੀ; ਆਮ ਤੌਰ ‘ਤੇ ੳੁਹਨਾਂ ਨੂੰ ਔਂਕੜ ਪਾ ਕੇ ਹੀ ਲਿਖਿਆ ਜਾਂਦਾ ਸੀ ਪਰ ਸਮਾਂ ਬਦਲਿਆ ਅਤੇ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆਉਣ ਉਪਰੰਤ ਇਹਨਾਂ ਸ਼ਬਦਾਂ ਨੂੰ ਹੀ ਨਹੀਂ ਸਗੋਂ ਹੋਰ ਵੀ ਅਨੇਕਾਂ ਸ਼ਬਦਾਂ ਨੂੰ ਇਸ ਕੋਸ਼ ਵਿੱਚ ਸੁਝਾਏ ਗਏ ਨਿਯਮਾਂ ਅਨੁਸਾਰ ਲਿਖਣ ਦੀ ਪਿਰਤ ਆਰੰਭ ਹੋਈ ਹੈ।

ਸ਼ਬਦਾਂ ਦੇ ਅੰਤ ਵਿਚ ਆਮ ਤੌਰ ‘ਤੇ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ:
“””””””””””””””””””””””””””””””””””””””””””””””””””””””””””””””””””””””””””””
ਉਪਰੋਕਤ ਕੋਸ਼ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਜੇਕਰ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਊੜਾ ਅੱਖਰ ਲੱਗਿਆ ਹੋਵੇ ਤਾਂ ਕੇਵਲ ਚਾਰ ਸ਼ਬਦਾਂ: “ਇਉਂ, ਕਿਉਂ, ਜਿਉਂ,ਤਿਉਂ” ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਿਆ ਜਾਣਾ ਹੈ, ਭਾਵੇਂ ਉਹਨਾਂ ਸ਼ਬਦਾਂ ਦੇ ਅੰਤ ਵਿੱਚ ਲੱਗੇ ਊੜੇ ਦੀ ਅਵਾਜ਼ ਹੋੜੇ ਦੀ ਹੋਵੇ ਤੇ ਭਾਵੇਂ ਔਂਕੜ ਦੀ, ਜਿਵੇਂ: ਖਾਓ,ਪੀਓ, ਆਓ, ਜਾਓ, ਲਓ, ਦਿਓ, ਘਿਓ, ਕਿਤਿਓਂ, ਵਾਟਿਓਂ, ਵਾਂਢਿਓਂ, ਖੱਬਿਓਂ, ਸੱਜਿਓਂ, ਥੱਲਿਓਂ, ਥੈਲਿਓਂ, ਅੰਬਾਲ਼ਿਓਂ, ਮੁਹਾਲ਼ੀਓਂ, ਫਗਵਾੜਿਓਂ, ਪਟਿਆਲ਼ਿਓਂ, ਲੁਧਿਆਣਿਓਂ ਆਦਿ।

ਦੇਖਣ ਵਿੱਚ ਆਇਆ ਹੈ ਕਿ ‘ਜਗਰਾਓਂ’ ਅਤੇ ‘ਸਮਾਓਂ’ ਵਾਲ਼ੇ ਬਹੁਤੇ ਸੱਜਣ ਅਜੇ ਵੀ ਆਪਣੇ ਇਹਨਾਂ ਸ਼ਹਿਰਾਂ ਦੇ ਨਾਂ ਪੁਰਾਤਨ ਰਵਾਇਤਾਂ ਅਨੁਸਾਰ ਅਰਥਾਤ ਊੜੇ ਨੂੰ ਔਂਕੜ ਪਾ ਕੇ ਹੀ ਲਿਖ ਰਹੇ ਹਨ ਜੋਕਿ ਅਜੋਕੇ ਵਿਆਕਰਨਿਕ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਗ਼ਲਤ ਹੈ। ਇਹ ਤਾਂ ਹੋ ਸਕਦਾ ਹੈ ਕਿ ਇਹਨਾਂ ਸ਼ਹਿਰਾਂ ਦੇ ਨਾਂਵਾਂ ਦੀ ਨੋਟੀਫ਼ਿਕੇਸ਼ਨ ਹੀ ਪੁਰਾਤਨ ਰਵਾਇਤਾਂ ਅਨੁਸਾਰ ਅਰਥਾਤ ਗਲਤ ਢੰਗ ਨਾਲ਼ ਹੋਈ ਹੋਵੇ ਪਰ ਅਜੋਕੇ ਨਿਯਮਾਂ ਅਨੁਸਾਰ ਸਾਨੂੰ ਅਜਿਹੇ ਸ਼ਹਿਰਾਂ ਦੇ ਨਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਚਾਹੀਦੇ ਹਨ ਤੇ ਜਾਰੀ ਹੋਏ ਨੋਟੀਫ਼ਿਕੇਸ਼ਨਾਂ ਵਿੱਚ ਸੋਧ ਕਰਵਾਉਣ ਦੇ ਉਪਰਾਲੇ ਵੀ ਨਾਲ਼ੋ-ਨਾਲ਼ ਜਾਰੀ ਰੱਖਣੇ ਚਾਹੀਦੇ ਹਨ।

ਸੋ, ਉਪਰੋਕਤ ਚਾਰ ਸ਼ਬਦਾਂ (ਇਉਂ, ਕਿਉਂ, ਜਿਉਂ, ਤਿਉ) ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਅੱਖਰ ਨਾਲ਼ ਕੇਵਲ ਹੋੜੇ ਦੀ ਲਗ ਹੀ ਲੱਗਣੀ ਹੈ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ, ਔਂਕੜ ਦੀ ਲਗ ਬਿਲਕੁਲ ਨਹੀਂ ਲਾਉਣੀ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮਾਂ ਵੱਲ ਜੇਕਰ ਜ਼ਰਾ ਜਿੰਨਾ ਵੀ ਧਿਆਨ ਦਿੱਤਾ ਜਾਵੇ ਤਾਂ ਇਹ ਬਹੁਤ ਹੀ ਅਸਾਨ ਹਨ ਅਤੇ ਇਹਨਾਂ ਉੱਤੇ ਅਮਲ ਕਰਨਾ ਵੀ ਓਨਾ ਹੀ ਅਸਾਨ ਹੈ। ਉਪਰੋਕਤ ਚਾਰ ਸ਼ਬਦਾਂ ਨੂੰ ਉੱਪਰ ਦੱਸੇ ਗਏ ਨਿਯਮਾਂ ਤੋਂ ਛੋਟ ਦੇਣ ਦਾ ਕਾਰਨ ਇਹ ਹੈ ਕਿ ਇਹਨਾਂ ਚਾਰ ਸ਼ਬਦਾਂ ਨੂੰ ਇਸੇ ਰੂਪ ਵਿੱਚ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਇਹਨਾਂ ਸ਼ਬਦਾਂ ਦੇ ਇਹੋ ਸ਼ਬਦ-ਰੂਪ ਹੀ ਸਹੀ ਮੰਨੇ ਗਏ ਹਨ।

ਕਿਸੇ ਸ਼ਬਦ ਦੇ ਵਿਚਕਾਰ ਆਉਣ ‘ਤੇ ‘ਊੜੇ’ ਨੂੰ ਕਿਹੜੀ ਲਗ ਲੱਗਣੀ ਹੈ?
“””””””””””””””””””””””””””””””””””””””””””””””””””””””””””””””””””””””””””””””””””
ਜੇਕਰ ‘ੳ’ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਆ ਜਾਵੇ ਤਾਂ ਉਸ ਸੰਬੰਧੀ ਨਿਯਮ ਇਹ ਹੈ ਕਿ ਜੇਕਰ ਉੱਥੇ ਔਂਕੜ ਦੀ ਅਵਾਜ਼ ਹੈ ਤਾਂ ਅੌਂਕੜ ਪਾਉਣਾ ਹੈ ਅਤੇ ਜੇਕਰ ਹੋੜੇ ਦੀ ਅਵਾਜ਼ ਹੈ ਤਾਂ ਹੋੜਾ; ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ। ਮਿਸਾਲ ਦੇ ਤੌਰ ਤੇ ‘ਸਿਓਂਕ’ ਸ਼ਬਦ ਦਾ ਉਚਾਰਨ ਕਰਦੇ ਸਮੇਂ ਹੋੜੇ (ਦੀਰਘ ਮਾਤਰਾ) ਦੀ ਅਵਾਜ਼ ਆ ਰਹੀ ਹੈ ਇਸ ਲਈ ਇੱਥੇ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਬਿੰਦੀ ਪਾਉਣੀ ਹੈ ਅਤੇ ‘ਤਿਉਹਾਰ’ ਸ਼ਬਦ ਨੂੰ ਲਿਖਣ ਸਮੇਂ ਔਂਕੜ (ਲਘੂ ਮਾਤਰਾ) ਦੀ ਅਵਾਜ਼ ਆ ਰਹੀ ਹੈ ਇਸ ਲਈ ਇੱਥੇ ਊੜੇ ਨੂੰ ਔਂਕੜ ਹੀ ਪਾਉਣਾ ਹੈ।
ਉਪਰੋਕਤ ਨਿਯਮ ਅਨੁਸਾਰ ਕਿਸੇ ਸ਼ਬਦ ਦੇ ਵਿਚਕਾਰ ਆਉਣ ‘ਤੇ ਊੜੇ ਦੇ ਉਚਾਰਨ ਅਨੁਸਾਰ ਲੱਗਣ ਵਾਲੀਆਂ ਲਗਾਂ ਦੀਆਂ ਕੁਝ ਹੋਰ ਉਦਾਹਰਨਾਂ ਇਸ ਪ੍ਰਕਾਰ ਹਨ:

ਊੜੇ ਨੂੰ ਔਂਕੜ:
“””””””””””””””””
ਸਾਉਣ, ਸਾਉਲ਼ਾ, ਭਗਉਤੀ, ਭਉਜਲ, ਭਜਾਉਣਾ, ਵਿਉਤਪਤੀ, ਗਾਉਣਾ, ਪਿਹਾਉਣਾ, ਵਿਛਾਉਣਾ, ਡਰਾਉਣਾ ਨਵਿਆਉਣਾ, ਮਿਉਂਸਿਪਲ (ਕਮੇਟੀ), ਆਉਣਾ, ਨ੍ਹਾਉਣਾ, ਨੁਹਾਉਣਾ, ਨਸਾਉਣਾ, ਆਉਂਸ ਆਦਿ।

ਊੜੇ ਨੂੰ ਹੋੜਾ ਜਾਂ ਊੜੇ ਦਾ ਮੂੰਹ ਖੁੱਲ੍ਹਾ:
“””””””””””””””””””””””””””””””””””””””””
ਡਿਓੜ੍ਹੀ, ਰਿਓੜੀ, ਕਿਓੜਾ, ਭਿਓਂਣਾ, ਵਿਓਂਤ, ਦਿਓਰ, ਤਿਓਰ, ਬਿਓਰਾ, ਤਿਓੜ, ਲਿਓੜ, ਲਿਓਟੀ, ਨਿਓਣਾ (ਨਿਵਣਾ, ਝੁਕਣਾ), ਨਿਓਜ਼ਾ, ਨਿਓਂਦਰਾ (ਨਿਓਂਦਾ), ਪਿਓਂਦ, ਕਿਓਂਟ, ਕਿਓਂਟਣਾ (ਕਿਸੇ ਕੰਮ ਨੂੰ ਸਮੇਟਣਾ) ਆਦਿ
ੳ ਨੂੰ ਦੁਲੈਂਕੜ:
“””””””””””””””””
ਜਿੱਥੋਂ ਤੱਕ ਊੜੇ ਨੂੰ ਲੱਗਣ ਵਾਲੀ ਤੀਜੀ ਲਗ ਅਰਥਾਤ ਦੁਲੈਂਕੜ ਦਾ ਸੰਬੰਧ ਹੈ, ਇਹ ਲਗ ਊੜੇ ਨੂੰ ਕਿਸੇ ਸਥਾਨ ‘ਤੇ ਵੀ, ਭਾਵ ਪਹਿਲਾਂ, ਵਿਚਕਾਰ ਅਤੇ ਅੰਤ ਵਿੱਚ ਲਾਈ ਜਾ ਸਕਦੀ ਹੈ, ਜਿਵੇਂ: ਊਠ, ਸ਼ਊਰ, ਕਮਾਊ ਆਦਿ

ਸਾਰਾਂਸ਼:
“””””””””
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਕੇਵਲ ਜ਼ਰਾ ਜਿੰਨਾ ਧਿਆਨ ਦੇਣ ਦੀ ਲੋੜ ਹੈ, ਪੰਜਾਬੀ ਸ਼ਬਦ-ਜੋੜਾਂ ਸੰਬੰਧੀ ਨਿਯਮ ਏਨੇ ਅੌਖੇ ਨਹੀਂ ਹਨ। ਕਿਸੇ ਸ਼ਬਦ ਦੇ ਅੰਤ ਵਿਚ ਊੜੇ ਅੱਖਰ ਦੇ ਆਉਣ ਸਬੰਧੀ ਉਪਰੋਕਤ ਨਿਯਮਾਂ ਅਨੁਸਾਰ ਅਸੀਂ ਖ਼ਿਆਲ ਕੇਵਲ ਏਨਾ ਹੀ ਰੱਖਣਾ ਹੈ ਕਿ ਜੇਕਰ ਊੜਾ ਕਿਸੇ ਸ਼ਬਦ ਦੇ ਅੰਤ ਵਿੱਚ ਆਉਂਦਾ ਹੈ ਤਾਂ “ਇਉਂ, ਕਿਉਂ, ਜਿਉਂ, ਤਿਉਂ”, ਚਾਰ ਸ਼ਬਦਾਂ ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਨਾਲ ਊੜੇ ਨੂੰ ਹੋੜਾ ਹੀ ਪਾਉਣਾ ਹੈ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ ਅਤੇ ਜੇਕਰ ੳ ਕਿਸੇ ਸ਼ਬਦ ਦੇ ਵਿਚਕਾਰ ਆ ਜਾਂਦਾ ਹੈ ਤਾਂ ਹੋੜੇ ਜਾਂ ਔਂਕੜ ਲਗਾਂ ਦੀ ਵਰਤੋਂ ਉਸ ਦੀ ਅਵਾਜ਼ ਅਰਥਾਤ ਉਚਾਰਨ ਅਨੁਸਾਰ ਹੀ ਕਰਨੀ ਹੈ।

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBengal: Tribal students receiving scholarship shows 62% decline
Next articleDefExpo 2022: DRDO to showcase 430 strategic, tactical weapon systems