(ਸਮਾਜ ਵੀਕਲੀ) ਇਸ ਵੇਲੇ ਪੰਜਾਬ ਬੁਰੀ ਤਰ੍ਹਾਂ ਹੜਾਂ ਦੀ ਮਾਰ ਝੱਲ ਰਿਹਾ ਹੈ ਬਹੁਤ ਸਾਰੀਆ ਸੰਸਥਾਵਾਂ ਇਸ ਵੇਲੇ ਜ਼ੰਗੀ ਪੱਧਰ ਤੇ ਸੇਵਾ ਨਿਭਾ ਰਹੀਆ ਹਨ ਇਸ ਦੌਰਾਨ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ, ਜਿਥੇ ਸਮਾਜ ਸੇਵੀ ਲੋਕਾਂ ਅਤੇ ਸੰਸਥਾਵਾਂ ਵੱਲੋਂ ਵੀ ਆਪਣਾ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਹੀ ਸਿਆਸਤ ਦੇ ਵੀ ਹੜ੍ਹ ਵਰਗੇ ਹੀ ਹਾਲਾਤ ਲੱਗ ਰਹੇ ਹਨ, ਹਰ ਰਾਜਨੀਤਕ ਪਾਰਟੀ ਦੇ ਰਾਜਨੀਤਕ ਲੋਕਾਂ ਵਲੋਂ ਆਪਣੇ ਆਪਣੇ ਤਰੀਕੇ ਨਾਲ ਰਾਜਨੀਤਕ ਪੱਤੇ ਖੇਡੇ ਜਾ ਰਹੇ ਹਨ। ਕਈ ਨੇਤਾ ਪੈਸੇ ਵੰਡਦੇ ਨਜ਼ਰ ਆ ਰਹੇ ਹਨ, ਕੋਈ ਹੱਥ ਤੇ ਰੋਟੀ ਰੱਖ ਕੇ ਖਾ ਰਿਹਾ ਹੈ, ਕੋਈ ਟਰੈਕਟਰ ਤੇ ਚੜ੍ਹ ਕੇ ਫੋਟੋ ਖਿਚਵਾ ਰਿਹਾ ਹੈ, ਕਈ ਪਾਣੀ ਵਿੱਚ ਵੜ ਕੇ ਆਪਣੇ ਪਜਾਮੇ ਗਿਲੇ ਕਰ ਰਹੇ ਹਨ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋਂ ਨਿਸ਼ਕਾਮ ਸੇਵਾ ਕਰ ਰਹੇ ਹਨ ਇਨ੍ਹਾਂ ਵਿਚ ਇੱਕ ਨਾਂ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਵੀ ਆਉਂਦਾ ਹੈ ਖੈਰ ਜੋ ਵੀ ਹੈ ਇਸ ਮੁਸਿਬਤ ਘੜੀ ਵਿੱਚ ਇਨਸਾਨੀਅਤ ਦੇ ਨਾਤੇ ਹੜ੍ਹ ਪੀੜਤ ਲੋਕਾਂ ਦੀ ਮੱਦਦ ਕਰਨ ਦਾ ਸਾਡਾ ਫਰਜ਼ ਵੀ ਬਣਦਾ ਹੈ। ਪੰਜਾਬ ਵਿੱਚ ਹੜ੍ਹਾ ਦੀ ਤ੍ਰਾਸਦੀ ਕੋਈ ਨਵੀਂ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਮਨੁੱਖ ਜਾਤੀ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਪੱਥਰ ਯੁੱਗ ਵਿੱਚ ਲੋਕ ਇਨ੍ਹਾਂ ਆਫ਼ਤਾਂ ਨੂੰ ਕੁਦਰਤ ਦੀ ਕਰੋਪੀ ਕਹਿ ਕੇ ਸਵਿਕਾਰ ਕਰ ਲੈਂਦੇ ਸਨ ਪਰ ਜਿਉਂ ਜਿਉਂ ਮਨੁੱਖ ਨੇ ਵਿਗਿਆਨਕ ਤੌਰ ਤੇ ਤਰੱਕੀ ਕੀਤੀ ਹੈ ਉਹ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਵਿਚ ਸਫ਼ਲ ਹੋਇਆ ਹੈ। ਹੜਾਂ ਨੂੰ ਵੀ ਕੁਦਰਤੀ ਆਫ਼ਤ ਦਾ ਨਾਂ ਦਿੱਤਾ ਗਿਆ ਹੈ ਪਰ ਕੀ ਸਚਮੁੱਚ ਹੀ ਹੜ ਕੁਦਰਤੀ ਕਰੋਪੀ ਹੈ ਜਾਂ ਸਾਡੇ ਦੇਸ਼ ਦੀ ਮਾੜੀ ਵਿਵਸਥਾ ? ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਨੇ ਪੰਜਾਬ ਵਿਚ ਤਬਾਹੀ ਮਚਾ ਦਿੱਤੀ ਹੈ। ਪਹਾੜੀ ਇਲਾਕਿਆਂ ਵਿਚ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਦਰਿਆਵਾਂ ’ਚ ਵਧੇ ਪਾਣੀ ਦੇ ਪੱਧਰ ਨੇ ਹੜਾਂ ਦੀ ਆਫ਼ਤ ਬਣਾ ਦਿੱਤੀ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਚੁੱਕੀ ਹੈ। ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਫਾਜ਼ਿਲਕਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਹੜ੍ਹਾਂ ਦੇ ਪਾਣੀ ਨੇ ਜ਼ਿਆਦਾ ਨੁਕਸਾਨ ਕੀਤਾ ਹੈ। ਬਿਆਸ ਅਤੇ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਿਆ ਪਿਛਲੇ ਦਿਨੀਂ ਹੜ੍ਹਾਂ ਤੋਂ ਪ੍ਰਭਾਵਿਤ ਵੱਖ ਵੱਖ ਇਲਾਕਿਆਂ ਤੋਂ ਪਤਾ ਲੱਗਿਆ ਕਿ ਵੱਡੀ ਤਾਦਾਦ ਵਿਚ ਸਾਡੇ ਲੋਕ ਬਹੁਤ ਤਰ੍ਹਾਂ ਦੀਆਂ ਕਈ ਮੁਸੀਬਤਾਂ ਝੱਲ ਰਹੇ ਹਨ। ਲੋਹੀਆਂ ਸ਼ਹਿਰ ਦੇ ਨੇੜਲੇ ਪਿੰਡਾਂ ਕੋਲੋਂ ਸਤਲੁਜ ਦਰਿਆ ਦਾ ਬੰਨ੍ਹ ਟੁੱਟਿਆ। ਪਾਣੀ ਇੰਨਾ ਜ਼ਿਆਦਾ ਸੀ ਕਿ ਕੁਝ ਮਿੰਟਾਂ ਵਿਚ ਇਹ ਪਾੜ ਵੱਡਾ ਹੁੰਦਾ ਗਿਆ। ਇਲਾਕੇ ਦੇ ਦਰਜਨਾਂ ਪਿੰਡ ਰਾਤੋ-ਰਾਤ ਪਾਣੀ ਵਿਚ ਡੁੱਬ ਗਏ। ਰਾਤ ਸਮੇਂ ਜਦੋਂ ਇੱਕ ਦਮ ਪਾਣੀ ਦਾ ਵਹਾਅ ਆਇਆ ਤਾਂ ਲੋਕਾਂ ਨੂੰ ਆਪਣੇ ਡੰਗਰ ਪਸ਼ੂ ਖੋਲ੍ਹਣ ਦਾ ਵੀ ਮੌਕਾ ਨਹੀਂ ਮਿਲਿਆ। ਹਰੀਕੇ ਝੀਲ ਤੋਂ ਉਤਰ ਵਾਲੇ ਪਾਸੇ ਕਈ ਪਿੰਡ ਹਨ ਜਿਹਨਾਂ ਦੁਆਲੇ ਤਿੰਨ ਤੋਂ ਪੰਜ ਫੁੱਟ ਪਾਣੀ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਨਜ਼ਰ ਆਉਂਦਾ ਹੈ। ਝੋਨੇ ਦੀ ਫਸਲ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ। ਇਹ ਇਲਾਕਾ ਇਸ ਸਮੇਂ ਸਮੁੰਦਰ ਵਾਂਗ ਲਗਦਾ ਹੈ। ਇਸ ਇਲਾਕੇ ਵਿਚ ਹੜ੍ਹਾਂ ਦਾ ਖਤਰਾ ਹਰ ਸਾਲ ਬਰਕਰਾਰ ਰਹਿੰਦਾ ਹੈ, ਇਸ ਲਈ ਪਿੰਡ ਖੇਤਾਂ ਨਾਲੋਂ ਕੁਝ ਉੱਚੀ ਤੇ ਹੋਣ ਦੇ ਬਾਵਜੂਦ ਵੀ ਪਾਣੀ ਵਿੱਚ ਡੁੱਬ ਚੁੱਕੇ ਹਨ। ਹੜ੍ਹ ਪੀੜਤ ਮਾਸੂਮ ਬੱਚੇ, ਔਰਤਾਂ ਬਜ਼ੁਰਗ ਬਿਮਾਰ ਹੋ ਰਹੇ ਹਨ। ਲੋਕਾਂ ਦੇ ਹੱਥ ਪੈਰ ਗੰਦੇ ਪਾਣੀ ਨਾਲ ਗਲ਼ ਰਹੇ ਹਨ ਇਹ ਬਹੁਤ ਵੱਡੀ ਮੁਸੀਬਤ ਹੈ ਪਰ ਇਸ ਤੋਂ ਵੱਡੀ ਮੁਸੀਬਤ ਉਦੋਂ ਸ਼ੁਰੂ ਹੋਵੇਗੀ ਜਦੋਂ ਪਾਣੀ ਲਹਿ ਜਾਵੇਗਾ। ਉਸ ਸਮੇਂ ਹੜ੍ਹ ਪੀੜਤ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿਣਾ ਨਰਕ ਵਿਚ ਰਹਿਣ ਵਾਂਗ ਬਣ ਜਾਂਦਾ ਹੈ, ਲੋਕਾਂ ਨੂੰ ਚਮੜੀ ਦੇ ਰੋਗ ਹੋਣ ਲੱਗਦੇ ਹਨ। ਬੁਖਾਰ ਨਾਲ ਲੋਕ ਵੱਡੀ ਪੱਧਰ ’ਤੇ ਬਿਮਾਰ ਹੋਣ ਲੱਗ ਪੈਂਦੇ ਹਨ। ਇੱਕ ਤਾਂ ਲੋਕ ਆਰਥਿਕ ਪੱਖੋਂ ਕੰਗਾਲ ਹੋ ਜਾਂਦੇ ਹਨ, ਦੂਜਾ ਸਰੀਰਕ ਤੇ ਮਾਨਸਿਕ ਪੱਖੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ, ਦੁਸ਼ਵਾਰੀਆਂ ਦੇ ਸ਼ਿਕਾਰ ਹੋਣ ਲੱਗਦੇ ਹਨ।ਇਹ ਸੱਚ ਹੈ ਕਿ ਹੜ੍ਹ ਕੁਦਰਤੀ ਆਫ਼ਤ ਹੈ ਅਤੇ ਧਰਤੀ ਦੇ ਵੱਖ ਵੱਖ ਖਿੱਤਿਆਂ ਵਿਚ ਸਦੀਆਂ ਤੋਂ ਲੋਕ ਹੜ੍ਹਾਂ ਵਰਗੀਆਂ ਮੁਸੀਬਤਾਂ ਦਾ ਸੰਤਾਪ ਭੋਗਦੇ ਰਹੇ ਹਨ ਪਰ ਬੀਤੇ ਵੇਲਿਆਂ ਵਿਚ ਜੇ ਅਜਿਹਾ ਹੁੰਦਾ ਸੀ ਤਾਂ ਇਹ ਸਭ ਕੁਝ ਮਨੁੱਖ ਦੀ ਸਮਝ ਤੋਂ ਬਾਹਰ ਸੀ ਪਰ ਅੱਜ ਦੇ ਗਿਆਨ ਵਿਗਿਆਨ ਦੇ ਯੁੱਗ ਵਿਚ ਵੀ ਜੇ ਲੋਕ ਅਜਿਹੇ ਸੰਤਾਪ ਭੋਗਦੇ ਹਨ, ਜਾਂ ਇਹਨਾਂ ਨੂੰ ਕੁਝ ਹੱਦ ਤੱਕ ਵੀ ਅਸੀਂ ਕੰਟਰੋਲ ਨਹੀਂ ਕਰ ਸਕੇ ਤਾਂ ਇਸ ਨੂੰ ਵਿਵਸਥਾ ਦੀ ਨਾਕਾਮੀ ਹੀ ਆਖਿਆ ਜਾਵੇਗਾ। ਅਸੀਂ ਅੰਬਰ ’ਤੇ ਚੰਨ ਤਾਰਿਆਂ ਨਾਲ ਸਾਂਝਾਂ ਪਾਉਣ ਦੀ ਗੱਲ ਕਰਦੇ ਹਾਂ ਪਰ ਧਰਤੀ ’ਤੇ ਕੀ ਵਾਪਰ ਰਿਹਾ ਹੈ, ਇਸ ਬਾਰੇ ਸਾਡੇ ਮੁਲਕ ਦੀ ਵਿਵਸਥਾ ਬਿਲਕੁਲ ਬੇਵੱਸ ਹੋਈ ਨਜ਼ਰ ਆਉਂਦੀ ਹੈ। ਭਾਰਤ ਵੱਖ ਵੱਖ ਤਰ੍ਹਾਂ ਦੀ ਭੂਗੋਲਿਕ ਸਥਿਤੀ ਵਾਲਾ ਦੇਸ਼ ਹੈ ਇੱਥੇ ਕਿਤੇ ਤਾਂ ਬੱਦਲ ਫਟਦੇ ਹਨ, ਕਿਤੇ ਸੋਕੇ ਨਾਲ ਫਸਲਾਂ ਸੜ ਬਲ ਜਾਂਦੀਆਂ ਹਨ। ਕਿਤੇ ਸਾਰਾ ਸਾਲ ਮੀਂਹ ਪੈਂਦਾ ਹੈ, ਕਿਤੇ ਪੰਜ ਪੰਜ ਸਾਲ ਮੀਂਹ ਦੀ ਛਿੱਟ ਵੀ ਨਹੀਂ ਡਿਗਦੀ। ਕਿਤੇ ਬਰਫਾਂ ਜੰਮਦੀਆਂ ਹਨ, ਕਿਤੇ ਉਹਨਾਂ ਹੀ ਦਿਨਾਂ ਦੌਰਾਨ ਪਾਰਾ ਸੰਤਾਲੀ ਡਿਗਰੀ ਤੱਕ ਚਲਾ ਜਾਂਦਾ ਹੈ। ਸਾਡੇ ਦੇਸ਼ ਵਿਚ ਜਿੱਥੇ ਵਾਧੂ ਪਾਣੀ ਸੰਭਾਲਣ ਲਈ ਵੱਡੀਆਂ ਯੋਜਨਾਵਾਂ ’ਤੇ ਕੰਮ ਕਰਨ ਦੀ ਲੋੜ ਹੈ ਉੱਥੇ ਮੌਸਮ ਵਿਭਾਗ ਨੂੰ ਹੋਰ ਸਚਾਰੂ ਬਣਾਉਣ ਦੀ ਲੋੜ ਹੈ ਤਾਂ ਕਿ ਵੱਖ ਵੱਖ ਇਲਾਕਿਆਂ ਵਿਚ ਹੋਣ ਵਾਲੀਆਂ ਬਾਰਸ਼ਾਂ ਦਾ ਅਗਾਊਂ ਅਨੁਮਾਨ ਲਗਾ ਕੇ ਡੈਮਾਂ ਦੇ ਪਾਣੀਆਂ ਨੂੰ ਲੋੜ ਅਨੁਸਾਰ ਨਾਲੋ ਨਾਲ ਛੱਡਿਆ ਜਾ ਸਕੇ ਅਤੇ ਹੜ੍ਹਾਂ ਵਰਗੀ ਭਿਆਨਕ ਸਥਿਤੀ ਪੈਦਾ ਹੀ ਨਾ ਹੋਵੇ। ਖਬਰਾਂ ਇਹ ਵੀ ਹਨ ਕਿ ਜੂਨ ਜੁਲਾਈ ਵਿਚ ਜਾਣਬੁੱਝ ਕੇ ਡੈਮਾਂ ਨੂੰ ਪਾਣੀ ਨਹੀਂ ਛੱਡਿਆ ਜਾਂਦਾ ਤਾਂ ਕਿ ਹੋਰ ਸੂਬਿਆਂ ਨੂੰ ਲੋੜ ਅਨੁਸਾਰ ਪਾਣੀ ਦਿੱਤਾ ਜਾ ਸਕੇ ਪਰ ਜੋ ਲੋਕ ਇਸ ਦਾ ਖਮਿਆਜ਼ਾ ਭੁਗਤਦੇ ਹਨ, ਉਹਨਾਂ ਦਾ ਇਸ ਵਿਚ ਕੀ ਕਸੂਰ ਹੈ? ਦਰਿਆਵਾਂ ਦੇ ਇਲਾਕਿਆਂ ਵਿਚ ਨਾਜਾਇਜ਼ ਇਮਾਰਤਾਂ, ਡੇਰਿਆਂ ਦੀ ਉਸਾਰੀ, ਮਾਈਨਿੰਗ ’ਤੇ ਸਖਤੀ ਨਾਲ ਰੋਕ ਲਾਉਣ ਦੀ ਲੋੜ ਹੈ। ਨਹਿਰਾਂ ਦੀ ਸਫ਼ਾਈ ਦੇ ਨਾਲ ਨਾਲ ਵੱਧ ਤੋਂ ਵੱਧ ਪਾਣੀ ਇਹਨਾਂ ਦਿਨਾਂ ਵਿਚ ਨਹਿਰਾਂ ਵਿਚ ਛੱਡੇ ਜਾਣ ਦੀ ਲੋੜ ਹੁੰਦੀ ਹੈ। ਜੂਨ ਜੁਲਾਈ ਵਿਚ ਜਦੋਂ ਝੋਨੇ ਦੀ ਬਿਜਾਈ ਹੁੰਦੀ ਹੈ ਤਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਬਜਾਇ ਨਹਿਰੀ ਪਾਣੀ ਨੂੰ ਵਰਤੋਂ ਵਿਚ ਲਿਆਉਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਪਾਣੀਆਂ ਦਾ ਵੇਗ ਘੱਟ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਪਹਾੜਾਂ ਵਿਚ ਰੁੱਖ ਲਾਏ ਜਾਣ। ਰੇਤ ਮਾਈਨਿੰਗ ਨਾਲ ਹੁੰਦੀ ਸੜਕਾਂ ਪੁਲਾਂ ਅਤੇ ਦਰਿਆਈ ਬੰਨ੍ਹਾਂ ਦੇ ਨੁਕਸਾਨ ਨੂੰ ਸਖਤੀ ਨਾਲ ਰੋਕਣ ਦੀ ਲੋੜ ਹੈ। ਪੰਜਾਬ ਦੀਆਂ ਨੈਆ ਵੇਈਆਂ, ਡਰੇਨਾਂ ਦੀ ਸਫ਼ਾਈ ਹਰ ਸਾਲ ਮੌਨਸੂਨ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਜੋ ਕਦੇ ਵੀ ਨਹੀਂ ਹੁੰਦੀ। ਡਰੇਨ ਵਿਭਾਗ ਜਿਵੇਂ ਸੁੱਤਾ ਹੀ ਰਹਿੰਦਾ ਹੈ। ਜੇਕਰ ਪੰਜਾਬ ਦੀਆਂ ਸਾਰੀਆਂ ਬਰਸਾਤੀ ਨਦੀਆਂ, ਵੇਈਆਂ, ਨੈਆ ਤੋਂ ਨਾਜਾਇਜ਼ ਕਬਜੇ ਛੁਡਵਾ ਕੇ ਇਹਨਾਂ ਨੂੰ ਦੁਬਾਰਾ ਸੁਰਜੀਤ ਕੀਤਾ ਜਾਵੇ, ਇਹਨਾਂ ਦੀ ਹਰ ਸਾਲ ਸਫ਼ਾਈ ਹੋਵੇ ਤਾਂ ਹੜ੍ਹਾਂ ਦੇ ਭਿਆਨਕ ਸੰਕਟ ਤੋਂ ਨਿਜਾਤ ਪਾਈ ਜਾ ਸਕਦੀ ਹੈ। ਅਜਿਹਾ ਕਰਨ ਨਾਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਵੀ ਸੁਧਾਰ ਕੀਤਾ ਜਾ ਸਕਦਾ ਹੈ। ਸਾਡੀਆਂ ਸਰਕਾਰਾਂ ਨੂੰ ਪਿਛਲੇ ਸਮਿਆਂ ਤੋਂ ਸੀਖ ਲੈਣੀ ਚਾਹੀਦੀ ਹੈ। ਜੇਕਰ ਜੂਨ ਜੁਲਾਈ ਚ ਡੈਮਾਂ ਤੋਂ ਹੌਲੀ ਹੌਲੀ ਪਾਣੀ ਛੱਡਿਆ ਜਾਂਦਾ ਤਾਂ ਸ਼ਾਇਦ ਅੱਜ ਇਹ ਸਥਿਤੀ ਨਾ ਬਣਦੀ ਖੈਰ ਜੋ ਹੋਣਾ ਸੀ ਹੋ ਚੁੱਕਾ ਹੈ ਹੁਣ ਸਿਰਫ ਜ਼ਰੂਰਤ ਹੈ ਹੜ ਪੀੜਤਾਂ ਦੀ ਮਦਦ ਕਰਨ ਦੀ ਜਾਤ ,ਧਰਮ, ਰਾਜਨੀਤੀ ਤੋਂ ਉੱਪਰ ਉੱਠਕੇ ਇਨਸਾਨੀਅਤ ਦੇ ਨਾਤੇ ਸਾਡੀ ਜ਼ਿਮੇਵਾਰੀ ਬਣਦੀ ਹੈ ਕਿ ਅਸੀਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਿਏ। ਇਹ ਵੇਲਾ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਸਗੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਸਰਕਾਰਾਂ ਨੂੰ ਰਲ ਮਿਲ ਕੇ ਮੰਥਨ ਕਰਨ ਦਾ ਹੈ ਤਾਂ ਕਿ ਭਵਿੱਖ ਵਿੱਚ ਇਹੋ ਜਿਹੀਆਂ ਤ੍ਰਾਸਦੀਆ ਨੂੰ ਰੋਕਿਆ ਜਾ ਸਕੇ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


