ਸਰੋਕਾਰਾਂ ਤੋਂ ਸੱਖਣੇ ਸਿਆਸਤਦਾਨ ; ਪਿਛਲੱਗਾਂ ਦਾ ਹਸ਼ਰ ਬਨਾਮ ਸ਼ਾਇਰਾਨਾ ਸੈਨਤਾਂ

(ਸਮਾਜ ਵੀਕਲੀ)

ਆਮ ਬਸ਼ਰ ਦੀ ਪਰਵਾਜ਼ 20

ਅਜੋਕੇ ਦੌਰ ਵਿਚ ਸਿਆਸੀ, ਸਮਾਜੀ ਰਹਿਬਰੀ ਉੱਤੇ ਉਨ੍ਹਾਂ ਅਨਸਰਾਂ ਦਾ ਕਬਜ਼ਾ ਹੋ ਚੁੱਕਿਆ ਹੈ, ਜਿਹੜੇ ਸਰੋਕਾਰਾਂ ਤੇ ਸਮਾਜੀ ਅਪਣੱਤ ਤੋਂ ਸੱਖਣੇ ਨੇ। ਨਤੀਜਤਨ, ਇਨ੍ਹਾਂ ਦੇ ਪਿੱਛਲੱਗ, ਜ਼ਿਹਨੀ ਗਰੀਬੀ ਕਾਰਨ ਵੱਧ ਗਰਕ ਜਾਂਦੇ ਹਨ।
ਮੁਖਤਾਰ, ਨਿਸ਼ਾਨ,ਬਹਾਦਰ, ਦਿਲਾਵਰ, ਬਖ਼ਤਾਵਰ, ਨਵਨੀਤ ਜਿਹੇ ਨਾਵਾਂ ਦੇ ਟਾਕਰੇ ਉੱਤੇ ਨੁਕੁੰਜਪ੍ਰੀਤ, ਵਿਸ਼ਵਪ੍ਰੀਤ, ਸ਼ਕਤੀਪ੍ਰੀਤ ਜਿਹੇ ਅੱਤ ਨਕਲੀ ਕਿਸਮ ਦੇ ਨਾਮ ਤੇ ਚਿੜ੍ਹ ਘੁੱਗ ਕਿਰਦਾਰ ਸਾਮ੍ਹਣੇ ਆ ਰਹੇ ਹਨ।

ਸਮੇਂ ਦਾ ਗੇੜ ਦੇਖ ਲਓ ਕਿ ਜਗਤ-ਗੱਪੀ ਪੱਧਰ ਦੇ ਜੁਗਾੜੂ ਅਨਸਰਾਂ ਵੱਲੋਂ, ਸਮਾਜ ਦੇ ਹਰ ਖੇਤਰ ਨੂੰ ਪਲੀਤ ਕਰਨ ਦੀ ਵਜ੍ਹਾ ਕਰ ਕੇ ਆਤਮਕ ਗਿਰਾਵਟ ਜੋਬਨ ਉੱਤੇ ਹੈ। ਦੋਸਤੀਆਂ, ਸਹੇਲਪੁਣੇ ਵੀ ਦੰਭ ਬਣ ਰਹੇ ਹਨ। ਅਕਲਲਤੀਫ਼ਾਂ ਨਾਲੋਂ ਵੱਧ ਸਤਿਕਾਰ ਏਸ ਦੌਰ ਵਿਚ ਜਾਹਿਲਾਂ ਦਾ ਹੋ ਰਿਹਾ ਹੈ। ਕ੍ਰਿਕਟ ਵਰਗੀ ਖੇਡ, ਗੁਆਂਢੀ ਮੁਲਕਾਂ ਵਿਚ ਜੰਗ ਲੱਗਣ ਵਾਂਗ ਪੇਸ਼ ਕੀਤੀ ਜਾਂਦੀ ਹੈ।

ਅਖ਼ਬਾਰਾਂ ਵਿਚ ਛੱਪਦੇ ਵਰ/ਲਾੜੀ ਦੀ ਭਾਲ ਬਾਰੇ ਇਸ਼ਤਿਹਾਰ ਚੁਗਲੀ ਕਰਦੇ ਹਨ ਕਿ ਰੰਗ ਗੋਰਾ ਕਰਨ ਦੀਆਂ ਕਰੀਮਾਂ ਬਣਾਉਣ ਵਾਲਿਆਂ ਲਈ ਜਿਹੜੇ ਵਪਾਰਕ ਪੁਰਜੇ, ਇਸ਼ਤਿਹਾਰ ਲਿਖਦੇ ਹਨ, ਉਹਨਾਂ ਟੁਚਿਆਂ ਮੁਤਾਬਕ ਧਨ, ਜਾਇਦਾਦ ਤੋਂ ਸੱਖਣਾ ਲਾਇਕ ਮਨੁੱਖ, ਕਿਸੇ ਦਾ ਹਮਸਫ਼ਰ ਨਹੀਂ ਬਣ ਸਕਦਾ।
ਮਾਲ ਦੌਲਤ ਦਾ ਮੁਜ਼ਾਹਰਾ ਕਰਨ ਵਾਲੇ ਨੂੰ ਮੁਹੱਬਤ ਮਿਲ ਸਕੇਗੀ। ਇਹੀ ਲੋਕ ਲਿਖਦੇ ਹਨ, “…ਮੁੰਡਾ, ਸੋਹਣੀਏ ਨੀ ਆਈ ਫੋਨ ਵਰਗਾ, ਜਣੀ ਖਣੀ ਨਾਲ ਹੁੰਦਾ ਨਾ, ਅਟੈਚ ਨੀ..! ਇਹ ਦੁਵੱਲਾ ਮਾਨਸਕ ਸ਼ੋਸ਼ਣ ਹੈ। ਕੁੱਤੇ ਝਾਤ ਹੈ।

ਇਹ ਹਾਇਕੂਨੁਮਾ ਕਾਵਿ ਪ੍ਰਗਟਾਵੇ, ਬਜ਼ਾਰਵਾਦ ਤੇ ਵਸਤਾਂ ਦੀ ਮੰਡੀ ਵੱਲੋਂ ਘੜ੍ਹੇ ਚਿੜ੍ਹ ਘੁੱਗ ਪਾਤਰਾਂ ਨੂੰ ‘ਸਮਰਪਤ’ ਹਨ। ਆਸ ਹੈ ਚੋਭ ਪਾਉਣਗੇ।

ਹਾਇਕੂ …
1.
ਪੱਲੇ ਇਤਿਹਾਸ ਨਹੀਂ ‘ਡੀਲਰਾ ਤੇਰੇ
ਨਿੱਤ ਨਵਾਂ ਰਾਜਸੀ ਦਲ ਉਸਾਰ ਲੈ
‘ਲੀਡਰ’ ਕਿਸੇ ਮੰਨਦਾ ਈ ਨ੍ਹੀ..!

2
ਭਾਲਦੀ ਫਿਰਦੇ ਜੀਵਨਸਾਥੀ
ਅੱਤ ਸੋਹਣਾ ਤੇ ਅਮੀਰ
ਉਮਰ, ਅੱਧੀ ਸਦੀ ਹੋ ਗਈ!

3
ਵਿਦਵਾਨਾਂ ਨੂੰ ਮਖੌਲਾਂ ਕਰਦੇ
ਪੂਜ ਕੇ ਫੋਟੋਆਂ ਅਜਨਬੀਆਂ ਦੀਆਂ…
ਗਿਆਨ/ਧਿਆਨ ਦਾ ਭੇਤ ਕੋਈ ਨਾ..!

4
ਕਹਿੰਦੇ, ਸਿਲੇਬਸ ਤੋਂ ਬਾਹਰ ਨਹੀਂ
ਕਦੇ ਕੁਝ ਪੜ੍ਹਨਾ… ਨਹੀਂ ਪੜ੍ਹਨਾ
ਭਾਲ ਹੈ ਪੂਰਨ ਗਿਆਨ ਦੀ..!

5
ਭਗਤ ਸਿੰਘ ਨਹੀਂ ਕਦੇ ਯਾਦ ਆਇਆ
ਹਾਰ ਪਾ ਕੇ ਦਿੰਦੇ ਫੁਕਰੇ ਸ਼ਰਧਾਂਜਲੀ
ਬਈ, ਸਾਲ ਬਾਅਦ ਬੁੱਤ ਝਾੜ ਕੇ..!

6
ਸੰਸਕ੍ਰਿਤ, ਹਿੰਦੀ, ਅੰਗਰੇਜ਼ੀ ਨੂੰ
ਰਲਾਅ ਕੇ ਚਿੜ੍ਹ ਘੁੱਗ ਬੋਲਦੇ
… ਬੋਲੀ ਜਾਂਦੇ ਪਿਓਰ ਪੰਜਾਬੀ..!

7
ਜੱਗ ਹੁਣ ‘ਵਿਸ਼ਵ’ ਹੋ ਗਿਆ
ਲਿਖਾਰੀ ਅਖਵਾਉਂਦਾ ‘ਰਾਈਟਰ’
ਸ਼ਾਹਕਾਰ ਕੁਝ ਪੜ੍ਹਿਆ ਈ ਨ੍ਹੀ..!

8
ਪਹਿਲਾਂ ਬਦਮਾਸ਼ ਹੁੰਦੇ ਸੀ
ਹੁਣ ਆਖਦੇ ਹਾਂ ਗੈਂਗਸਟਰ
ਚਿੜ੍ਹ ਘੁੱਗ ਨੂੰ ਸਾਰ ਕੋਈ ਨਾ.. !

9
ਉਡੀਕ ਸਾਰੀਆਂ ਨੂੰ ਉਡੀਕ ਦਿਲੋਂ.
…ਸੁਪਨਿਆਂ ਦੇ ਰਾਜਕੁਮਾਰ ਦੀ…
ਅਮੀਰ ਕਾਕੇ ਪਰ ਇਗਨੋਰ ਮਾਰਦੇ..!

10
ਫੱਤੋ ਕਰ ਕੇ ਚੁਗਲੀਆਂ ਭਾਰੀ
ਰੱਬ ਦੇ ਘਰ ਨਿੱਤ ਵੜ੍ਹਦੀ
ਬੁੜ੍ਹੀ ਉਮਰੇ ਬਜ਼ੁਰਗ ਕਹਾਉਂਦੀ..!

11
ਲੋਕ ਗੀਤ ਨਾ ਪਸੰਦ ਆਏ
ਬਈ ਚਿੜ੍ਹ ਘੁੱਗ ਜਨਰੇਸ਼ਨ
ਚੈਨਲ-ਵੀ ਵਾਰ ਵਾਰ ਦੇਖਦੀ..!

12
ਆਰਿਫ਼, ਦਾਨਿਸ਼ ਤੇ ਸੁਜਾਨ
ਨਾ ਯਾਰੋ ਕਿਤੇ ਲੱਭਿਆ ਕੋਈ…
…ਸੀਟੂ, ਟੀਟੂ ਹੁਣ ਲੀਡਰ ਬਣ ‘ਗੇ..!

13
ਹਰ ਪਾਰਟੀ ਵਿਚ ਹੁੰਦੇ ਨੇ
ਲੱਖਾਂ ਸੀਨੀਅਰ “ਆਗੂ”…
“ਪਾਛੂ” ਕੋਈ ਬਚਿਆ ਈ ਨਾ..!

14
ਰਹੀ ਜਾਂਦੇ ਪਰਦੇਸਾਂ ਵਿਚ
ਘਟਾਈ ਨਾ ਜਹਾਲਤ ਰਤਾ ਵੀ
ਕਿ ਗੋਰਿਆਂ ਨੇ ਯਾਰੀ ਨਾ ਪਾਈ..!

15
ਲੰਡਰ ਸਾਧ ਨੂੰ ਪਿਤਾਜੀ ਦੱਸੀ ਜਾਵੇ
ਬਿੱਟੂ ਸੇਵਾ ਕਰਦਾ ਅਲੌਕਿਕ ਡੇਰੇ ਦੀ
ਸਕੇ ਬਾਪ ਨੂੰ ਬੁੜ੍ਹਾ ਬੁੜ੍ਹਾ ਆਖਦਾ..!

16
ਕੀਤੀ ਡਿਗਰੀ ਵਿਸ਼ਾ ਪੱਤਰਕਾਰੀ
ਅਖ਼ਬਾਰ ਵਾਲਿਆਂ ਨੌਕਰੀ ਨਾ ਦਿੱਤੀ
ਦੋਸ਼ ਦਿੰਦੇ ਮੁੱਕਦਰਾਂ ਨੂੰ ਪੜ੍ਹ ਲਿਖ ਕੇ. !

(ਬਾਕੀ ਫੇਰ ਕਦੇ)

ਯਾਦਵਿੰਦਰ
ਸਰੂਪ ਨਗਰ। ਰਾਓਵਾਲੀ।
+919465329617 6284336773

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਾਲੀ ਦਿਵਾਲੀ
Next articleਖ਼ਤਰਾ ਬਰਕਰਾਰ ਹੈ, ਟੀਕੇ ਦੀ ਦੂਜੀ ਡੋਜ਼ ਜ਼ਰੂਰੀ