ਸਿਆਸੀ ਜੋੜ ਤੋੜ ਨੇ ਅਸਲ ਮੁੱਦਿਆਂ ਤੋਂ ਭੜਕਾਏ ਲੋਕ।।

ਰਾਣਾ ਸੈਦੋਵਾਲ

(ਸਮਾਜ ਵੀਕਲੀ)-ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਇਕੱਤਰ ਹੋਏ ਪੰਜਾਬ ਸਮੇਤ ਨੇੜਲੇ ਸੂਬਿਆਂ ਦਾ ਲੋਕ ਅੰਦੋਲਨ ਨਾਲ ਜੁੜਨ ਕਰਕੇ ਆਪਸੀ ਪਿਆਰ ਦੇ ਨਾਲ ਨਾਲ ਆਪਣੇ ਬੁਨਿਆਦੀ ਹੱਕਾਂ ਲਈ ਜਾਗਰੂਕ ਹੋਣ ਦੀ ਆਸ ਵੀ ਵੱਡੀ ਪੱਧਰ ਤੇ ਬੱਝੀ ਸੀ। ਲੋਕਾਂ ਖਾਸ ਕਰਕੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਨੇ ਸਿਆਸੀ ਪਾਰਟੀਆਂ ਕੋਲੋਂ ਸੁਆਲ ਪੁੱਛਣ ਦੀ ਜੁਰਅਤ ਹੀ ਨਹੀਂ ਵਿਖਾਈ ਸਗੋਂ ਸਿਆਸੀ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਵੀ ਬੰਦ ਕਰ ਦਿੱਤਾ ਸੀ।ਸਿਆਸੀ ਪਾਰਟੀਆਂ ਨੂੰ ਆਪਣੇ ਰੱਖੇ ਪ੍ਰੋਗਰਾਮ ਬੰਦ ਕਰਨੇ ਪਏ ਸਨ ਭਾਜਪਾ ਲੀਡਰਾਂ ਨੂੰ ਵੱਡੀ ਬੇਇਜਤੀ ਦਾ ਸਾਹਮਣਾ ਵੀ ਕਰਨਾ ਪਿਆ ਸੀ।ਅਕਾਲੀ ਦਲ ਜੋ ਸ਼ੁਰੂਆਤੀ ਦੌਰ ਵਿੱਚ ਬਿੱਲਾਂ ਦਾ ਸਮਰਥਨ ਕਰਦਾ ਸੀ ਲੋਕ ਵਿਰੋਧਤਾ ਕਰਕੇ ਝੰਬਿਆ ਗਿਆ । ਜਿਸ ਕਰਕੇ ਆਖਰ ਗੱਠਜੋੜ ਤੋੜਨ ਦਾ ਐਲਾਨ ਕਰਕੇ ਵੀ ਤਿੱਖੇ ਸੁਆਲਾਂ ਦੇ ਹਮਲੇ ਤੋਂ ਨਹੀ ਸੀ ਬਚ ਸਕਿਆ । ਉਸ ਸਮੇਂ ਲੋਕਾਂ ਦਾ ਝੁਕਾਅ,ਭਰੋਸਾ ਕਿਸਾਨ ਲੀਡਰਾਂ ਵਿੱਚ ਬੱਝ ਗਿਆ ਹੋਣ ਕਰਕੇ ਅਫਸਰਸ਼ਾਹੀ ਸਮੇਤ ਹਰ ਮਹਿਕਮੇ ਦਾ ਕਰਮਚਾਰੀ ਜਿਥੇ ਕਿਸਾਨੀ ਬਿਲਾਂ ਦੇ ਵਿਰੋਧ ਵਿੱਚ ਡਟੇ ਕਿਸਾਨਾਂ ਨਾਲ ਅੰਦਰ ਖਾਤੇ ਕਿਤੇ ਨਾ ਕਿਤੇ ਜੁੜਿਆ ਵੀ ਸੀ ਅਤੇ ਆਮ ਪਬਲਿਕ ਦੇ ਕੰਮ ਵੀ ਪਹਿਲ ਦੇ ਅਧਾਰ ਤੇ ਬਿਨਾਂ ਸਿਆਸੀ ਸਿਫਾਰਸ਼ ਦੇ ਹੋਣ ਲੱਗ ਪਏ ਸਨ।
ਇਹ ਵੀ ਇੱਕ ਕਿਸਮ ਦੇ ਇੰਨਕਲਾਬ ਦਾ ਹੜ੍ਹ ਈ ਆ ਗਿਆ ਸੀ।ਪਿੰਡਾਂ ਦੀਆਂ ਸੱਥਾਂ ਵਿੱਚ ਸਰਕਾਰਾਂ ਦੀਆਂ ਘਟੀਆ ਨੀਤੀਆਂ ਖਿਲਾਫ ਚਰਚੇ ਹੋਣ ਲੱਗ ਪਏ ਸਨ। ਇਥੋਂ ਤੱਕ ਕਿ ਘਰਾਂ ਦੀਆਂ ਸੁਆਣੀਆਂ ਵੀ ਹੁਣ ਸਰਸਰੀ ਗੱਲਬਾਤ ਵਿੱਚ ਸਰਕਾਰੀ ਲੋਕ ਮਾਰੂ ਨੀਤੀਆਂ, ਕਾਰਪੋਰੇਟ ਘਰਾਣਿਆਂ ਖਾਸ ਕਰਕੇ ਅੰਬਾਨੀਆਂ ਤੇ ਅਡਾਨੀਆਂ ਨੂੰ ਭੰਡਦੀਆਂ ਆਮ ਸੁਣੀਆਂ ਜਾਂਦੀਆਂ ਸਨ।ਨੌਜਵਾਨੀ ਵਿੱਚ ਅੰਤਾਂ ਦਾ ਜੋਸ਼ ਭਰ ਆਇਆ ਸੀ।ਜਿਹੜੇ ਲੋਕ ਕਦੇ ਖੇਤ ਤੋਂ ਘਰ ਤੇ ਘਰ ਤੋਂ ਖੇਤ ਤੋਂ ਬਿਨਾਂ ਕਿਸੇ ਕੰਮ ਵਿੱਚ ਦਿਲਚਸਪੀ ਨਹੀਂ ਸਨ ਰਖਦੇ ਅੱਜ ਲੈਕਚਰਾਰ ਅਧਿਆਪਕਾਂ ਵਾਂਗ ਲੀਡਰਾਂ ਖਿਲਾਫ ਭਾਸ਼ਣ ਕਰਦੇ ਆਮ ਦੇਖੇ ਗਏ ਸਨ।ਲੋਕ ਛੋਟੀਆਂ ਛੋਟੀਆਂ ਰੰਜਸ਼ਾਂ ਵਿਚੋਂ ਆਪ ਮੁਹਾਰੇ ਬਾਹਰ ਆ ਗਏ ਸਨ।ਕਿਸਾਨ ਇਸ ਲੜਾਈ ਨੂੰ ਮਜਬੂਤ ਕਰਨ ਲਈ ਇੱਕ ਦੂਸਰੇ ਦੇ ਕੰਮ ਵਿੱਚ ਹੱਥ ਵਟਾਉਂਦੇ ਫਸਲ ਬੀਜਣ, ਵੱਡਣ, ਰੇਹਾਂ,ਸਪਰੇਅ ਕਰਨ ਕਰਾਊਣ ਲਈ ਬਿਨਾਂ ਕਹਿਣ ਤੋਂ ਆਣ ਖੜਦੇ। ਸਾਕ ਸਕੀਰੀਆਂ ਵਿੱਚ ਮਿਲਦਿਆਂ ਇਕੋ ਟੌਪਕ ਤੇ ਗੱਲ ਚੱਲਦੀ ਕਿ ਪੰਜਾਬ ਹੁਣ ਜਾਗ ਚੁੱਕਾ ਹੈ ਬਾਬੇ ਨਾਨਕ ਦਾ ਵਰਤਾਰਾ ਵਰਤਿਆ ਹੈ, ਅੱਲ੍ਹਾ ਨੇ ਕਰਮ ਕੀਤਾ ਹੈ, ਭਗਵਾਨ ਦੀ ਕਿਰਪਾ ਹੋਈ ਐ । ਗੈਂਗ ਵਾਰਾਂ ਥੱਮੀਆਂ ਗਈਆਂ ਸਨ, ਵੱਟਾਂ ਬੰਨਿਆਂ ਦੇ ਝੰਜਟ ਮਿੱਟ ਚੁੱਕੇ ਸੀ, ਥਾਣਿਆਂ ਵਿੱਚ ਪਿੰਡਾਂ ਤੋਂ ਸ਼ਕਾਇਤਾਂ ਨਹੀਂ ਸਨ ਜਾਂਦੀਆਂ ਪੁਲਿਸ ਨੇ ਪਹਿਲੀ ਵਾਰ ਅਰਾਮ ਮਹਿਸੂਸ ਕਰਿਆ ਸੀ, ਰੂੜੀ ਮਾਰਕਾ ਫਿਰ ਮਹਿਕਣ ਲੱਗੀ ਸੀ।ਸਮਾਜਿਕ ਵਖਰੇਵੇਂ ਚੂਰ ਹੋ ਚੁੱਕੇ ਸਨ। ਇੱਕ ਕਿਸਮ ਦਾ ਸਤਿਯੁਗ ਦਾ ਵਰਤਾਰਾ ਵਰਤਦਾ ਹਰ ਪਿੰਡ ਨੂੰ ਨਸੀਬ ਹੋਇਆ ਸੀ ਤੇ ਇੰਝ ਜਾਪਣ ਲੱਗ ਗਿਆ ਸੀ ਕਿ ਕਦੇ ਵੀ ਹੁਣ ਸਿਆਸੀ ਪਾਰਟੀਆਂ ਤੇ ਧਾਰਮਿਕ ਕੱਟੜਤਾ ਪੰਜਾਬ ਦੇ ਪਿੰਡੇ ਨੂੰ ਦੁਬਾਰਾ ਵਲੂੰਧਰ ਨਹੀਂ ਸਕਦੀਆਂ।
ਸੱਭੇ ਸਾਂਝੀਵਾਲ ਦਾ ਵਰਤਾਰਾ ਓਦੋਂ ਤੱਕ ਵਰਤਿਆ ਜਦੋਂ ਤੱਕ ਬਿਲ ਰੱਦ ਨਹੀਂ ਹੋਏ । ਢੋਲ ਢਮੱਕਿਆਂ ਨਾਲ ਪਿੰਡ ਕੀ ਪਹੁੰਚੇ ਦੁਬਾਰਾ ਉਨ੍ਹਾਂ ਅਲਾਮਤਾਂ ਨੇ ਪਨਪਣਾ ਸ਼ੁਰੂ ਕਰ ਦਿੱਤਾ ਪੰਜਾਬ ਸਮੇਤ ਪੰਜਾਂ ਸੂਬਿਆਂ ਦੀਆਂ ਅਸੈਂਬਲੀ ਚੋਣਾਂ ਦੇ ਐਲਾਨ ਨੇ ਇੱਕ ਸਾਲ ਤੋਂ ਵੱਧ ਲੜੇ ਸੰਘਰਸ਼ ਤੇ ਸਾਢੇ ਸੱਤ ਸੌ ਸ਼ਹਾਦਤਾਂ ਵਿਚੋਂ ਨਿਕਲੇ ਇਨਕਲਾਬ ਦਾ ਕਿਲ੍ਹਾ ਢੇਹ ਢੇਰੀ ਕਰ ਦਿੱਤਾ।
ਲੋਕ ਆਪੋ ਆਪਣੇ ਕਿੱਲਿਆਂ ਨਾਲ ਦੁਬਾਰਾ ਬਝਣੇ ਸ਼ੁਰੂ ਹੋ ਗਏ। ਜਿਹੜੇ ਸਵਾਲ ਅਤੇ ਚੇਤੰਨਤਾ ਸੰਘਰਸ਼ ਨੇ ਮਨਾ ਵਿੱਚ ਉਕਰੇ ਸਨ, ਜੁਬਾਨ ਤੇ ਚੜੇ ਸਨ ਬੇਸ਼ਰਮੀ ਦੇ ਥੁੱਕ ਦੀ ਲਵ ਨਾਲ ਦੁਬਾਰਾ ਨਿਗਲ ਲਏ ਗਏ।ਪੰਜਾਬ ਦੇ ਪਾਣੀਆਂ ਦਾ ਮੁੱਦਾ, ਬੇਰੁਜ਼ਗਾਰੀ, ਸਿਹਤ ਸਹੂਲਤਾਂ, ਵਿਦਿਅਕ ਢਾਂਚਾ,ਪਰਵਾਸ ਅਤੇ ਖੇਤੀ ਸਕੀਮਾਂ ਵਿੱਚ ਸੁਧਾਰ ਦੇ ਮੁੱਦੇ ਸਿਆਸੀ ਲੀਡਰਾਂ ਦੇ ਚਾਹ ਦੇ ਪਿਆਲੇ ਨਾਲ ਹਜਮ ਕਰ ਲਏ ਗਏ।ਨਸ਼ਿਆਂ ਤੇ ਬੇਅਦਬੀ ਦੇ ਸਵਾਲਾਂ ਨੂੰ ਸਿਆਸੀ ਲੀਡਰਾਂ ਦੇ ਦਲ ਬਦਲੀ ਦੇ ਰੌਲ਼ੇ ਨੇ ਪੋਚ ਕੇ ਰੱਖ ਦਿੱਤਾ ਤੇ ਪਿੰਡਾਂ ਦੀਆਂ ਸੱਥਾਂ ਵਿੱਚ ਘੜੱਮ ਚੌਧਰੀਆਂ ਦੀਆਂ ਮੋਮੋਠੰਗਣੀਆਂ ਨੇ ਲੋਕ ਜਿਹਨ ਵਿੱਚ ਹੱਕਾਂ ਲਈ ਉੱਠੇ ਸਵਾਲਾਂ ਨੂੰ ਚਿੱਤ ਕਰ ਦਿੱਤਾ । ਹੁਣ ਲੋਕ ਖੇਤਾਂ ਦੀ ਰਾਖੀ ਨਹੀਂ ਚਹੇਤਾ ਪਾਰਟੀ ਦੇ ਲੀਡਰ ਦੀ ਵੋਟ ਬੈਂਕ ਲਈ ਜਿਆਦਾ ਚਿੰਤਤ ਨਜਰ ਆਉਂਦੇ ਹਨ।ਸਤਯੁਗ ਨੂੰ ਪਲਟ ਕੇ ਕਲਯੁਗ ਹੁਕਮਰਾਨਾ ਬਣ ਗਿਆ ਹੈ।ਧੜਿਆਂ ਦੇ ਪਾੜੇ ਵਧਣ ਲੱਗੇ ਹਨ ।ਉਹੀ ਕਿਸਾਨ ਜਾਂ ਹਮਾਇਤੀ ਕਾਂਗਰਸੀ, ਅਕਾਲੀ ਜਾਂ ਭਾਜਪਾਈ, ਬਣਕੇ ਫਕਰ ਮਹਿਸੂਸ ਕਰਦਾ ਹੈ ਜੋ ਕੁੱਝ ਕੁ ਸਮਾਂ ਪਹਿਲਾਂ ਲਾਂਨਤਾਂ ਪਾਉਂਦਾ ਨਹੀਂ ਸੀ ਥੱਕਦਾ। ਸੱਥਾਂ ਵਿੱਚ ਖੁੰਢ ਚਰਚੇ ਬਦਲ ਗਏ ਹਨ।ਕਿ ਫਲਾਣੇ ਲੀਡਰ ਨੂੰ ਟਿਕਟ ਨਾ ਮਿਲਣ ਤੇ ਪਾਰਟੀ ਬਦਲ ਕੇ ਟਿਕਟ ਲੈਣ ਦੀਆਂ ਗੱਲਾਂ ਚੱਲਣ ਲੱਗੀਆਂ ਹਨ।ਅੱਜ ਕਾਂਗਰਸ ਨੂੰ ਝਟਕਾ ਤੇ ਕੱਲ ਅਕਾਲੀ ਦਲ ਨੂੰ ਝਟਕਾ ਦੀਆਂ ਸੁਰਖੀਆਂ ਸੱਥਾਂ ਵਿੱਚ ਪੜੀਆਂ ਜਾਣ ਲੱਗੀਆਂ ਹਨ।
ਉਹ ਲੋਕ ਜੋ ਸੰਘਰਸ਼ ਵੇਲੇ ਟਾਹਰਾਂ ਮਾਰਦੇ ਨਹੀਂ ਸਨ ਥੱਕਦੇ ਅੱਜ ਭਿੱਜੀ ਬਿੱਲੀ ਵਾਂਗ ਡਰੇ ਹੋਏ ਫਿਰ ਉਹਨਾਂ ਘੁਰਨਿਆਂ ਵਿੱਚ ਜਾ ਵੜੇ ਹਨ ਤੇ ਕੁਝ ਲਾਲਚ ਵੱਸ ਕਰਕੇ ਧੱਕ ਲੈ ਗਏ ਹਨ । ਸਾਹੋ ਸਾਹੀ ਹੋਈ ਆਪਣਿਆਂ ਦੋਸ਼ਾ ਨੂੰ ਲੁਕਾਉਣ ਲਈ ਖੋਤੀ ਫਿਰ ਬੋਹੜ ਥੱਲੇ ਆ ਖੜੋਤੀ ਹੈ।ਗੁਰਬਾਣੀ ਦਾ ਫੁਰਮਾਨ ਕੋਈ ਹਰਿਓ ਬੂਟ ਰਹੀ”ਵਿਰਲੇ ਲੋਕ ਬਚੇ ਹਨ ਜੋ ਸਿਸਟਮ ਨੂੰ ਸਮਝਦੇ ਹਨ ਕਿ ਕੱਲ ਇਨ੍ਹਾਂ ਲਾਂਨਤੀਆਂ ਖਿਲਾਫ ਧਰਨੇ ਮਾਰਨੇ ਪੈਣਗੇ ਜਦੋਂ ਕੋਲ਼ੇ ਦੀ ਘਾਟ ਦਾ ਬਹਾਨਾ ਲਾ ਕੇ ਬਿਜਲੀ ਦੀ ਸਪਲਾਈ ਕੱਟੀ ਜਾਵੇਗੀ ਖੇਤੀ ਜਰਨੇਟਰਾਂ ਨਾਲ ਫੂਕਿਆ ਡੀਜਲ ਅੱਜ ਦੇ ਚੌੜ ਕਰਨ ਨਾਲੋਂ ਮਹਿੰਗਾ ਲੱਗੇਗਾ।ਚੜਾਵੇ ਬਗੈਰ ਕੋਈ ਵੀ ਕੰਮ ਨਾ ਹੋਣ ਦੀ ਸ਼ਕਾਇਤ ਫਿਰ ਉਠੇਗੀ, ਝੂਠੇ ਪਰਚੇ ਪੁਲਿਸ ਨੂੰ ਕਮਾਈ ਕਰਾਊਣਗੇ ਅਤੇ ਆਮ ਬੰਦੇ ਦਾ ਜਿਊਣਾ ਹਰਾਮ ਕੀਤਾ ਜਾਵੇਗਾ।ਅੱਜ ਦੀ ਕੀਤੀ ਨਲਾਇਕੀ ਲਈ ਨਮੋਸ਼ੀ ਤੇ ਪੁਛਤਾਵਾ ਵਧੇਗਾ ।
। ਉਹ ਪੰਜਾਬ ਜੋ ਖੇਤੀ ਕਨੂੰਨਾਂ ਦੀ ਲੜਾਈ ਸਮੇਂ ਦੇਸ਼ ਦਾ ਝੰਡਾ ਬਰਦਾਰ ਤੇ ਸਿਆਸੀ ਵਲਗਣਾਂ ਵਿਚੋਂ ਨਿਕਲਿਆ ਇੰਨਕਲਾਬੀ ਯੋਧਾ ਅਖਵਾਉਂਦਾ ਸੀ। ਪਿੰਜਰੇ ਦਾ ਸ਼ੇਰ ਨਹੀਂ ਤੋਤਾ ਬਣਿਆ ਨਜ਼ਰ ਆਉਂਦਾ ਹੈ। ਅੱਜ ਟਾਹਰਾਂ ਮਾਰਨ ਵਾਲੇ ਲੋਕ ਲੀਡਰਾਂ ਦੇ ਗਰੇਵਾਲ(ਚੰਮਚੇ) ਬਣੇ ਭਵਿੱਖ ਦੇ ਦੋਸ਼ੀ ਸਾਬਤ ਹੋਣਗੇ ।
ਦਿੱਲੀ ਧਰਨੇ ਸਮੇਂ ਮੀਡੀਆ ਦੇ ਕੈਮਰੇ ਸਾਹਵੇਂ ਆਕੜ ਆਕੜ ਕੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਖਰੀਆਂ ਖਰੀਆਂ ਸੁਣਾਉਣ ਵਾਲੇ ਅੱਜ ਓਸੇ ਕਿਸਤੀ ਵਿੱਚ ਬਹਿਣ ਕਰਕੇ ਜਲਾਲਤ ਨਾਲ ਜੀਅ ਸਕਦੇ ਹਨ ਫਕਰ ਨਾਲ ਨਹੀਂ।ਉਸ ਸਮੇਂ ਭਾਵੇਂ ਹਰ ਸਿਆਸੀ ਪਾਰਟੀ ਦਾ ਵਿਰੋਧ ਸੀ ਕਿਉਂਕਿ ਰਾਜ ਕਰਤਾ ਲੋਕਾਂ ਨੇ ਹੀ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬ ਨੂੰ ਭਿਖਾਰੀ ਬਣਨ ਤੱਕ ਲੁਟਿਆ ਹੈ।ਖਾਸ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਪ੍ਰਤੀ ਗੁੱਸਾ ਵਧੇਰੇ ਪ੍ਰਚੰਡ ਸੀ ਉਹ ਭਾਜਪਾ ਜੋ ਪਹਿਲਾਂ 20 ਕੁ ਸੀਟਾਂ ਉਹ ਵੀ ਬਾਦਲ ਪਰਿਵਾਰ ਦੀ ਮਿਹਰਬਾਨੀ ਤੇ ਮਕਾਰੀ ਕਰਕੇ ਲੜਦੀ ਸੀ ਅੱਜ ਪੈਂਟ ਸੀਟਾਂ ਤੱਕ ਆ ਪਹੁੰਚੀ ਹੈ।ਮੁੱਖ ਮੰਤਰੀ ਦੀ ਕੁਰਸੀ ਤੋਂ ਜਲੀਲ ਕਰਕੇ ਲਾਹਿਆ ਕੈਪਟਨ ਅਮਰਿੰਦਰ ਸਿੰਘ ਪਿਓ ਦਾਦਿਆਂ ਦੇ ਗਦਾਰ ਖੂਨ ਤੇ ਦੁਬਾਰਾ ਮੋਹਰ ਲਾ ਕੇ ਸ਼ਾਹ, ਮੋਦੀ ਨਾਲ ਯਾਰੀ ਪੁਗਦੀ ਕਰਕੇ ,ਮਕਾਰੀ ਢੀਂਡਸੇ ਦੀ ਸਹਾਇਤਾ ਨਾਲ ਪੰਜਾਬ ਵਿੱਚ ਭਾਜਪਾ ਦੇ ਬੁਝੇ ਦੀਵੇ ਵਿੱਚ ਤੇਲ ਪਾਉਂਦਾ ਅਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਹਲ਼ਕਿਆ ਫਿਰਦਾ ਹੈ।
ਕਿਸੇ ਵੀ ਸਿਆਸੀ ਪਾਰਟੀ ਦੇ ਅਜੰਡੇ ਉੱਤੇ ਜਹਿਰ ਬਣੇ ਤੇ ਮੁਕਦੇ ਜਾਂਦੇ ਪਾਣੀਆਂ ਦੀ ਗੱਲ ਨਹੀਂ
ਪੰਜਾਬ ਦੀ ਧਰਤ ਹੇਠਲਾ ਪਾਣੀ ਤਿੰਨ ਪਤਣਾ ਦਾ ਕੇਵਲ17 ਸਾਲ ਯੋਗਾ ਹੀ ਬਚਿਆ ਹੈ ਕੀ ਏਨਾ ਨੇੜੇ ਅੰਤ ਦੇਖ ਕੇ ਵੀ ਇਨ੍ਹਾਂ ਦੀ ਡੁਬਦੀ ਕਿਸ਼ਤੀ ਵਿੱਚ ਸਵਾਰ ਹੋ ਜਾਵਾਂਗੇ? ਗੁਰੂਆਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਕਿਸ ਅਲੌਕਿਕ ਸ਼ਕਤੀ ਦਾ ਭਰਮ ਭੁਲੇਖਾ ਹੈ।ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਵੀ ਨਹੀਂ ਖੁਲਣੀਆਂ ਕਰੋ ਸੋ ਭਰੋ ਕੁਦਰਤੀਂ ਨਿਯਮ ਹੈ। ਸੁਕਰਾਤ ਨੂੰ ਮੌਤ ਦੇ ਘਾਟ ਉਤਾਰਨ ਨਾਲ ਸਚਾਈ ਨੇ ਮਰਨਾ ਨਹੀਂ। ਗਲੇਲੀਓ ਨੂੰ ਝੁਠਲਾਇਆ ਨਹੀਂ ਜਾ ਸਕਦਾ ਸੱਚ ਆਖਰ ਸੱਚ ਹੈ ਕਿ ਪੰਜਾਬ ਨੂੰ ਉਜਾੜਨ ਵਿੱਚ ਸਾਡਾ ਹੀ ਹੱਥ ਹੈ।ਮਤਦਾਨ ਦਾ ਆਪਣੀ ਮੱਤ ਨਾਲ ਦਾਨ ਕਰੀਏ ਨਾ ਕਿ ਲਾਲਚ, ਡਰਾਵੇ ਜਾਂ ਮੋਹ ਨਾਲ।

( ਰਾਣਾ ਸੈਦੋਵਾਲ 9855463377)

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੌਜਵਾਨਾਂ ਦਾ ਵਿਦੇਸ਼ਾਂ ਪ੍ਰਤੀ ਰੁਝਾਨ
Next articleਸਾਡੀ ਚੋਣ ਪਰਣਾਲ਼ੀ