ਰਾਜਨੀਤਿਕ ਚੇਤਨਤਾ, ਵਕਤ ਦੀ ਮੰਗ

ਬਲਜਿੰਦਰ ਸਿੰਘ

(ਸਮਾਜ ਵੀਕਲੀ)

ਗੰਜਿਆਂ ਨੂੰ ਕੰਘੇ ਵੇਚ ਜਾਣਾ ਚਾਤੁਰ ਹੋਣ ਦੀ ਨਿਸ਼ਾਨੀ ਹੈ। ਇਹ ਛਲੀ ਹੋਣ ਦਾ ਸੰਕੇਤ ਹੈ। ਅਜੋਕੀ ਸਿਆਸਤ ਛਲ਼- ਕਪਟ ਦੀ ਨੀਤੀ ਦੇ ਦਾਅ ਲਾ ਕੇ ਸਾਡੇ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਗੁੰਮਰਾਹ ਕਰ ਰਹੀ ਹੈ। ਸੱਤਾ ਦੀ ਲਾਲਸਾ ਇੰਨੀ ਵੱਧ ਗਈ ਕਿ ਮਨੁੱਖ ਨੇ ਮਨੁੱਖਤਾ ਤੇ ਨੈਤਿਕਤਾ ਹੀ ਦਫ਼ਨਾ ਦਿੱਤੀ ਹੈ। ਹਰ ਰਾਜਨੀਤਿਕ ਦਲ ਵਿਚ, ਸਰ ਸੰਸਥਾ, ਹਰ ਸੰਗਠਨ ਵਿਚ ਸ਼ੁਕਨੀ ਘਰ ਬਣਾ ਬੈਠੇ ਹਨ। ਜਨ ਸਧਾਰਣ ਦੀਆਂ ਇਛਾਵਾਂ ਤੇ ਅਧਿਕਾਰਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੌਣ ਕਦੋਂ ਕੀ ਗੰਦੀ ਸਿਆਸਤ ਦਾ ਦਾਅ ਚਲਾ ਕੇ ਧੋਬੀ ਪਟਕਾ ਮਾਰ ਜਾਵੇ ਕੁੱਝ ਵੀ ਨਹੀ ਕਿਹਾ ਜਾ ਸਕਦਾ। ਆਪਣਾ ਉੱਲੂ ਸਿੱਧਾ ਕੀਤਾ ਤੇ ਠਹਾਕੇ ਮਾਰ ਤੁਰਦੇ ਬਣੋ।

ਸਮਾਜ ਦਾ ਇਕ ਅਹਿਮ ਥੰਮ ਹੈ ਵਿਸ਼ਵਾਸ਼। ਜਦੋਂ ਸਾਡਾ ਆਪਸੀ ਵਿਸ਼ਵਾਸ਼ ਹੀ ਖਤਮ ਹੋ ਗਿਆ ਤਾਂ ਭਾਈਚਾਰਕ ਸਾਂਝਾ ਉਡ-ਪੁਡ ਜਾਣਗੀਆਂ। ਕਿਸੇ ਤੇ ਆਪਣਾ ਵਿਸ਼ਵਾਸ਼ ਯਕੀਨੀਨ ਬਣਾਈ ਰੱਖਣਾ ਤੇ ਵਿਸ਼ਵਾਸ਼ ਟੱਟਣ ਤੇ ਜੋ ਤਰੇੜ ਸਮਾਜਿਕ ਸਾਂਝਾ ਵਿੱਚ ਪੈਂਦੀ ਹੈ ਉਹ ਨਾ ਭਰਨ ਯੋਗ ਹੁੰਦੀ ਹੈ।ਸਾਡੇ ਅੰਨੇ ਵਿਸ਼ਵਾਸ਼ ਦਾ ਨਜ਼ਾਇਜ਼ ਫਾਇਦਾ ਲੂੰਮੜ ਜਿਹੇ ਚਲਾਕ ਤੇ ਘਟੀਆ ਆਚਰਣ ਦੇ ਲੋਕ ਚੁੱਕਦੇ ਰਹਿੰਦੇ ਹਨ। ਇਹਨਾਂ ਤੋਂ ਬਚਾਅ ਰੱਖਣ ਲਈ ਸਰ ਇਨਸਾਨ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਸਾਡੇ ਭੋਲੇਪਣ ਦਾ ਤਮਾਸ਼ਾ ਨਾ ਬਣੇ ਤੇ ਸਾਡੀਆਂ ਭਾਵਨਾਵਾਂ ਨਾਲ਼ ਖਿਲਵਾੜ ਨਾ ਹੋਵੇ, ਇਹ ਸਮਾਜਿਕ ਸੁਚੇਤਤਾ ਹਰ ਵੱਡੇ ਛੋਟੇ ਇਨਸਾਨ ਵਿੱਚ ਹੋਣੀ ਸਮੇਂ ਦੀ ਮੰਗ ਹੈ।
ਲਾਲਸੀ ਤੇ ਫ਼ੁਕਰੇ ਲੋਕਾਂ ਨੇ ਜਲਦੀ ਅਮੀਰ ਹੋਣ ਦਾ ਰਾਹ ਰਾਜਨੀਤਿਕ ਸੱਤਾ ਦੀ ਪ੍ਰਾਪਤੀ ਦਾ ਲੱਭਿਆ ਹੈ। ਆਪਣੀ ਧੌਂਸ ਜਮਾਉਣ ਲਈ ਤੇ ਧੌਂਸ ਕਾਇਮ ਰੱਖਣ ਲਈ ਇਹ ਲੋਕ ਗੈਰ-ਇਖ਼ਲਾਕੀ ਹੋ ਤੁਰਦੇ ਹਨ। ਇਹਨਾਂ ਦਾ ਕਿਰਦਾਰ ਮਨਫ਼ੀ ਹੋ ਜਾਂਦਾ ਹੈ। ਦੇਸ਼ ਸੇਵਾ, ਲੋਕ ਸੇਵਾ ਦੇ ਨਾਂਅ ਤੇ ਵੱਡੇ ਵੱਡੇ ਪ੍ਰਾਪੇਗੰਡਾ ਕਰਕੇ ਭੋਲੇ ਲੋਕਾਂ ਨੂੰ ਭੇਡਾਂ ਵਾਂਗ ਪਿੱਛੇ ਲਾ ਲੈਂਦੇ ਹਨ।ਇਹਨਾਂ ਦੀ ਸੁੰਘਾਈ ਗਿੱਦੜ ਸਿੰਗੀ ਨੌਜਵਾਨ ਵਰਗ ਨੂੰ ਕੁਰਾਹੇ ਪਾ ਤਬਾਹ ਕਰ ਦਿੰਦੀ ਹੈ।
ਸਾਇਰਨ ਮਾਰਦੀਆਂ ਅਲੀਸ਼ਾਨ ਗੱਡੀਆਂ ਦੀ ਧੂੜ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਖੜਪੰਚਾਂ ਨੂੰ ਰਾਜਨੀਤਿਕ ਸੱਤਾ ਦੀ ਪ੍ਰਾਪਤੀ ਲਈ ਧੂੜ ਦਾ ਟੱਟੂ ਬਣਾ ਛੱਡਦੀ ਹੈ।

ਰਾਜਨੀਤਿਕ ਲੋਕਾਂ ਦੇ ਅਸ਼ੀਰਵਾਦ ਅਪਰਾਧ ਨੂੰ ਜਨਮ ਦੇ ਰਹੇ ਹਨ। ਇਹ ਲੋਕ ਸਮਾਜ ਦੀਆਂ ਧੜੇਬੰਦੀਆਂ ਨੂੰ ਚੋਗਾ ਪਾ ਕੇ ਆਪਣੀਆਂ ਪਾਲਤੂ ਬਣਾ ਆਪਣੇ ਹਿੱਤਾਂ ਦੀ ਪੂਰਤੀ ਕਰ ਰਹੇ ਹਨ । ਪਿੰਡਾਂ ਤੇ ਸ਼ਹਿਰੀ ਮਹੁੱਲਿਆਂ ਦੇ ਵਿਚ ਆਪਣੇ ਚਮਚੇ ਤਿਆਰ ਕਰਕੇ ਹਰ ਗਲੀ ਹਰ ਨੁੱਕਰ ਦੀ ਖਬਰਸਾਰ ਰੱਖਦੇ ਹਨ। ਕੌਣ ਇਹਨਾਂ ਦੇ ਵਿਰੱਧ ਚੱਲ ਰਿਹਾ ਹੈ ਇਹ ਚਮਚੇ ਗੁਪਤਚਰ ਲਾਈਆਂ-ਬੁਝਾਈਆਂ ਲਾ ਕੇ ਰਾਜਨੀਤਿਕ ਨੇਤਾਵਾਂ ਦੇ ਭਾਂਡੇ ਚੁੱਕ ਬਣਕੇ ਆਪਣਾ ਪੂਭਾਵ ਸਰਕਾਰੀ ਦਰਬਾਰੀ ਬਣਾਉਣ ਦੀ ਕੋਸ਼ਿਸ਼ ਵਿਚ ਸਰਗਰਮ ਰਹਿੰਦੇ ਹਨ।
ਅਜੋਕੀ ਰਾਜਨੀਤੀ ਦੇਸ਼ ਜਾਂ ਰਾਜ ਦੇ ਵਿਕਾਸ ਦੀ ਪੈਰਵੀ ਨਹੀ ਕਰ ਰਹੀ, ਸਗੋਂ ਵਿਨਾਸ਼ ਦੀ ਨਿਸ਼ਾਨ ਦੇਹੀ ਕਰ ਰਹੀ ਹੈ। ਜਨ ਸਧਾਰਣ ਦੀ ਸੇਵਾਵਾਂ ਲਈ ਨਹੀਂ ਬਲਕਿ ਆਪਣੀਆਂ ਪੈਦਾ ਹੋਣ ਵਾਲੀਆਂ ਪੁਸ਼ਤਾਂ ਲਈ ਸੰਪੰਤੀ, ਸਾਧਨਾਂ ਤੇ ਸੱਤਾ -ਸ਼ਕਤੀ ਤੇ ਕਾਬਿਜ਼ ਹੋਣ ਲਈ ਤੱਤਪਰ ਹੈ।
ਭਾਈ-ਭਤੀਜਾ ਬਾਦ,ਸਾਲਾ-ਜੀਜਾ ਬਾਦ, ਕੁੜਮ-ਬਾਦ ਕਾਵਾਂ ਵਾਂਗ ਇਕ ਦੂਜੇ ਲਈ ਦਾਅ-ਪੇਚ ਲਾ ਰਿਹਾ ਹੈ। ਪੰਜ-ਸੱਤ ਸਾਲਾਂ ਵਿੱਚ ਹੀ ਕਰੋੜਾਂਪਤੀ ਬਣ ਜਾਣਾ ਭਾਰਤੀ ਸਿਸਟਮ ਵਿੱਚ ਬੜਾ ਸੌਖਾ ਹੈ।
ਜਨ ਸਧਾਰਣ ਦੀ ਗ਼ੈਰ-ਜਿੰਮੇਵਰਾਨਾ ਸੋਚ ਇਹੋ ਜਿਹੇ ਠੱਗ, ਬਦਮਾਸ਼ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਰਾਜਨੀਤਿਕ ਸੂਝ-ਬੂਝ ਨਾ ਹੋਣ ਦਾ ਕਾਰਣ ਅਹਿਮ ਹੈ। ਸਰਕਾਰਾਂ ਦੀ ਨੀਅਤ ਅਤੇ ਨੀਅਤੀ ਵਲੋਂ ਅਵੇਸਲੇ ਹੋਣਾ ਦੇਸ਼ ਲਈ ਬਹੁਤ ਵੱਡਾ ਸੰਕਟ ਪੈਦਾ ਕਰ ਰਿਹਾ ਹੈ। ਵਿਧਾਨ ਸਭਾਵਾਂ ਦੇ ਮੈਂਬਰਾਂ ਤੇ ਸੰਸਦੀ ਮੈਂਬਰਾਂ ਦਾ ਵਿੱਦਿਅਕ ਪੱਖੋਂ ਅਯੋਗ ਹੋਣਾ ਉਸ ਤੋਂ ਵੀ ਘਾਤਿਕ ਹੈ। ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੇ ਮੈਂਬਰ, ਮੰਤਰੀ ਮਾਤ ਭਾਸ਼ਾ, ਰਾਸ਼ਟਰੀ ਭਾਸ਼ਾ ਤੇ ਅੰਤ- ਰਾਸ਼ਟਰੀ ਭਾਸ਼ਾ ਦੇ ਗਿਆਨੀ ਹੋਣੇ ਲਾਜ਼ਮੀ ਹੋਣ। ਵਿਕਾਊ ਤੇ ਅਪਰਾਧੀ ਲੋਕਾਂ ਦਾ ਦਾਖਲਾ ਸੰਸਦ ਤੇ ਵਿਧਾਨ ਸਭਾਵਾਂ ਚੋਂ ਬਿਲਕੁਲ ਬੰਦ ਹੋਵੇ। ਭਾਰਤੀ ਸੰਵਿਧਾਨ ਦਾ ਵਿਸ਼ਲੇਸ਼ਣ ਕਰਨ ਵਾਲੇ ਕਾਨੂੰਨੀ ਮਾਹਿਰ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਕੋਸ਼ਿਸ਼ ਪਾਰਟੀ ਬਾਜ਼ੀ ਤੋਂ ਉਠਕੇ ਕਰਨ। ਕਿਸਾਨ ਅੰਦੋਲਨ ਜਿਹੇ ਅੰਦੋਲਨਾਂ ਨੇ ਕ੍ਰਾਂਤੀ ਕਾਰੀ ਸਮਾਜਿਕ ਬਦਲਾਅ ਲਿਆਂਦਾ ਹੈ। ਰਾਜਨੀਤਿਕ ਸੂਝ-ਬੂਝ ਪੈਦਾ ਕੀਤੀ ਹੈ। ਸਰਕਾਰ ਦੀਆਂ ਲੋਕ ਮਾਰੂ ਗੈਰ-ਜਿੰਮੇਵਾਰੀਆਂ ਤੇ ਅਣਗਹਿਲੀਆ ਨੂੰ ਧਿਆਨ ਵਿਚ ਲਿਆ ਕੇ ਰਾਜਨੀਤਿਕ ਜਾਗਰੂਕਤਾ ਪੈਦਾ ਕੀਤੀ ਹੈ। ਇਹ ਜਾਗ੍ਰਿਤੀ ਦੇਸ਼ ਤੇ ਸੰਵਿਧਾਨ ਦੇ ਹਿੱਤਾਂ ਲਈ ਬਹੁਤ ਅਹਿਮ ਹੈ।

ਬਲਜਿੰਦਰ ਸਿੰਘ “ਬਾਲੀ ਰੇਤਗੜੵ “
+917087629168
+919465129168 whatsapp

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਰਪਣ
Next articleਬਾਰ ਐਸੋਸੀਏਸ਼ਨ ਨੇ ਕੀਤਾ ਭਾਜਪਾ ਉਮੀਦਵਾਰ ਖੋਜੇਵਾਲ ਨੂੰ ਸਮਰਥਨ ਦਾ ਐਲਾਨ