ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪੋਲੀਓ ਦੀ ਬੁੰਦਾ ਪਿਲਾਉਣ ਦੀ ਡਿਊਟੀ ਨਾ ਲਗਵਾਉਣ ਸਬੰਧੀ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੂੰ ਇੱਕ ਮੰਗ ਪੱਤਰ ਸੀ ਡੀ ਪੀ ਓ ਦਫ਼ਤਰ ਦੀਆਂ ਸੁਪਰਵਾਈਜ਼ਰਾਂ ਨੂੰ ਸੋਂਪਿਆ ਗਿਆ। ਜੁਝਾਰੂ ਆਂਗਨਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਬਲਾਕ ਨਵਾਂਸ਼ਹਿਰ ਦੀ ਪ੍ਰਧਾਨ ਸ੍ਰੀਮਤੀ ਕਵਿਤਾ ਸ਼ਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿੱਚ ਹਰੇਕ ਸਾਲ ਛੋਟੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਂਦੀਆਂ ਹਨ ਇਸ ਮੁਹਿੰਮ ਵਿੱਚ ਕੇਂਦਰ ਵੱਲੋਂ ਸਭ ਤੋਂ ਜ਼ਿਆਦਾ ਡਿਊਟੀ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਜ਼ਬਰਦਸਤੀ ਲਗਵਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਵੀ ਕੋਈ ਵਾਧੂ ਕੰਮ ਕਰਨਾ ਹੋਵੇ ਤਾਂ ਵੀ ਆਂਗਨਵਾੜੀ ਵਰਕਰ ਅਤੇ ਹੈਲਪਰ ਦੀ ਡਿਊਟੀ ਲਗਵਾ ਕੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜਦੋਂ ਕਿ ਉਨ੍ਹਾਂ ਕੋਲ ਪਹਿਲਾਂ ਹੀ ਆਂਗਨਵਾੜੀ ਕੇਂਦਰ ਦਾ ਪੋਸ਼ਣ ਟਰੇਕਰ ਦਾ ਕੰਮ ਜ਼ਿਆਦਾ ਹੁੰਦਾ ਏ। ਵਾਧੂ ਕੰਮ ਕਰਨ ਨਾਲ ਉਨ੍ਹਾਂ ਦਾ ਆਪਣਾ ਕੰਮ ਅਧੂਰਾ ਰਹਿ ਜਾਂਦਾ ਹੈ। ਕੇਂਦਰ ਵੱਲੋਂ ਇਹ ਕੰਮ ਵੀ ਜ਼ਬਰਦਸਤੀ ਉਨ੍ਹਾਂ ਦੇ ਪ੍ਰਾਈਵੇਟ ਫੋਨਾਂ ਤੇ ਕਰਵਾਇਆ ਜਾਂਦਾ ਹੈ। ਇਸ ਦੇ ਬਦਲੇ ਕੇਂਦਰ ਸਰਕਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਅੱਧੀ ਤਨਖਾਹ ਦਿੰਦੀ ਹੈ।ਅੱਧੇ ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ ਪਰ ਹਾਲੇ ਤੱਕ ਵੀ ਕੇਂਦਰ ਸਰਕਾਰ ਵੱਲੋਂ ਕੋਈ ਤਨਖਾਹ ਨਹੀਂ ਦਿੱਤੀ ਗਈ। ਜਦੋਂ ਕਿ ਇਸ ਅੱਧੀ ਤਨਖਾਹ ਨਾਲ ਹੀ ਆਂਗਨਵਾੜੀ ਵਰਕਰ ਅਤੇ ਹੈਲਪਰ ਵਲੋਂ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ। ਹੁਣ ਪੰਜਾਬ ਦੀਆਂ ਸਾਰੀਆਂ ਆਂਗਨਵਾੜੀ ਵਰਕਰ ਅਤੇ ਹੈਲਪਰ ਕੇਂਦਰ ਸਰਕਾਰ ਦਾ ਕੋਈ ਵੀ ਵਾਧੂ ਕੰਮ ਨਹੀਂ ਕਰਨਗੀਆਂ ਉਹ ਸਿਰਫ਼ ਆਪਣੇ ਮਹਿਕਮੇ ਦਾ ਕੰਮ ਹੀ ਕਰਨਗੀਆਂ। ਉਹ ਆਪਣੀ ਮਰਜ਼ੀ ਨਾਲ ਕੰਮ ਕਰਨਾ ਚਾਹੁੰਦੀਆਂ ਹਨ। ਇਸ ਲਈ ਕੇਂਦਰ ਸਰਕਾਰ ਇਸ ਮੁਹਿੰਮ ਲਈ ਆਸ਼ਾ ਵਰਕਰਾਂ ਨਾਲ ਸੰਪਰਕ ਕਰ ਲਵੇ। ਇਸ ਸਮੇਂ ਜੁਝਾਰੂ ਆਂਗਨਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਬਲਾਕ ਨਵਾਂਸ਼ਹਿਰ ਦੀ ਪ੍ਰਧਾਨ ਸ੍ਰੀਮਤੀ ਕਵਿਤਾ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਕੌਰ, ਕ੍ਰਿਸ਼ਨਾ ਰਾਣੀ ਜਨਰਲ ਸਕੱਤਰ, ਮਨਦੀਪ ਕੌਰ ਵਿੱਤ ਸਕੱਤਰ, ਕੁਲਵਿੰਦਰ ਕੌਰ ਖ਼ਜ਼ਾਨਚੀ ਅਤੇ ਆਂਗਨਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ।
ਪੋਲੀਓ ਮੁਹਿੰਮ ਵਿੱਚ ਬੁੰਦਾ ਪਿਲਾਉਣ ਦੀ ਡਿਊਟੀ ਨਾ ਲਗਵਾਈ ਜਾਵੇ:-ਜੁਝਾਰੂ ਆਂਗਨਵਾੜੀ ਵਰਕਰ ਅਤੇ ਹੈਲਪਰ ਯੂਨੀਅਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



