(ਸਮਾਜ ਵੀਕਲੀ): ਪੰੰਜਾਬੀ ਯੂਨੀਵਰਸਿਟੀ ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਮੌਕੇ ਕਵਰੇਜ ਕਰਨ ਪੁੱਜੇ ਸਥਾਨਕ ਪੱਤਰਕਾਰਾਂ ਨੂੰ ਪੁਲੀਸ ਵੱਲੋਂ ਸਮਾਰੋਹ ਵਾਲੇ ਸਥਾਨ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਕਾਰਨ ਪੱਤਰਕਾਰ ਭਾਈਚਾਰੇ ’ਚ ਰੋਸ ਦੀ ਲਹਿਰ ਹੈ। ਪੱਤਰਕਾਰਾਂ ਦੀਆਂ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਮਹੂਰੀ ਜਥੇਬੰਦੀਆਂ ਤੇ ਵਿਰੋਧੀ ਰਾਜਸੀ ਧਿਰਾਂ ਨੇ ਵੀ ਇਸ ਕਾਰਵਾਈ ਨੂੰ ਤਾਨਾਸ਼ਾਹੀ ਰਵੱਈਆ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀ ਫਿਲਮ ਤੇ ਟੀਵੀ. ਐਕਟਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਸਮਾਗਮ ’ਚ ਸ਼ਾਮਲ ਹੋਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਪਹਿਲਾਂ ਤੋਂ ਹੀ ਸੱਦਾ ਪੱਤਰ ਦਿੱਤਾ ਹੋਇਆ ਸੀ। ਇਹ ਸਮਾਗਮ ਯੂਨੀਵਰਸਿਟੀ ਵਿਚਲੇ ਗੁਰੂ ਤੇਗ਼ ਬਹਾਦਰ ਹਾਲ ’ਚ ਹੋਣਾ ਸੀ। ਜਦ ਪੱਤਰਕਾਰ ਸਮਾਗਮ ’ਚ ਸ਼ਾਮਲ ਹੋਣ ਲਈ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਲਿਆ ਕਿ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਸਮਾਗਮ ਮਗਰੋਂ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਪ੍ਰੋਗਰਾਮ ਸੋਮਵਾਰ ਰਾਤ ਹੀ ਤੈਅ ਹੋਇਆ ਸੀ ਤੇ ਮੁੱਖ ਮੰਤਰੀ ਦੇ ਆਉਣ ਦਾ ਪ੍ਰੋਗਰਾਮ ਬਣਨ ਕਾਰਨ ਕਈ ਮਾਮਲੇ ਜ਼ਿਲ੍ਹਾ ਪ੍ਰਸ਼ਾਸਨ ਤੇ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਨੇ ਆਪਣੇ ਹੱਥ ’ਚ ਲੈ ਲਏ ਸਨ। ਪਟਿਆਲਾ ਦੇ ਡੀਪੀਆਰਓ ਹਰਦੇਵ ਸਿੰਘ ਆਸੀ ਨੇ ਕਿਹਾ ਕਿ ਸਮੁੱਚਾ ਮਾਮਲਾ ਉਨ੍ਹਾਂ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਹੈ। ਪਟਿਆਲਾ ਮੀਡੀਆ ਕਲੱਬ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।