(ਸਮਾਜ ਵੀਕਲੀ)
ਪੰਜਾਬ ਪੁਲਿਸ ਇਕ ਵਾਰ ਫੇਰ ਚਰਚਾ ਵਿਚ ਹੈ। ਏਸ ਵਾਰ ਬੇਗਾਨੇ ਸੂਬਿਆਂ ਦੇ ਵਿਅਕਤੀਆਂ ਨੂੰ ਕੁਝ ਅਰਸਾ ਪਹਿਲਾਂ ਪੰਜਾਬ ਸਰਕਾਰ ਦੀ ਨੌਕਰੀ ਨਾਲ ਨਵਾਜ਼ਨ ਦਾ ਦੱਬਿਆ ਮਾਮਲਾ ਜ਼ਾਹਰ ਹੋਇਆ ਹੈ।
ਮਾਮਲਾ ਇਹ ਹੈ ਕਿ ਨੌਜਵਾਨ ਕਾਰਕੁਨ ਲਖਾ ਸਿਧਾਣਾ ਤੇ ਕਿਸਾਨ ਆਗੂਆਂ ਨੇ ਲੰਘੀ ਦੋ ਨਵੰਬਰ ਨੂੰ ਚੰਡੀਗਡ਼੍ਹ ਵਿਚ ਕੀਤੀ ਪੱਤਰਕਾਰ ਮਿਲਣੀ ਦੌਰਾਨ ਕਈ ਇੰਕਸ਼ਾਫ ਕੀਤੇ ਸਨ। ਇਨ੍ਹਾਂ ਦੋਸ਼ਾਂ ਬਾਰੇ ਉਨ੍ਹਾਂ ਨੇ ਸਬੂਤਾਂ ਨੂੰ ਤੱਥਾਂ ਦੀ ਤਰਤੀਬ ਵਿਚ ਪੇਸ਼ ਕੀਤਾ ਹੈ। ਪੰਜਾਬੀ ਵਸੇਬ ਵਿਚ ਇਕ ਮੁਹਾਵਰਾ ਹੈ ਕਿ ਅੱਗ ਲੱਗੀ ਨਾ ਹੋਵੇ ਤਾਂ ਧੂੰਆਂ ਵੀ ਨਹੀਂ ਉੱਠਦਾ ਹੁੰਦਾ! ਸੱਚ ਕੀ ਹੈ? ਇਹ ਤਾਂ ਪੰਜਾਬ ਪੁਲਿਸ ਦੇ ਤਰਜਮਾਨ ਨੂੰ ਜਾਂ ਪੰਜਾਬ ਸਰਕਾਰ ਦੇ ਪ੍ਰਮੁੱਖ ਮੁੱਖ ਸਕੱਤਰ ਨੂੰ ਹੀ ਪਤਾ ਹੋਵੇਗਾ। ਮਾਮਲਾ, ਅਸੀਂ ਇਨ੍ਹ ਬਿਨ੍ਹ ਪੇਸ਼ ਕਰ ਰਹੇ ਹਾਂ।
ਚੰਡੀਗੜ੍ਹ ਵਿਚ ਚੁਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਭ ਤੋਂ ਪਹਿਲਾਂ ਬੀ ਐਸ ਐਫ ਵੱਲੋਂ ਵਧਾਏ ਦਾਇਰੇ ਦੇ ਸੰਜੀਦਾ ਮਸਲੇ ’ਤੇ ਗੱਲ ਕਰਦਿਆਂ ਕਿਹਾ ਕਿ ਇਹ ਗ਼ਲਤ ਫੈਸਲਾ ਹੈ। ਪੰਜਾਬ ਸਰਕਾਰ ਨੇ ਇਸ ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿਚ ਰੱਦ ਕਰਨ ਲਈ ਕਿਹਾ ਹੈ। ਪੰਜਾਬ ਦੀਆਂ ਰਾਜਸੀ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਜਾਂ ਅਕਾਲੀ ਦਲ ਇਸ ਨੂੰ ਲੈ ਕੇ ਕੇਂਦਰ ’ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕਾਂ ਉੱਤੇ ਡਾਕਾ ਮਾਰ ਰਹੀ ਐ। ਉਨ੍ਹਾਂ ਕਿਹਾ ਕਿ ਬੀ ਐੱਸ ਐੱਫ ਦਾ ਅਖਤਿਆਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰਨਾ ਲੋਕਾਂ ਉੱਤੇ ਜਬਰ ਕਰਨ ਦੇ ਤੁੱਲ ਹੈ।
ਪੁਲਿਸ ਕਟਹਿਰੇ ਵਿਚ!
ਦਰਹਕੀਕਤ, ਇਨ੍ਹਾਂ ਸਮਾਜੀ ਕਾਰਕੁਨਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਪੁਲਿਸ ਮਹਿਕਮੇ ਵਿਚ ਹੋਈਆਂ ਭਰਤੀਆਂ ਵਿਚ ਵੱਡੀ ਧਾਂਦਲੀ ਹੋਈ ਹੈ। ਉਨ੍ਹਾਂ ਵਿਸਥਾਰਤ ਤੌਰ ਉੱਤੇ ਦੱਸਿਆ ਪੁਲਿਸ ਮਹਿਕਮੇ ਵਿਚ ਕੁਲ 300 ਭਰਤੀਆਂ ਹੋਈਆਂ ਹਨ,ਜਿਨ੍ਹਾਂ ਵਿਚ 5 ਡੀ ਐਸ ਪੀ, 44 ਇੰਸਪੈਕਟਰ, 21 ਸਬ-ਇੰਸਪੈਕਟਰ, 40 ਏ ਐਸ ਆਈ, 78 ਹੈੱਡ ਕਾਂਸਟੇਬਲ ਤੇ 112 ਜਣੇ ਕਾਂਸਟੇਬਲ ਵਜੋਂ ਕੰਮ ਉੱਤੇ ਰੱਖੇ ਹਨ। ਇਨ੍ਹਾਂ ਵਿਚ ਸਬ-ਇੰਸਪੈਕਟਰਾਂ ਦੀਆਂ 45 ਸਾਮੀਆਂ ਖਤਮ ਕਰ ਕੇ ਸਿੱਧੇ ਤੌਰ ਉੱਤੇ 44 ਇੰਸਪੈਕਟਰ ਭਰਤੀ ਕਰ ਲਏ ਗਏ।
ਉਨ੍ਹਾਂ ਇਲਜ਼ਾਮ ਲਾਏ ਕਿ ਇਨ੍ਹਾਂ ਵਿਚੋਂ 24 ਇੰਸਪੈਕਟਰਾਂ ਦੀ ਭਰਤੀ ਲਈ ਮਨਜ਼ੂਰੀ ਨਹੀਂ ਲਈ ਗਈ। ਲੱਖਾ ਸਿਧਾਨੇ ਨੇ ਦੁਹਰਾਇਆ ਕਿ ਪੰਜਾਬ ਵਿਚ ਪੁਲਿਸ ਵਿਭਾਗ ਵਿਚ ਹੋਈਆਂ ਭਰਤੀਆਂ ਦੌਰਾਨ ਵੱਡੀ ਧਾਂਦਲੀ ਹੋਈ ਹੈ।
ਸਰਕਾਰ ਵੱਲੋਂ ਵੱਖ ਵੱਖ ਸੂਬਿਆਂ ਦੇ ਵਸਨੀਕ ਭਰਤੀ ਕੀਤੇ ਹਨ। ਇਹ 300 ਜਣਿਆਂ ਦੀ ਭਰਤੀ ਹੈ, ਇਨ੍ਹਾਂ ਵਿਚ ਇਕ ਜਣਾ ਵੀ ਪੰਜਾਬੀ ਨਹੀਂ!! ਜਿਨ੍ਹਾਂ ਵਿਚ 5 ਡੀਐਸਪੀ, 44 ਇੰਸਪੈਕਟਰ, 21 ਸਬ-ਇੰਸਪੈਕਟਰ, 40 ਏ ਐਸ ਆਈ, 78 ਜਣੇ ਹੈੱਡ ਕਾਂਸਟੇਬਲ ਤੇ 112 ਕਾਂਸਟੇਬਲ ਹਨ। ਲੱਖਾ ਤੇ ਸਾਥੀਆਂ ਦਾ ਦੋਸ਼ ਹੈ ਕਿ ਇਹ ਵਿਵਾਦਤ ਭਰਤੀ : 2014, 2016 ਤੇ 2021 ਵਿਚ ਕੀਤੀ ਗਈ (ਸੀ)। ਇਹ ਭਰਤੀ ਮੁੱਖ ਮੰਤਰੀ ਦੀ ਸਕਿਓਰਿਟੀ ਲਈ ਕੀਤੀ ਗਈ ਸੀ। ਇਸ ਨੂੰ, ਦਰਅਸਲ, ਵੱਖਰਾ ਵਿੰਗ ਬਣਾ ਦਿੱਤਾ ਗਿਆ ਅਤੇ ਇਸ ਦਾ ਨਾਂ ਐਸਪੀਯੂ ਰੱਖਿਆ ਗਿਆ। ਇਸ ਬਟਾਲੀਅਨ ਵਿਚ 300 ਮੁਲਾਜ਼ਮ ਬਾਹਰਲੇ ਸੂਬਿਆਂ ਤੋਂ ਭਰਤੀ ਕੀਤੇ ਗਏ।
ਪਹਿਲਾਂ ਸੀ ਐਮ ਸਕਿਓਰਿਟੀ ਵਿਚ ਡੈਪੂਟੇਸ਼ਨ ’ਤੇ ਲਿਆਂਦੇ ਗਏ ਸਨ।ਉਨ੍ਹਾਂ ਨੇ ਦੋਸ਼ ਲਾਏ ਹਨ ਕਿ ਇਹ 300 ਜਣੇ ਪੰਜਾਬ ਪੁਲਿਸ ਵਿਚ ਮਰਜ ਕਰ ਦਿੱਤੇ ਗਏ। ਇਸ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਹੋਣਹਾਰ ਪੰਜਾਬੀ ਮੁੰਡਿਆਂ ਨੂੰ ਵੱਡਾ ਨੁਕਸਾਨ ਹੋਇਆ। ਇਸ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸੀਨੀਅਰਤਾ ਘੱਟੇ ਰੁਲ ਗਈ ਐ। ਸਰਵਿਸ ਰੂਲ ਮੁਤਾਬਕ ਜਿਸ ਵਿਅਕਤੀ ਦੀ ਸੀਨੀਅਰਤਾ ਪ੍ਰਭਾਵਤ ਹੁੰਦੀ ਹੈ ਉਸ ਕੋਲੋਂ ਲਿਖਤੀ ਲਿਆ ਜਾਂਦਾ ਹੈ ਕਿ ਉਸ ਨੂੰ “ਕੋਈ ਇਤਰਾਜ਼” ਨਹੀਂ, …ਪਰ ਇਸ ਭਰਤੀ ਦੌਰਾਨ ਅਜਿਹਾ ਕੁਝ ਨਹੀਂ ਕੀਤਾ ਗਿਆ। 2007 ਦੇ ਪੁਲਿਸ ਕਾਨੂੰਨ ਮੁਤਾਬਕ ਸਿਰਫ ਚਾਰ ਕੈਡਰਾਂ ਵਿਚ ਭਰਤੀ ਹੋ ਸਕਦੀ ਹੈ। ਜ਼ਿਲ੍ਹਾ ਪੁਲਿਸ, ਪੀਏਪੀ, ਇੰਟੈਲੀਜੈਂਸ ਬਿਊਰੋ, ਟੈਕਨੀਕਲ ਵਿੰਗ ਹਨ। ਇਨ੍ਹਾਂ ਵਿਚ ਹੀ ਭਰਤੀ ਹੋ ਸਕਦੀ ਹੈ… ਪਰ ਇਹ ਭਰਤੀਆਂ ਚਾਰੇ ਕੈਡਰ ਨਹੀਂ ਆਉਂਦੀਆਂ!!
ਪੰਜਾਬ ਦੀ ਰਾਜਧਾਨੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਵਿਅਕਤੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਦੱਬੀ ਕੁਚਲੀ ਲੋਕਾਈ ਵਿਚ ਜਾਣਗੇ ਤੇ ਭਰਤੀ ਕੀਤੇ ਗਏ ਵਿਅਕਤੀਆਂ ਦਾ ਪੂਰਾ ਵੇਰਵਾ ਪਿੰਡਾਂ, ਸ਼ਹਿਰਾਂ ਦੇ ਜਨਤਕ ਥਾਵਾਂ ’ਤੇ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਉਹ ਵੋਟਾਂ ਮੰਗਣ ਆਉਣ ਵਾਲੇ ਆਪਣੇ ਸਿਆਸਤਦਾਨਾਂ ਨੂੰ ਇਹ ਸਵਾਲ ਕਰਨ ਕਿ ਉਨ੍ਹਾਂ ਪੰਜਾਬੀਆਂ ਦਾ ਹੱਕ ਮਾਰ ਕੇ ਬਾਹਰਲਿਆਂ ਨੂੰ ਕਿਵੇਂ ਤੇ ਕਿਸ ਆਧਾਰ ’ਤੇ ਨੌਕਰੀਆਂ ਦਿੱਤੀਆਂ ਹਨ।
ਇਸ ਬਾਰੇ ਲੱਖਾ ਸਿਧਾਣਾ ਨੇ ਦੱਸਿਆ ਕਿ ਸਪੈਸ਼ਲ ਪ੍ਰੋਟਕੇਸ਼ਨ ਯੂਨਿਟ (ਐੱਸ ਪੀ ਯੂ) ਬਣਾ ਕੇ ਮੁੱਖ ਮੰਤਰੀ ਦੀ ਸੁਰੱਖਿਆ ਦੇ ਨਾਮ ’ਤੇ ਭਰਤੀ ਕੀਤੀ ਗਈ ਸੀ ਜਦਕਿ ਐੱਸ ਪੀ ਯੂ ਵਿਚ ਸਿਰਫ਼ 12 ਅਸਾਮੀਆਂ ਮਨਜ਼ੂਰਸ਼ੁਦਾ ਹਨ, ਜਿਨ੍ਹਾਂ ਵਿਚ 7 ਐੱਸ ਪੀ, 4 ਡੀ ਐੱਸ ਪੀ, ਇਕ ਡੀਆਈਜੀ ਦਰਜੇ ਦਾ ਅਫ਼ਸਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਦਾਮੋਦਰ ਭਾਈ ਮੋਦੀ ਦੀ ਸੁਰੱਖਿਆ ਵਿਚ ਕੰਮ ਕਰ ਚੁੱਕੇ ਮੁਲਾਜ਼ਮਾਂ, ਜਿਨ੍ਹਾਂ ਦਾ ਨੌਕਰੀਕਾਲ ਖ਼ਤਮ ਹੋ ਚੁੱਕਿਆ ਸੀ, ਨੂੰ ਮੁੜ ਪੰਜਾਬ ਪੁਲਿਸ ਵਿਚ ਭਰਤੀ ਕੀਤਾ। ਲੱਖਾ ਤੇ ਬੇਲੀਆਂ ਨੇ ਇਲਜ਼ਾਮ ਲਾਇਆ ਹੈ ਕਿ ਸਾਲ 2013, 2016 ਤੇ 2021 ਵਿਚ ਗ਼ੈਰ ਪੰਜਾਬੀਆਂ ਦੀ ਭਰਤੀ ਕੀਤੀ ਗਈ ਜਿਨ੍ਹਾਂ ਵਿਚ ਪੰਜ ਡੀ ਐੱਸ ਪੀ, 44 ਇੰਸਪੈਕਟਰ, 21 ਸਬ ਇੰਸਪੈਕਟਰ, 40 ਏ ਐੱਸ ਆਈ 78 ਹੌਲਦਾਰ ਤੇ 112 ਸਿਪਾਹੀ ਹਨ। ਲੱਖਾ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਕਾਨੂੰਨੀ ਰੁਖ਼ ਅਖ਼ਤਿਆਰ ਕਰਨਗੇ।
ਨਿਚੋੜ
ਸੁਆਲ ਇਹ ਉੱਠਦਾ ਹੈ ਕਿ ਜਦੋਂ ਪੰਜਾਬ ਵਿਚ ਪੰਜਾਬੀ ਮੁੰਡਿਆਂ ਲਈ ਨੌਕਰੀਆਂ ਨਹੀਂ ਹਨ ਤਾਂ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਜ਼ਰੂਰਤ ਕੀ ਐ? ਪੰਜਾਬ ਪੁਲਿਸ ਦੇ ਬੁਲਾਰੇ ਨੇ ਹਾਲੇ ਤੱਕ ਇਨ੍ਹਾਂ ਦੋਸ਼ਾਂ ਦਾ ਖੰਡਨ ਅਥਵਾ ਮੰਡਨ ਨਹੀਂ ਕੀਤਾ ਹੈ, ਕੀ ਵਜ੍ਹਾਹ ਹੋਵੇਗੀ? ਕੀ ਅਜੋਕੇ ਪੰਜਾਬ ਵਿਚ ਸਵਾਲ ਪੁੱਛਣਾ ਗ਼ਲਤ ਕਾਰਜ ਹੈ? ਲੋਕ, ਖ਼ਾਸਕਰ ਬੇ ਰੁਜ਼ਗਾਰ ਮੁੰਡੇ ਕੁੜੀਆਂ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਚਾਹੁੰਦੇ ਨੇ। ਕੀ ਸਰਕਾਰ ਚਲਾ ਰਹੇ ਹਾਕਮਾਂ ਕੋਲ ਵਕ਼ਤ ਹੈਗਾ ਏ?
ਯਾਦਵਿੰਦਰ
ਸੰਪਰਕ : ਸਰੂਪ ਨਗਰ। ਰਾਓਵਾਲੀ।
+916284336773 9465329617
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly