ਮਾਸਟਰ ਪਰਮਵੇਦ (ਸਮਾਜ ਵੀਕਲੀ): ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਬ੍ਰਾਂਚ ਸੰਗਰੂਰ ਦੀ ਮੀਟਿੰਗ ਬੀਐਸਐਨਐਲ ਪਾਰਕ ਸੰਗਰੂਰ ਵਿਖੇ ਹੋਈ। ਮੀਟਿੰਗ ਵਿੱਚ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਉਤੇ ਦਿੱਲੀ ਪੁਲਿਸ ਵਲੋਂ ਬੇਤਹਾਸ਼ਾ ਜਬਰ ਕਰਨ , ਗ੍ਰਿਫਤਾਰ ਕਰਨ ਅਤੇ ਧੱਕੇ ਨਾਲ ਤੰਬੂ ਪੁੱਟ ਕੇ ਧਰਨਾ ਖਤਮ ਕਰਵਾਉਣ ਦੀ ਕਾਰਵਾਈ ਨੂੰ ਭਾਰਤੀ ਜਮਹੂਰੀਅਤ ਦੀ ਹੱਤਿਆ ਕਰਾਰ ਦਿੰਦਿਆਂ ਦੋਸ਼ੀ ਪੁਲਿਸ ਮੁਲਾਜਮਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ ਅਤੇ ਮੁੱਖ ਮੁਲਜ਼ਮ ਬ੍ਰਿਜ ਭੂਸ਼ਨ ਸ਼ਰਨ ਸਿੰਘ ਅਤੇ ਹੋਰਨਾਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ।
ਮੀਟਿੰਗ ਵਿੱਚ ਪੈਨਸ਼ਨਰਜ਼ ਸਾਥੀਆਂ ਦੇ ਮੰਗਾਂ ਮਸਲੇ ਵੀ ਵਿਚਾਰੇ ਗਏ। ਮੀਟਿੰਗ ਨੂੰ ਵੀ ਕੇ ਮਿੱਤਲ, ਮੁਹਿੰਦਰ ਸਿੰਘ ਚੌਧਰੀ, ਨੇਤਾ ਗੁਰਮੇਲ ਸਿੰਘ ਭੱਟੀ, ਸ਼ਿਵ ਨਰਾਇਣ, ਹਰਬੰਸ ਸਿੰਘ ਧਾਲੀਵਾਲ ਸ਼ੇਰਪੁਰ, ਸੁਰਿੰਦਰ ਕੁਮਾਰ ਘਈ, ਦਲਬੀਰ ਸਿੰਘ ਖ਼ਾਲਸਾ ਮਲੇਰ ਕੋਟਲਾ, ਸਾਧਾ ਸਿੰਘ ਵਿਰਕ, ਪੀ ਸੀ ਬਾਘਾ ਅਤੇ ਹੋਰ ਕਈ ਸਾਥੀਆਂ ਨੇ ਸੰਬੋਧਨ ਕੀਤਾ। ਸ਼੍ਰੀ ਨਾਨਕ ਚੰਦ, ਯਸ਼ਵਿੰਦਰ ਪਾਲ ਅਤੇ ਹਰਪਾਲ ਸਿੰਘ ਐਸੋਸੀਏਸ਼ਨ ਦੇ ਨਵੇਂ ਮੈਂਬਰ ਬਣੇ ਹਨ ਅਤੇ ਨਾਨਕ ਚੰਦ ਪਾਲ ਨੇ ਹਿਸਾਰ ਤੋਂ ਆਕੇ ਮੀਂਟਿੰਗ ਵਿੱਚ ਹਿਸਾ ਲਿਆ।
ਮੀਟਿੰਗ ਦਾ ਸੰਚਾਲਨ ਪੀ ਸੀ ਬਾਘਾ ਨੇ ਕੀਤਾ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਬੇਟੀ ਪੜਾਓ ਬੇਟੀ ਬਚਾਓ” ਦੇ ਸਿਆਸੀ ਜੁਮਲੇ ਦਾ ਪਰਦਾਫਾਸ਼ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਇਮਾਰਤ ਦੇ ਉਦਘਾਟਨ ਵਾਲੇ ਦਿਨ ਹੀ ਦਿੱਲੀ ਪੁਲੀਸ ਰਾਹੀਂ ਔਰਤ ਪਹਿਲਵਾਨਾਂ ਉਤੇ ਘੋਰ ਤਸ਼ੱਦਦ ਕਰਵਾ ਕੇ ਖ਼ੁਦ ਮੋਦੀ ਸਰਕਾਰ ਵਲੋਂ ਦਾਅਵਾ ਕੀਤੇ ਜਾਂਦੇ 140 ਕਰੋੜ ਲੋਕਾਂ ਦੇ ਅਖੌਤੀ ਲੋਕਤੰਤਰ ਅਤੇ ਉਨ੍ਹਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦਾ ਸ਼ਰੇਆਮ ਅਪਮਾਨ ਕੀਤਾ ਹੈ ਅਤੇ ਦੇਸ਼ ਨੂੰ ਕੌਮਾਂਤਰੀ ਪੱਧਰ ਤੇ ਸ਼ਰਮਸਾਰ ਕੀਤਾ ਹੈ।
ਮੀਟਿੰਗ ਵਿੱਚ ਬੁਲਾਰਿਆਂ ਨੇ ਪੰਜਾਬ ਸਮੇਤ ਦੇਸ਼ ਭਰ ਦੀਆਂ ਲੋਕ ਪੱਖੀ, ਜਮਹੂਰੀ ਅਤੇ ਇਨਸਾਫ ਪਸੰਦ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਕ ਸਾਂਝੇ ਮੰਚ ਹੇਠ ਇਕਜੁੱਟ ਹੋ ਕੇ ਔਰਤ ਪਹਿਲਵਾਨਾਂ, ਨਾਮਵਰ ਸਮਾਜਿਕ ਕਾਰਕੁਨ ਡਾ.ਨਵਸ਼ਰਨ ਅਤੇ ਜੇਲ੍ਹਾਂ ਵਿੱਚ ਨਜਰਬੰਦ ਹੋਰਨਾਂ ਬੁੱਧੀਜੀਵੀਆਂ ਨੂ ਇਨਸਾਫ਼ ਦਿਵਾਉਣ ਲਈ ਯਤਨ ਕੀਤੇ ਜਾਣ।
ਅੰਤ ਵਿੱਚ ਪੀ ਕੇ ਜਿੰਦਲ ਨੇ ਮੀਟਿੰਗ ਆਏ ਸਾਥੀਆਂ ਦਾ ਧੰਨਵਾਦ ਕੀਤਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly