ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੀਆਂ 14 ਮੋਟਰ ਸਾਈਕਲ ਬਰਾਮਦ ਕਰ 2 ਚੋਰਾਂ ਨੂੰ ਕੀਤਾ ਕਾਬੂ

ਕੈਪਸ਼ਨ-ਚੋਰੀ ਦੀਆਂ 14 ਮੋਟਰ ਸਾਈਕਲ ਨਾਲ ਪੁਲਿਸ ਪਾਰਟੀ ਵੱਲੋਂ ਫੜੇ ਗਏ 2 ਚੋਰ

ਸੁਲਤਾਨਪੁਰ ਲੋਧੀ ਦੇ ਝੱਲ ਲੇਈ ਵਾਲਾ ਵਿੱਚ ਜੰਗਲੀ ਖੇਤਰ ਵਿੱਚ ਚੋਰਾਂ ਵਲੋਂ ਇਹਨਾਂ ਬਾਈਕਾਂ ਨੂੰ ਲੁਕਾ ਕੇ ਰਖਿਆ ਗਿਆ ਸੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਕਪੂਰਥਲਾ ਪੁਲਿਸ ਵੱਲੋਂ ਵਾਹਨ ਚੋਰੀ ਦੀਆਂ ਵਾਰਦਾਤਾਂ ਵਾਲੇ ਇਲਾਕਿਆਂ ਵਿੱਚ ਲਗਾਤਾਰ ਕੀਤੀ ਜਾ ਰਹੀ ਚੌਕਸੀ ਦੋਰਾਨ 2 ਚੋਰਾਂ ਨੂੰ ਗ੍ਰਿਫਤਾਰ ਕਰ ਕੇ ਇੱਕ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਸੁਲਤਾਨਪੁਰ ਲੋਧੀ ਦੇ ਝੱਲ ਲਾਈ ਵਾਲਾ ਦੇ ਜੰਗਲ ਖੇਤਰ ਵਿੱਚ ਲੁਕਾਏ ਹੋਏ 14 ਚੋਰੀ ਦੇ ਮੋਟਰ ਸਾਈਕਲ ਬਰਾਮਦ ਕੀਤਾ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਲਾਭਾ (26) ਪੁੱਤਰ ਅਵਤਾਰ ਸਿੰਘ ਨਿਵਾਸੀ ਪਿੰਡ ਲਾਟੀਆਂਵਾਲ ਅਤੇ ਸਰਬਜੀਤ ਸਿੰਘ (24) ਉਰਫ ਸਾਬੋ ਉਰਫ ਭੰਗੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਲਾਟੀਆਂਵਾਲ ਵਜੋਂ ਹੋਈ ਹੈ।

ਵੇਰਵੇ ਜ਼ਾਹਰ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਸਾਰੇ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਾਹਨ ਚੋਰੀ ਦੇ ਖਤਰੇ ਵਾਲੇ ਇਲਾਕਿਆਂ ਵਿੱਚ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਤਾਂ ਜੋ ਸ਼ਹਿਰ ਵਿੱਚੋਂ ਚੋਰੀ ਵਰਗੇ ਜ਼ੁਰਮਾਂ ਦਾ ਖਤਮਾ ਕੀਤਾ ਜਾ ਸਕੇ।

ਐਸਐਸਪੀ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਵਿੱਚ ਗੁਰਦੁਆਰਾ ਬੇਰ ਸਾਹਿਬ ਅਤੇ ਹੋਰ ਅਦਾਰਿਆਂ ਤੋਂ ਵਾਹਨ ਚੋਰੀ ਹੋਣ ਦੀਆਂ ਕੁਝ ਸ਼ਿਕਾਇਤਾਂ ਮਿਲੀਆਂ ਸਨ, ਇਸ ਲਈ ਡੀਐਸਪੀ ਸਰਵਣ ਸਿੰਘ ਬੱਲ ਅਤੇ ਐਸਐਚਓ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਚੋਵੀ ਘੰਟੇ ਨਿਗਰਾਨੀ ਕੀਤੀ ਜਾ ਰਹੀ ਸੀ।

ਜਿਸ ਦੇ ਤਹਿਤ ਗਸ਼ਤ ਦੌਰਾਨ ਇਕ ਪੁਲਿਸ ਟੀਮ ਨੂੰ ਦੋਸ਼ੀ ਲਾਭਾ ਅਤੇ ਸਬੋ ਦੀ ਮੋਜੂਦਗੀ ਬਾਰੇ ਜਾਣਕਾਰੀ ਮਿਲੀ ਜੋ ਆਦਤਨ ਅਪਰਾਧੀ ਹਨ ਅਤੇ ਗਾਹਕਾਂ ਨੂੰ ਮੋਟਰਸਾਈਕਲ ਅਤੇ ਉਨ੍ਹਾਂ ਦੇ ਹਿੱਸੇ ਵੇਚਣ ਦੀ ਉਡੀਕ ਕਰ ਰਹੇ ਸਨ।

ਪੁਲਿਸ ਟੀਮ ਨੇ ਤੁਰੰਤ ਮੌਕੇ ‘ਤੇ ਛਾਪਾ ਮਾਰ ਕੇ ਦੋਵਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਅਤੇ ਓਹਨਾਂ ਦੇ ਕਬਜ਼ੇ ਚੋ ਚੋਰੀ ਦੀਆਂ ਦੋ ਮੋਟਰ ਸਾਈਕਲ ਬਰਾਮਦ ਕੀਤੀਆਂ, ਚੋਰਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਮੋਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੁਸਤੈਦ ਪੁਲਿਸ ਟੀਮ ਨੇ ਓਹਨਾਂ ਨੂੰ ਕਾਬੂ ਕਰ ਗ੍ਰਿਫਤਾਰ ਕਰ ਲਿਆ।

ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਮੁਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਓਹ ਦੋਵੇਂ ਨਸ਼ੇ ਦੇ ਆਦੀ ਹਨ ਅਤੇ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ।

ਐਸਐਸਪੀ ਨੇ ਅੱਗੇ ਕਿਹਾ ਕਿ ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਖੇਤਰ ਵਿੱਚੋਂ ਕਈ ਮੋਟਰ ਸਾਈਕਲ ਚੋਰੀ ਕੀਤੇ ਸਨ ਅਤੇ ਝਲ ਲਈ ਵਾਲਾ ਦੇ ਜੰਗਲ ਖੇਤਰ ਵਿੱਚ ਇਨ੍ਹਾਂ ਬਾਈਕਾਂ ਨੂੰ ਲੁਕਾਇਆ ਹੋਇਆ ਹੈ । ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕੁਝ ਮੋਟਰਸਾਈਕਲਾਂ ਦੇ ਪੁਰਜ਼ਿਆਂ ਨੂੰ ਤੋੜ ਕੇ ਆਪਣੇ ਗ੍ਰਾਹਕਾਂ ਨੂੰ ਵੇਚ ਦਿੱਤਾ ਤਾਂ ਜੋ ਨਸ਼ੇ ਦੀ ਖਰੀਦ ਲਈ ਪੈਸੇ ਦਾ ਪ੍ਰਬੰਧ ਕੀਤਾ ਜਾ ਸਕੇ।

ਐਸਐਸਪੀ ਨੇ ਦੱਸਿਆ ਕਿ ਪੁਲਿਸ ਪਾਰਟੀਆਂ ਵਲੋਂ ਤੁਰੰਤ ਜੰਗਲ ਦੇ ਖੇਤਰ ਵਿਚ ਸਰਚ ਅਭਿਆਨ ਚਲਾਈਆ ਗਿਆ ਅਤੇ ਉੱਥੋਂ 12 ਹੋਰ ਮੋਟਰਸਾਈਕਲ ਬਰਾਮਦ ਕੀਤੇ।

ਐਸਐਸਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸੁਲਤਾਨਪੁਰ ਲੋਧੀ ਥਾਣੇ ਵੱਲੋਂ ਆਈਪੀਸੀ ਦੀ ਧਾਰਾ 379,482,201 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਐਸਐਸਪੀ ਨੇ ਕਿਹਾ ਕਿ ਪੁਲਿਸ ਟੀਮ ਉਨ੍ਹਾਂ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕਰੇਗੀ ਅਤੇ ਦੋਪਹੀਆ ਵਾਹਨ ਚੋਰੀ ਦੀਆਂ ਹੋਰ ਵਾਰਦਾਤਾਂ ਸਬੰਧੀ ਕੇਸਾਂ ਦੀ ਜਾਂਚ ਲਈ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ
Next articleਨਾਥਾਂ ਦੀ ਬਗੀਚੀ ਅਖਾੜਾ ਫਿਲੌਰ ਵਿਖੇ ਨੌਜਵਾਨ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਪਹਿਲਵਾਨੀ ਦੀ ਮੁਫਤ ਟ੍ਰੇਨਿੰਗ