ਜੇਕਰ ਵਾਤਾਵਰਣ ਸ਼ੁੱਧ ਨਾ ਰਿਹਾ ਤਾਂ ਸਿਹਤ ਤੰਦਰੁਸਤੀ ਦੀ ਕੋਈ ਗਰੰਟੀ ਨਹੀ: ਜਲਾਲੇਆਣਾ/ ਖਾਲਸਾ
ਫਰੀਦਕੋਟ/ਭਲੂਰ 24 ਅਗਸਤ (ਬੇਅੰਤ ਗਿੱਲ ਭਲੂਰ) ਜੇਕਰ ਵਾਤਾਵਰਣ ਸ਼ੁੱਧ ਨਾ ਰਿਹਾ ਤਾਂ ਸਿਹਤ ਤੰਦਰੁਸਤੀ ਦੀ ਕੋਈ ਗਰੰਟੀ ਨਹੀਂ, ਜੇਕਰ ਆਰਗੈਨਿਕ ਖੇਤੀ ਵਾਲੇ ਪਾਸੇ ਨਾ ਆਏ ਤਾਂ ਜਹਿਰੀਲੇ ਖਾਦ ਪਦਾਰਥ ਸਾਡੀ ਨਸਲਕੁਸ਼ੀ ਲਈ ਕਾਫੀ ਹਨ। ਗੁਰਦਵਾਰਾ ਸਾਹਿਬ ਅਵੀਰ ਰਸ ਅਲਖੋਰ ਦੁੱਬਈ ਵਿਖੇ ‘ਸਾਥ ਸਮਾਜਿਕ ਗੂੰਜ਼’ ਵਲੋਂ ਵਾਤਾਵਰਣ, ਸਿਹਤ, ਮਨੁੱਖੀ ਅਧਿਕਾਰ, ਡਿਜੀਟਲ, ਆਰਗੈਨਿਕ ਖੇਤੀ, ਨਸ਼ੇ ਅਤੇ ਹੋਰ ਸਮਾਜਿਕ ਕੁਰੀਤੀਆਂ ਸਬੰਧੀ ਗੁਰਦਵਾਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੋਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਆਖਿਆ ਕਿ ਉਹਨਾ ਦੀ ਟੀਮ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਦੀਆਂ ਸੱਥਾਂ ਤੋਂ ਇਲਾਵਾ ਸਕੂਲ, ਕਾਲਜ, ਯੂਨੀਵਰਸਿਟੀਆਂ ਸਮੇਤ ਅਨੇਕਾਂ ਵਿਦਿਅਕ ਅਦਾਰਿਆਂ ਅਤੇ ਧਾਰਮਿਕ ਸਥਾਨਾ ’ਚ ਇਸ ਤਰਾਂ ਦੇ ਜਾਗਰੂਕਤਾ ਸੈਮੀਨਾਰ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਦੀ ਆ ਰਹੀ ਹੈ। ਉਹਨਾਂ ਆਖਿਆ ਕਿ ਵਾਤਾਵਰਣ ਦੀ ਸੰਭਾਲ ਲਈ ਨਾ ਤਾਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਗੰਭੀਰਤਾ ਦਿਖਾਈ ਅਤੇ ਨਾ ਹੀ ਪੰਜਾਬ ਵਾਸੀ ਇਸ ਸਮੱਸਿਆ ਪ੍ਰਤੀ ਗੰਭੀਰ ਹਨ ਪਰ ਜੇਕਰ ਵਾਤਾਵਰਣ ਦੀ ਸੰਭਾਲ ਨਾ ਕੀਤੀ ਗਈ ਤਾਂ ਪਹਿਲਾਂ ਤੋਂ ਹੀ ਬਿਮਾਰੀਆਂ ਦੀ ਜਕੜ ਵਿੱਚ ਗ੍ਰਸਿਆ ਹੋਇਆ ਪੰਜਾਬ ਪੂਰੀ ਤਰਾਂ ਬਿਮਾਰ ਹੋ ਕੇ ਰਹਿ ਜਾਵੇਗਾ। ਸੰਸਥਾ ਦੇ ਪ੍ਰਚਾਰਕ ਕੁਲਵੰਤ ਸਿੰਘ ਖਾਲਸਾ ਨੇ ਕਣਕ ਅਤੇ ਝੋਨੇ ਸਮੇਤ ਹੋਰ ਸਬਜੀਆਂ ਅਤੇ ਫਲਾਂ ਉੱਪਰ ਛਿੜਕੀਆਂ ਜਾਂਦੀਆਂ ਜਹਿਰੀਲੀਆਂ ਦਵਾਈਆਂ ਦਾ ਜਿਕਰ ਕਰਦਿਆਂ ਆਖਿਆ ਕਿ ਅੱਗੇ ਪੁਰਾਣੇ ਸਮੇਂ ਵਿੱਚ ਕਿਸੇ ਬਜੁਰਗ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੇ ਲੱਛਣ ਹੁਣ ਬੱਚਿਆਂ ਅਤੇ ਨੌਜਵਾਨਾ ਵਿੱਚ ਆਮ ਪਾਏ ਜਾਂਦੇ ਹਨ। ਸੰਸਥਾ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਕ ਗੁਰਵਿੰਦਰ ਸਿੰਘ ਜਲਾਲੇਆਣਾ ਅਤੇ ਕੁਲਵੰਤ ਸਿੰਘ ਖਾਲਸਾ ਨੇ ਨਸ਼ਿਆਂ ਨਾਲ ਹੋ ਰਹੀ ਬਰਬਾਦੀ ਅਤੇ ਰੋਕਥਾਮ, ਸਿਹਤ ਤੰਦਰੁਸਤੀ ਦੇ ਕਾਰਨ, ਡਿਜੀਟਲ ਪ੍ਰਣਾਲੀ ਦੀ ਸਦਵਰਤੋਂ, ਆਰਗੈਨਿਕ ਖੇਤੀ ਦੇ ਫਾਇਦੇ, ਮਨੁੱਖੀ ਅਧਿਕਾਰਾਂ ਦੇ ਗਿਆਨ ਨਾਲ ਮਿਲਦੀਆਂ ਸਹੂਲਤਾਂ ਸਮੇਤ ਵੱਖ ਵੱਖ ਵਿਸ਼ਿਆਂ ਅਤੇ ਵਰਤਮਾਨ ਸਰੋਕਾਰਾਂ ਨਾਲ ਜੁੜੀਆਂ ਗੱਲਾਂ ਦਾ ਵਿਸਥਾਰ ਵਿੱਚ ਜਿਕਰ ਕੀਤਾ। ਸੰਸਥਾ ਵਲੋਂ ਜਗਸੀਰ ਖਾਨ ਅਤੇ ਵਿਨੋਦ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਨੇ ਸਾਥ ਸਮਾਜਿਕ ਗੂੰਜ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਖੁਦ ਮੰਨਿਆ ਕਿ ਇਸ ਤਰਾਂ ਦੇ ਸੈਮੀਨਾਰ ਘਰ ਘਰ ਹੋਣੇ ਚਾਹੀਦੇ ਹਨ, ਕਿਉਂਕਿ ਇਕ ਇਕ ਗੱਲ ਦਾ ਸਬੰਧ ਹਰ ਨਾਗਰਿਕ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਹਨਾਂ ਬੇਵਸੀ ਜਾਹਰ ਕਰਦਿਆਂ ਆਖਿਆ ਕਿ ਦੁੱਬਈ ਵਿਚਲਾ ਪੰਜਾਬੀ ਭਾਈਚਾਰਾ ਸਿਰਫ ਵੀਕਐੈਂਡ ਅਰਥਾਤ ਹਫਤੇ ਦੇ ਅਖੀਰਲੇ ਦਿਨ ਸਿਰਫ ਐਤਵਾਰ ਹੀ ਇਕੱਤਰ ਹੁੰਦਾ ਹੈ, ਕਿਉਂਕਿ ਬਾਕੀ ਦਿਨ ਉਹਨਾ ਨੂੰ ਆਪੋ ਆਪਣੀ ਡਿਊਟੀ ’ਤੇ ਜਾਣਾ ਪੈਂਦਾ ਹੈ। ਉੱਥੇ ਹਾਜ਼ਰ ਬਹੁਤ ਸਾਰੇ ਨੌਜਵਾਨ ਵੀਰ-ਭੈਣਾ ਨੇ ਸਾਥ ਸਮਾਜਿਕ ਗੂੰਜ਼ ਦੀ ਟੀਮ ਨੂੰ ਦੁਬਾਰਾ ਫਿਰ ਜਲਦ ਦੁੱਬਈ ਗੇੜਾ ਮਾਰਨ ਦੀ ਬੇਨਤੀ ਕਰਦਿਆਂ ਅਪੀਲ ਕੀਤੀ ਕਿ ਦੁੱਬਈ ਇਲਾਕੇ ਦੇ ਹੋਰ ਗੁਰਦਵਾਰਿਆਂ ਵਿੱਚ ਵੀ ਇਸ ਤਰਾਂ ਦੇ ਜਾਗਰੂਕਤਾ ਵਾਲੇ ਸੈਮੀਨਾਰ ਕਰਵਾਉਣ ਦੇ ਉਹ ਖੁਦ ਪ੍ਰਬੰਧ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly