ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ) ਜਲ ਹੀ ਜੀਵਨ ਹੈ। ਪਾਣੀ ਕੁਦਰਤੀ ਦਾਤ ਹੈ। ਸਾਡੇ ਸਰੀਰ ਦਾ ਦੋ ਤਿਹਾਈ ਹਿੱਸਾ ਪਾਣੀ ਹੀ ਹੈ। ਪੰਜਾਬ ਦੀ ਖੁਸ਼ਹਾਲੀ ਪਾਣੀ ਕਰਕੇ ਹੀ ਹੈ। ਸ਼ਰੀਰ ਵਿੱਚ ਆਕਸੀਜਨ ਦੀ ਜ਼ਰੂਰੀ ਮਾਤਰਾ ਬਣਾਈ ਰੱਖਣ ਲਈ ਸਾਫ਼ ਪਾਣੀ ਬਹੁਤ ਜਰੂਰੀ ਹੈ।ਪਿਛਲੇ ਕਾਫੀ ਸਮਿਆਂ ਤੋਂ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ। ਮਨੁੱਖ ਦੀ ਜ਼ਿਆਦਾ ਦਖ਼ਲਅੰਦਾਜ਼ੀ ਕਾਰਨ ਕੁਦਰਤੀ ਸੋਮੇ ਖ਼ਰਾਬ ਹੋ ਰਹੇ ਹਨ।ਹਾਲ ਹੀ ਵਿੱਚ ਕੇਂਦਰੀ ਜਲ ਬੋਰਡ ਵੱਲੋਂ ਨਵੀਂ ਰਿਪੋਰਟ ਜਾਰੀ ਕੀਤੀ ਗਈ, ਜਿਸ ਵਿੱਚ ਮੁਲਕ ਦੇ ਕਈ ਸੂਬਿਆਂ ਵਿੱਚ ਪੀਣ ਵਾਲੇ ਪਾਣੀ ਵਿੱਚ ਨਾਈਟ੍ਰੇਟ ਦੀ ਮਾਤਰਾ ਵੱਧ ਪਾਈ ਗਈ। ਰਿਪੋਰਟ ‘ਚ ਦੇਸ਼ ਦੇ 440 ਜਿਲਿਆਂ ਦੇ ਧਰਤੀ ਹੇਠਲੇ ਪਾਣੀ ਵਿੱਚ ਵਧਿਆ ਨਾਈਟਰੇਟ ਸਿਹਤ ਲਈ ਕਾਫੀ ਖਤਰਨਾਕ ਹੈ ।ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਸਭ ਨਾਲੋਂ ਵੱਧ ਨਾਈਟਰੇਟ ਪਾਇਆ ਗਿਆ। ਰਿਪੋਰਟ ਵਿੱਚ ਪੰਜਾਬ ਦੇ ਬਾਕੀ ਹੋਰ ਹਿੱਸਿਆਂ ਦੇ ਪਾਣੀ ‘ਚ ਵੀ ਆਰਸੈਨਿਕ ਵੱਧਣ ਪ੍ਰਤੀ ਵੀ ਸਰੋਕਾਰ ਪ੍ਰਗਟਾਇਆ ਗਿਆ।ਅੱਜ ਮਨੁੱਖ ਨੂੰ ਕੈਂਸਰ ,ਚਮੜੀ ਰੋਗਾਂ, ਗੁਰਦਿਆਂ ਤੇ ਖ਼ਾਸ ਕਰ ਬੱਚਿਆਂ ਵਿੱਚ ਬਲੂ ਬੇਬੀ ਸਿੰਡਰੋਮ ਦੇ ਲੱਛਣ ਪਾਏ ਜਾ ਰਹੇ ਹਨ। ਖੇਤਾਂ ਵਿੱਚੋਂ ਵਾਧੂ ਫਸਲ ਪੈਦਾਵਾਰ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਹੋ ਰਹੀ ਹੈ। ਜਿਸ ਕਾਰਨ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋਣ ਲੱਗ ਪਿਆ ਹੈ। ਵੱਧ ਰਹੀ ਇੰਡਸਟਰੀ ਅਤੇ ਸ਼ਹਿਰੀਕਰਨ ਨੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਵੇਲੇ ਲੋਕ ਜ਼ਿਆਦਾ ਸਿਹਤਮੰਦ ਸਨ। ਪਿੰਡਾਂ ਵਿੱਚ ਕਿਸੇ ਦੇ ਘਰ ਫਿਲਟਰ ਤੱਕ ਨਹੀਂ ਸਨ। ਸਾਫ -ਸੁਥਰੀ ਖਾਲਾ ,ਤਲਾਬਾਂ ਖੂਹਾਂ ਵਿੱਚੋਂ ਹੀ ਪਾਣੀ ਵਰਤੋਂ ਲਈ ਲਿਆ ਜਾਂਦਾ ਸੀ। ਉਹਨਾਂ ਵੇਲੇ ਵੀ ਸਨਅਤ ਤਾਂ ਸੀ,ਪਰ ਰਹਿੰਦ ਖੂਹੰਦ ਨੂੰ ਕੁਦਰਤੀ ਸੋਮਿਆਂ ਵਿੱਚ ਨਹੀਂ ਛੱਡਿਆ ਜਾਂਦਾ ਸੀ। ਜਿਵੇਂ ਜਿਵੇਂ ਵਿਗਿਆਨ ਤਰੱਕੀ ਕਰਦਾ ਗਿਆ, ਜੀਵਨ ਸ਼ੈਲੀ ਬਦਲਦੀ ਗਈ, ਮਨੁੱਖ ਦੀ ਸਿਹਤ ਖ਼ਰਾਬ ਹੁੰਦੀ ਗਈ। ਹੌਲੀ ਹੌਲੀ ਪਾਣੀ ਪ੍ਰਦੂਸ਼ਣ ਵੱਧ ਗਿਆ। ਜਿੰਨਾ ਜਿਆਦਾ ਸਨਅਤ ਅਦਾਰੇ ਦਾ ਵਿਸਤਾਰ ਹੋਇਆ ਹੈ, ਪ੍ਰਦੂਸ਼ਣ ਵੱਧਦਾ ਗਿਆ। ਲਗਾਤਾਰ ਪੀਣ ਵਾਲੇ ਪਾਣੀ ਦੇ ਗੁਣਵੱਤਾ ਘਟਦੀ ਜਾ ਰਹੀ ਹੈ। ਹਰ ਕੰਮ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ । ਗੰਦਾ ਪਾਣੀ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਸ਼ਿਕਾਰ ਹੋ ਰਹੇ ਹਨ। ਮਾਲਵਾ ਖੇਤਰ ਦੇ ਕਈ ਪਿੰਡਾਂ ਵਿੱਚ ਕੈਂਸਰ ਪੈਰ ਪਸਾਰ ਚੁੱਕਿਆ ਹੈ। ਹੋਰ ਤਾਂ ਹੋਰ ਦੁਧਾਰੂ ਪਸ਼ੂਆਂ ਵਿੱਚ ਵੀ ਕੈਂਸਰ ਦੇ ਲੱਛਣ ਪਾਏ ਗਏ। ਹਾਲਾਂਕਿ ਸਰਕਾਰਾਂ ਵੱਲੋਂ ਮਾਲਵਾ ਖੇਤਰ ਦੇ ਕਈ ਪਿੰਡਾਂ ਵਿੱਚ ਆਰ ਓ ਵੀ ਲਗਾਏ ਗਏ ਹਨ ।ਜੰਮਦੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਲੁਧਿਆਣਾ ਦਾ ਬੁੱਢਾ ਦਰਿਆ ਸੁਰਖ਼ੀਆਂ ਵਿੱਚ ਰਿਹਾ ਹੈ। ਸਰਕਾਰਾਂ ਇਸ ਪਾਸੇ ਧਿਆਨ ਤਾਂ ਦੇ ਰਹੀਆਂ ਹਨ ,ਪਰ ਸਾਰਥਕ ਨਤੀਜਾ ਕੋਈ ਨਹੀਂ ਨਿਕਲਿਆ ਹੈ। ਆਓ ਕੁਦਰਤ ਦੇ ਵਿਰੁੱਧ ਜਾ ਕੇ ਮਨੁੱਖੀ ਜੀਵਨ ਨੂੰ ਤਬਾਹ ਕਰਨ ਦਾ ਯਤਨ ਨਾ ਕਰੀਏ।
ਮੋਹਾਲੀ ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj