(ਸਮਾਜ ਵੀਕਲੀ)
ਸਦਾ ਜਵਾਨੀਆਂ ਮਾਣੇ ਸੱਜਣਾਂ ਕਰਾਂ ਦੁਆਵਾਂ ਵੇ।
ਤੱਤੀ ਵਾਅ ਨਾ ਲੱਗੇ ਏਹੋ ਖੁਦਾ ਤੋਂ ਚਾਹਵਾਂ ਵੇ।
ਸਿਦਕ ਦੇ ਨਾਲ ਨਿਭਾਊਂ ਤੇਰੇ ਨਾਲ ਮਹੁੱਬਤਾਂ ਨੂੰ,
ਸੱਚ ਉਚਾਰਦੀ ਮੂੰਹੋਂ ਕਦੇ ਨਾ ਮੁਕਰੀ ਖਾਵਾਂ ਵੇ।
ਸੱਦ ਲਵਾਂਗੀ ਔਲੀਏ ਆਪਣੀ ਜਿੰਦ ਵੇਚ ਕੇ ਤੇ,
ਦੂਰ ਕਰਾਵਾਂ ਸਿਰ ਨੂੰ ਪਈਆਂ ਜੋ ਬਲਾਵਾਂ ਵੇ।
ਇੱਕ ਵਾਰੀ ਕਹਿ, ਪਾਰ ਝਨ੍ਹਾਂ ਤੋਂ ਆ ਜਾਵੀ ਤੂੰ,
ਕੱਚੇ ਤਾਂਈ ਵੇਖ ਕਦੇ ਨਾ ਮੈਂ ਘਬਰਾਵਾਂ ਵੇ।
ਅੱਜ ਵੀ ਚੁੱਕੀ ਫਿਰਦੇ ਕੈਦੋ ਜ਼ਹਿਰ ਪਿਆਲੇ ਨੂੰ,
ਹੋ ਨਾ ਜਾਏ ਅਨਹੋਣੀ ਖੁਦਾ ਨੂੰ ਦਿਲੋਂ ਧਿਆਵਾਂ ਵੇ।
ਮੰਜ਼ਿਲ ਔਖੀ ਬੜੀ ਇਸ਼ਕ ਦੀ ਹੁੰਦੀ ਸਰ ਕਰਨੀ,
ਸਿਰ ਤੇ ਬੰਨਕੇ ਕਫ਼ਨ ਫੇਰ ਵੀ ਮੱਲੀਆਂ ਰਾਹਵਾਂ ਵੇ।
ਵੇਖੀਂ ਕਰੀਂ ਨਾ ਬੇਵਫ਼ਾਈ ਤੂੰ ‘ਬੁਜਰਕ’ ਨਾਲ ਮੇਰੇ।
ਜਿਊਂਦੇ ਜੀਅ ਨਾ ਕਿਧਰੇ ਸੱਜਣਾਂ ਮੈਂ ਮਰ ਜਾਵਾਂ ਵੇ।
ਹਰਮੇਲ ਸਿੰਘ ਧੀਮਾਨ
ਮੌਬਾ ਨੰ:- 94175-97204
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly