***ਬਿੰਦੀ ਅਤੇ ਬੋਲੀ***

ਰਿੱਤੂ ਵਾਸੂਦੇਵ
(ਸਮਾਜ ਵੀਕਲੀ)
ਸਿਰਜਕ, ਲੇਖਕ, ਕਵੀ
ਤਾਂ ਓਹੀ ਮੇਰੇ ਮਨ ਨੂੰ ਭਾਵੇ!
ਸਿਨਫ਼ ਲਿਖੇ ਤਾਂ ਫੱਫੇ ਦੇ
ਪੈਰਾਂ ਵਿਚ ਬਿੰਦੀ ਪਾਵੇ!
ਬਿੰਦੀ ਬਾਝੋਂ ਫਲ਼ ਖਾਂਦੇ ਜੋ
ਹਮਕੋ ਤੁਮਕੋ ਕਰਦੇ
ਮਾਂ ਬੋਲੀ ਦੇ ਪੁੱਤਰ ਤਾਂ
ਬਿੰਦੀਆਂ ਦੀ ਹਾਮੀ ਭਰਦੇ!
ਮੀਂਹਾਂ ਉੱਤੇ ਬਿੰਦੀ ਪਾ ਕੇ
ਮੀਂਹ ਪੈਂਦੇ ਨੂੰ ਰੋਕੋ
ਬਿੰਦੀ ਦਾ ਕਿਰਦਾਰ ਨਾ ਮੇਟੋ
ਵੱਡੇ ਸ਼ਾਇਰ ਲੋਕੋ!
ਬਿੰਦੀ ਦੇ ਬਿਨ ਫਿੱਕੇ, ਕੋਝੇ,
ਖ਼ਾਕ ਫ਼ਰੋਜ਼ੀ, ਕਾਲ਼ੇ
ਲਾਹ ਕੇ ਬਿੰਦੀ, ਲਾਹ ਨਾ ਦੇਣਾ
ਮਾਂ ਦੇ ਕੰਨੋਂ ਵਾਲ਼ੇ!
ਬਿੰਦੀ ਬਾਝੋਂ ਕੌਲ਼ਾ, ਰੌਲ਼ਾ,
ਮੌਲ਼ਾ, ਧੌਲ਼ਾ ਕਾਹਦਾ?
ਬਿੰਦੀ ਬਾਝੋਂ ਤੋਲ਼ਾ, ਗੋਲ਼ਾ,
ਖੋਲ਼ਾ, ਭੋਲ਼ਾ ਕਾਹਦਾ?
ਬਿੰਦੀ ਬਾਝੋਂ ਨਾਲ਼ੀ ਸੁੰਗੜ ਕੇ
ਨਾਲੀ ਹੋ ਜਾਵੇ
ਬਿੰਦੀ ਬਾਝੋਂ ਕਾਹਲ਼ੀ ਦੀ
ਕ਼ਿਸਮਤ ਕਾਲ਼ੀ ਹੋ ਜਾਵੇ!
ਬਿੰਦੀ ਬਿਨ ਫ਼ਿਰਦੌਸ ਦਾ ਰੁਤਬਾ
ਰਹਿਣਾ ਨਹੀਂ ਨਵਾਬੀ
ਬਾਝ ਬਿੰਦੀਆਂ ਕੋਝੀ ਲੱਗੂ
ਸੋਹਣੀ ਨਾਰ ਪੰਜਾਬੀ!
ਬਿੰਦੀ ਸਾਡੇ ਪੱਥਰ ਲਹਿਜੇ
ਨੂੰ ਵੀ ਕੂਲ਼ਾ ਕਰਦੀ
ਬਿੰਦੀ ਸਾਡੇ ਤਲਖ਼ਪੁਣੇ ਵਿਚ
ਸਹਿਣਸ਼ੀਲਤਾ ਭਰਦੀ!
ਸੱਸੇ ਦੇ ਪੈਰਾਂ ਵਿਚ ਬਿੰਦੀ
ਬਹਿੰਦੀ ਬਣ ਕੇ ਸ਼ਾਹਣੀ
ਬਿਨ ਬਿੰਦੀ ਤਾਂ ਸ਼ਾਹ ਸੱਸੇ ਦੀ
ਜਾਊ ਬਦਲ ਕਹਾਣੀ!
ਬਿੰਦੀ ਵਿਚ ਮਿਠਾਸ ਬੜੀ ਹੈ
ਠੀਕ ਜਗ੍ਹਾ ਜੇ ਲੱਗੇ
ਬਿੰਦੀ ਬਿਨ ਖ਼ਰਬੂਜ਼ਾ ਫਿੱਕਾ
ਸ਼ਲਗਮ ਕੌੜਾ ਲੱਭੇ!
ਬਿੰਦੀ ਬਾਝੋਂ ਹੋ ਜਾਣਾਂ ਏ
ਹੋਂਦ ਵਿਹੂਣੀ ਗਾਂ ਨੇ
ਬਿੰਦੀ ਬਾਝੋਂ ਸਾੜੂਗੀ ਧੁੱਪ
ਛਾਂ ਨਾ ਦੇਣੀ ਛਾਂ ਨੇ !
ਬਿੰਦੀ ਬਾਝੋਂ ਬੱਦਲ਼ ਲਿਖਣਾ
ਮੈਨੂੰ ਜ਼ਰਾ ਸਿਖਾਓ
ਬਿੰਦੀ ਬਾਝੋਂ ਫੁੱਲ ਸਰ੍ਹੋਂ ਦਾ
ਲਿਖਿਆ ਕਿਤੇ ਵਿਖਾਓ?
ਬਿਨ ਬਿੰਦੀ ਦੇ ਨੀਂਦਰ ਕਾਹਦੀ
ਕਾਹਦਾ ਭਾਂਡਾ ਛੰਨਾ
ਬਿੰਦੀ ਬਾਝੋਂ ਮਨ ਹੀ ਮਨ ਹੈ
ਬਿੰਦੀ ਦੇ ਨਾਲ਼ ਮੰਨਾਂ !
ਗੈਂਦਾ, ਗੇਂਦ ਤੇ ਕੈਂਚੀ, ਕਾਗ਼ਜ਼
ਬਿੰਦੀ ਬਿਨਾਂ ਅਧੂਰੇ
ਬਿੰਦੀ ਬਾਝੋਂ ਕਿਵੇਂ ਕਰੋਗੇ
ਮਾਂ ਦੇ ਘਾਟੇ ਪੂਰੇ!
ਬਿੰਦੀ ਬਾਝੋਂ ਸ਼ਬਦ-ਕੋਸ਼ ਦਾ
ਕਿਵੇਂ ਉਚਾਰਨ ਹੋਊ?
ਕਿੱਦਾਂ ਹੈ ਦਰਵਾਜ਼ਾ ਲਿਖਣਾ?
ਕਿਹੜਾ ਵਿਚ ਖਲੋਊ?
ਕਿੱਦਾਂ ਸਫ਼ਰ ਕਰੂਗੀ ਕਵਿਤਾ?
ਬਿਨ ਸ਼ਿੰਗਾਰ ਲਗਾਇਆਂ
ਬਿੰਦੀਆਂ ਵਾਲ਼ਾ ਸ਼ੌਲ ਗੰਵਾ ਲਿਆ
ਜੇਕਰ ਮਾਂ ਦੇ ਜਾਇਆਂ!
ਵਿਰਸੇ ਦੇ ਵਿੱਚ ਕੁਝ ਨਹੀਂ ਰਹਿਣਾ
ਵਰਤ ਗਿਆ ਜੇ ਭਾਣਾ
ਰੁਲ਼ ਜਾਊਗੀ ਮਾਂ…
ਜੇ ਬੁੱਧੀਹੀਣ ਹੋ ਗਿਆ ਲਾਣਾ!
ਭਾਸ਼ਾ ਦੇ ਵਿਦਵਾਨੋ ! ਪਹਿਲਾਂ
ਇਸਦੀ ਲਾਜ ਬਚਾਓ
ਮਾਂ ਬੋਲੀ ਦੇ ਸਿਰ ‘ਤੋਂ
ਏਡਾ ਸੋਹਣਾ ਤਾਜ ਨਾ ਲਾਹੋ!
~ ਰਿੱਤੂ ਵਾਸੂਦੇਵ
Previous articleਅੱਜ ਕੱਲ ਕੌਣ ਕਿਤਾਬਾਂ
Next article…(ਦਾਸਤਾਨ -ਏ -ਫ਼ੁੱਲ)…