ਸ਼ਾਇਰਾ ਵੇ ਤੂੰ ਗੀਤ ਲਿਖੀਂ ਐਸਾ

ਤਰਸੇਮ ਸਹਿਗਲ

(ਸਮਾਜ ਵੀਕਲੀ)

ਸ਼ਾਇਰਾ ਵੇ ਤੂੰ ਗੀਤ ਲਿਖੀਂ ਐਸਾ ,
ਜਿਸ ਵਿਚੋਂ ਫੁੱਲਾਂ ਜਿਹੀ ਆਵੇ ਖੁਸ਼ਬੋ l
ਨਫਰਤਾਂ ਤੇ ਸਾੜਿਆਂ ਦੀ ਹੋਵੇ ਨਾ ਕੋਈ ਗੱਲ ,
ਜਿਵੇਂ ਪੁੰਨਿਆ ਦੀ ਰਾਤ ਵਿਚ ਚੰਦ ਦੀ ਏ ਲੋ l

ਰੱਖ ਇਕ ਹੀ ਤਰਾਜੂ ਵਿਚ ਤੋਲ ਕੇ ਤੂੰ ਸਾਰਿਆਂ ਨੂੰ ,
ਮੇਟ ਦੇ ਤੂੰ ਹੱਦਾਂ ਤੇ ਦੀਵਾਰਾਂ ਦੀ ਨਿਸ਼ਾਨੀਆਂ l
ਤੇਰੀ ਹੀ ਕਲਮ ਜਦੋਂ ਪਾਓਂਦੀ ਬਾਤ ਈਰਖਾ ਦੀ ,
ਮਿਲ ਜਾਣ ਮਿੱਟੀ ਵਿਚ ਸਰੂ ਜਿਹੀ ਜਵਾਨੀਆਂ l
ਗੱਲ ਹੋਵੇ ਜੀਹਦੇ ਵਿਚ ਹੋਸ਼ ਅਤੇ ਜੋਸ਼ ਦੀ ,
ਲੋਕੀਂ ਜਾਣ ਸਾਰੇ ਇਕ ਹੋ l
ਸ਼ਾਇਰਾ ਵੇ ਤੂੰ …………………………l

ਲਿੱਖਦਾ ਰਹੀਂ ਤੂੰ ਗੀਤ ਸੱਜਣਾ ਪਿਆਰ ਦੇ ,
ਚੁੱਗਦਾ ਰਹੀਂ ਤੂੰ ਕੰਡੇ ਰਾਹਾਂ ਚੋਂ ਪੁਆੜਿਆਂ ਦੇ l
ਟੁਟੇ ਨਾ ਮਾਲਾ ਦੀ ਲੜੀ ,ਗੱਲ ਹੋਵੇ ਏਕਤਾ ਦੀ ,
ਦਿਲ ਨੂੰ ਜੋ ਚੰਗਾ ਲਗੇ ਓਹੀ ਗੀਤ ਸਾਰਿਆਂ ਦੇ l
ਤੇਰੀਆਂ ਸੋਚ ਉਡਾਰੀਆਂ ਨੂੰ ਪੜ੍ਹ -ਪੜ੍ਹ ,
ਮਨਾਂ ਵਿਚ ਹੋ ਜਾਵੇ ਲੋਅ l
ਸ਼ਾਇਰਾ ਵੇ ਤੂੰ …………………………l

ਹੱਕ ਅਤੇ ਸੱਚ ਦੀ ਆਵਾਜ਼ ਹੋਵੇ ਤੇਰੀ ਸ਼ਾਇਰਾ ,
ਗਿਆਨ ਦੀ ਜੋਤ ਨੂੰ ਜਗਾ ਕੇ ਰੱਖੇ ਜਿਹੜੀ l
ਗੱਲ ਹੋਵੇ ਕੁਲੀਆਂ ,ਗਰੀਬ ਦਿਆਂ ਹੌਕਿਆਂ ਦੀ ,
ਬੁਝੇ ਦਿਲ ਚਿੰਗਾਰੀ ਬਣਾ ਕੇ ਰੱਖੇ ਜਿਹੜੀ 1
ਮਹਿਕ ਖਲੇਰ ਜਿਹਾ ,ਸੱਜਰੀ ਸਵੇਰ ਜਿਹਾ ,
ਯੁੱਗਾਂ ਤੱਕ ਅਮਰ ਰਹੇ ਜੋ l
ਸ਼ਾਇਰਾ ਵੇ ਤੂੰ …………………………l

ਤਰਸੇਮ ਸਹਿਗਲ
ਮੋਬਾਈਲ …93578-96207

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਡੀਕ
Next articleਮਹਿਕਾਂ ਭਰੀ ਕਾਰ