ਪੁਸਤਕ ਰੀਵਿਊ
ਲੇਖਿਕਾ – ਸੁੱਖਜੀਤ ਸਿਮਰਨ
ਪੰਨੇ – 80 ਕੀਮਤ – 200/- ਰੁਪਏ
ਪ੍ਰਕਾਸ਼ਕ – ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਰਿਵਿਊਕਾਰ – ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਮਨੁੱਖ ਬਾਹਰ ਤੋਂ ਕਿੰਨਾ ਵੀ ਸ਼ਾਂਤ, ਚੁੱਪ ਅਤੇ ਖੁਸ਼ਹਾਲ ਦਿੱਸਦਾ ਹੋਵੇ ਪਰ ਉਸ ਦੇ ਅੰਦਰ ਕਿੰਨੀ ਅਸ਼ਾਂਤੀ, ਸ਼ੋਰ ਅਤੇ ਪੀੜ੍ਹਾ ਹੋਵੇ ਕੋਈ ਨਹੀਂ ਜਾਣਦਾ। ਮਨੁੱਖ ਦੇ ਅੰਦਰ ਚੁੱਪ ਦਾ ਸ਼ੋਰ ਸਿਰਫ ਉਸ ਨੂੰ ਹੀ ਸੁਣਾਈ ਦਿੰਦਾ ਹੈ ਅਤੇ ਉਸ ਸ਼ੋਰ ਨੂੰ ਸਹਿਣਾ ਉਹੀ ਜਾਣਦਾ ਹੈ। ਹਥਲੀ ਪੁਸਤਕ ” ਚੁੱਪ ਦਾ ਸ਼ੋਰ” ਸੁੱਖਜੀਤ ਸਿਮਰਨ ਇਸ ਗੱਲ ਨੂੰ ਪਰਮਾਣਤ ਕਰਦੀ ਹੈ। ਪੁਸਤਕ ਵਿਚ ਉਸ ਦੀ ਸਮੁੱਚੀ ਕਵਿਤਾ ਭਾਵਨਾਵਾਂ ਅਤੇ ਜਜ਼ਬਾਤ ਦੀ ਕਵਿਤਾ ਹੈ।
ਪ੍ਰਵਾਸੀ ਲੇਖਿਕਾ ਸੁੱਖਜੀਤ ਸਿਮਰਨ ਬੇਸੀਕਲੀ ਪੰਜਾਬ ਭਾਰਤ ਦੀ ਜੰਮਪਲ ਹੈ ਅਤੇ ਅੱਜਕਲ ਕੈਨੇਡਾ ਵਾਸੀ ਹੈ। ਹਥਲੀ ਪੁਸਤਕ ” ਚੁੱਪ ਦਾ ਸ਼ੋਰ ” ਉਸ ਦੀ ਪਲੇਠੀ ਕਾਵਿ ਪੁਸਤਕ ਹੈ ਜਿਸ ਵਿਚ ਕੇਵਲ ਛੱਤੀ ਕਵਿਤਾਵਾਂ ਸ਼ਾਮਲ ਹਨ। ਉਸਨੇ ਆਪਣੇ ਬਾਰੇ ਪੁਸਤਕ ਵਿਚ ਲਿਖਿਆ ਹੈ ਕਿ ਉਸਨੇ ਪੰਜਾਬੀ ਲਿਟਰੇਚਰ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਪਰ ਫਿਰ ਵੀ ਉਹ ਚੰਗੀ ਕਵਿਤਾ ਕਿੰਝ ਲਿਖਣੀ ਹੈ ਤੋਂ ਅਨਜਾਣ ਦੱਸਦੀ ਹੈ। ਉਸ ਦੀ ਕਵਿਤਾ ਬਾਰੇ ਦਵਿੰਦਰ ਮਲਹਾਂਸ ਆਖਦਾ ਹੈ ਕਿ ਉਸਦੀ ਕਵਿਤਾ ਪੈਦਾ ਹੋਈ ਹੈ, ਧੱਕੇ, ਉਪਰਾਲੇ ਨਾਲ ਪੈਦਾ ਨਹੀਂ ਕੀਤੀ ਗਈ। ਜੋਰਾਵਰ ਸਿੰਘ ਬਾਂਸਲ ਨੇ ਆਖਿਆ ਹੈ ਕਿ ਉਸ ਦੀ ਲਿਖਣ ਸ਼ੈਲੀ ਸਰਲ ਪਰ ਪ੍ਰਭਾਵਸ਼ਾਲੀ ਹੈ।
ਸਿਮਰਨ ਦੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਉਸ ਦੇ ਹਾਵ ਭਾਵ ਜੀਵਨ ਦੇ ਸੱਚ, ਹੰਕਾਰ, ਰੀਝ, ਔਰਤ ਦੀ ਦਸ਼ਾ, ਲੋਕਾਂ ਦੀਆਂ ਗੱਲਾਂ, ਦਰਦ ਅਤੇ ਹੱਕਾਂ ਲਈ ਲੜਨ ਆਦਿ ਨੂੰ ਪੇਸ਼ ਕਰਦੇ ਹਨ। ਇਸ ਦੀਆਂ ਭਾਵਨਾਵਾਂ ਦਾ ਅੰਦਾਜ਼ਾ ਉਸ ਦੀ ਪਹਿਲੀ ਕਵਿਤਾ ਫੁੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਜਿਸ ਨੂੰ ਉਸਨੇ ਜੀਵਨ ਦੇ ਪ੍ਰਸੰਗ ਵਿੱਚ ਜੀਵਨ ਦਾ ਸੱਚ ਬਿਆਨ ਕਰਦੀ ਹੈ। ਜੀਵਨ ਵੀ ਫੁੱਲਾਂ ਵਾਂਗ ਖ਼ੁਸ਼ਬੋ ਦੇਣ ਅਤੇ ਮਹਿਕ ਪੈਦਾ ਕਰਨ ਫਿਰ ਉਸ ਦਾ ਪੁੰਗਰਨਾ, ਮਹਿਕਣਾ, ਜ਼ਿੰਦਗੀ ਦੇ ਦੁੱਖ ਸੁੱਖ ਝਲਦਿਆਂ ਕੁਮਲਾਉਣ, ਮੁਰਝਾਉਣਾ ਤੇ ਅੰਤ ਮਿੱਟੀ ਨੇ ਮਿੱਟੀ ਵਿੱਚ ਰਲਣਾ ਹੁੰਦਾ ਹੈ।
ਕਵਿਤਾ ਗੁਲਾਬ ਤੇ ਅੱਕ ਵਿਚਕਾਰ ਬਿਰਤਾਂਤ ਸਿਰਜਦੀ ਹੈ। ਇਕ ਗੁਲਾਬ ਜਿਹੜਾ ਖੁਸ਼ਬੂ ਵੰਡਦਾ ਅਤੇ ਸਭ ਨੂੰ ਚੰਗਾ ਲਗਦਾ ਹੈ ਪਰ ਉਸ ਦੁਆਲੇ ਖ਼ਾਰ ਹੁੰਦੇ ਹਨ ਇਧਰ ਅੱਕ ਟਿੱਬਿਆਂ ਤੇ ਉੱਗਦਾ, ਜ਼ਹਿਰ ਨਾਲ ਭਰਪੂਰ। ਅੱਕ ਨੂੰ ਲਗਦਾ ਗੁਲਾਬ ਨੂੰ ਆਪਣੇ ਸੁਹੱਪਣ ਤੇ ਗੁਮਾਨ ਹੈ। ਮਨੁੱਖਾਂ ਵਿਚ ਵੀ ਮੁਕਾਬਲਾ ਕਰਨ ਅਤੇ ਦੂਜੇ ਨੂੰ ਮਾੜਾ ਦਿਖਾਉਣ ਦਾ ਚਲਨ ਹੈ। ਇਕ ਵਿਅੰਗ ਵੀ ਦਿਖਾਈ ਦਿੰਦਾ ਹੈ ਕਿ ਗੁਲਾਬ ਬਾਗਾਂ ਦਾ ਰਾਜਾ ਤੇ ਅੱਕ ਟਿੱਬਿਆਂ ਦਾ ਵਾਸੀ। ਇਵੇਂ ਹੀ ਮੋਮਬੱਤੀ ਕਵਿਤਾ ਵਿਚ ਆਪ ਬਲ ਕੇ ਦੂਜਿਆਂ ਨੂੰ ਚਾਨਣ ਵੰਡਣ ਵਾਲੀ ਭਾਵ ਆਪ ਦੁੱਖ ਸਹਿ ਕੇ ਦੂਜੇ ਨੂੰ ਸੁੱਖ ਦੇਣਾ ਹਰੇਕ ਦਾ ਕੰਮ ਨਹੀਂ ਹੁੰਦਾ। ਕਵਿਤਾ ਦਾ ਬੰਦ ਦੇਖੋ –
” ਦੇਖੋ ਸਾਡੇ ਲਈ
ਇਹ ਮੋਮਬੱਤੀ ਕਿਵੇਂ ਦੁੱਖ ਜਰ ਰਹੀ ਹੈ ,
ਤਿਲ ਤਿਲ ਪਿਘਲ ਰਹੀ ਹੈ,
ਪਲ ਪਲ ਮਰ ਰਹੀ ਹੈ। ” (ਪੰਨਾ 70)
ਸਾਡੇ ਸਮਾਜ ਵਿੱਚ ਇੱਕ ਪ੍ਰਚਲਤ ਕਹਾਵਤ ਹੈ ਕਿ ਲੋਕ ਕੀ ਕਹਿਣਗੇ। ਇਸੇ ਸੰਦਰਭ ਵਿੱਚ ਪੁਸਤਕ ਅੰਦਰ ਕਵਿਤਾ ਵੀ ਮਿਲਦੀ ਹੈ ਜਿਸ ਦਾ ਸਿਰਲੇਖ ਵੀ ਇਹੀ ਹੈ ” ਲੋਕ ਕੀ ਕਹਿਣਗੇ?” ਮਨੁੱਖ ਕਦੇ ਆਪਣੇ ਮਨ ਨਾਲ ਕੋਈ ਕੰਮ ਨਹੀਂ ਕਰ ਸਕਦਾ ਕਿਉੰਕਿ ਸਾਡੇ ਸਮਜ ਨੂੰ ਅਜਿਹਾ ਕਰਨ ਦੀ ਆਗਿਆ ਹੀ ਨਹੀਂ। ਜਦੋਂ ਵੀ ਕੰਮ ਕਰਦਾ ਹੈ ਤਾਂ ਉਸ ਦੇ ਮਨ ਮਸਤਕ ਵਿਚ ਇਹੀ ਸਵਾਲ ਉਠਦਾ ਹੈ। ਭਾਵੇਂ ਕਹੀ ਜਾਵੋ ਪਰ ਇਸ ਸਮਾਜ ਵਿਚ ਰਹਿੰਦਿਆਂ ਲੋਕਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਰ ਇਹ ਅਜੇ ਵੀ ਪਤਾ ਨਹੀਂ ਲੱਗਿਆ ਕਿ ਇਹ ਚਾਰ ਲੋਕ ਕੌਣ ਹਨ। ਇਸ ਵਿਚ ਕਵਿਤਰੀ ਆਪਣੇ ਮਨ ਨੂੰ ਸਮਝਾਉਂਦੀ ਹੈ ਕਿ ਮਨਾਂ ਤੂੰ ਲੋਕਾਂ ਦਾ ਫ਼ਿਕਰ ਕਿਉੰ ਕਰਦਾ ਹੈਂ, ਕਿਉੰ ਡਰਦਾ ਏ। ਲੋਕਾਂ ਦਾ ਤਾਂ ਕੰਮ ਹੀ ਕਹਿਣਾ ਹੈ ਪਰ ਇੰਨਾ ਕਹਿ ਕੇ ਨਹੀਂ ਸਰਦਾ। ਇਹ ਸਭ ਕਹਿਣ ਅਤੇ ਦੂਜੇ ਲਈ ਚੰਗਾ ਲਗਦਾ ਹੈ ਆਪਣੇ ਲਈ ਨਹੀਂ।
ਕਵਿਤਰੀ ਦੀ ਇਕ ਰੀਝ ਹੈ ਜਿਹੜੀ ਅਧੂਰੀ ਜਾਪਦੀ ਹੈ । ਕਵਿਤਾ ” ਕਵਿਤਾ ਤੇ ਕਵੀ” ਵਿਚ ਵਿਅਕਤ ਕਰਦੀ ਹੈ । ਉਹ ਕਿਸੇ ਕਵੀ ਦੀ ਕਵਿਤਾ ਬਣਨਾ, ਕਵੀ ਦੇ ਦਿਲ ਵਿਚ ਉਤਰਨ ਅਤੇ ਉਸ ਲਈ ਸੋਹਣੀ ਬਣ ਝਨਆ ਵਿਚ ਤਰਨਾ ਲੋਚਦੀ ਹੈ। ਉਹ ਕਵਿਤਾ ਵਿਚ ਲਿਖਦੀ ਹੈ –
” ਮੇਰੀ ਇਕ ਅਧੂਰੀ ਰੀਝ, ਮੈਂ ਕਿਸੇ ਕਵੀ ਦੀ ਕਵਿਤਾ ਹੋਵਾਂ।” (ਪੰਨਾ 29)
ਪੁਸਤਕ ਵਿਚਲੀ ਸ਼ਬਦਾਵਲੀ ਸਰਲ ਅਤੇ ਪ੍ਰਭਾਵਸ਼ਾਲੀ ਹੈ। ਪਾਠਕਾਂ ਵਿਚ ਇਹਨਾਂ ਕਵਿਤਾਵਾਂ ਨਾਲ ਤੁਰਨ ਦੀ ਦਿਲਚਸਪੀ ਪੈਦਾ ਕਰਦੀ ਹੈ। ਪੁਸਤਕ ਅੰਦਰਲੀਆਂ ਸ਼ੋਰ, ਬੇ ਵਫਾ ਸ਼ੀਸ਼ਾ, ਅੱਜ ਦੀ ਦੁਨੀਆਂ,ਮਹਾਤਮਾ ਬੁੱਧ ਦਾ ਬੁੱਤ, ਕੁਦਰਤ ਦਾ ਵਰਤਾਰਾ, ਧੀ, ਸੁਫ਼ਨਾ, ਹੌਂਕਾ ਆਦਿ ਕਵਿਤਾਵਾਂ ਵੀ ਪੜ੍ਹਨਯੋਗ ਹਨ। ਇਸ ਪਲੇਠੀ ਪੁਸਤਕ ਨੂੰ ਜੀ ਆਇਆਂ ਨੂੰ ਆਖਣਾ ਬਣਦਾ ਹੈ।
ਸਾਬਕਾ ਏ ਐਸ ਪੀ
https://play.google.com/store/apps/details?id=in.yourhost.samajweekly



