HOME ਕਾਵਿ-ਸੰਗ੍ਰਹਿ ਕੂੰਜ ਉਡਾਰੀ ਬਾਰੇ ਵਿਚਾਰ

ਕਾਵਿ-ਸੰਗ੍ਰਹਿ ਕੂੰਜ ਉਡਾਰੀ ਬਾਰੇ ਵਿਚਾਰ

2

ਧੂਰੀ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਡਾ. ਹਰਕੇਸ਼ ਸਿੰਘ ਸਿੱਧੂ ਦਾ ਕਾਵਿ-ਸੰਗ੍ਰਹਿ ‘ਕੂੰਜ ਉਡਾਰੀ’ ਸਮਾਜਿਕ ਚੇਤਨਾ, ਰੂਹਾਨੀਅਤ, ਮਨੁੱਖੀ ਸੰਵੇਦਨਾਵਾਂ ਅਤੇ ਪੰਜਾਬੀ ਸੱਭਿਆਚਾਰ ਦਾ ਸੁੰਦਰ ਸੁਮੇਲ ਹੈ। ਇਸ ਪੁਸਤਕ ਵਿੱਚ ਕਵੀ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ, ਭ੍ਰਿਸ਼ਟਾਚਾਰ, ਨਸ਼ਿਆਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਪੀੜ, ਟੁੱਟਦੇ ਰਿਸ਼ਤੇ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਗਿਰਾਵਟ ਨੂੰ ਬੜੀ ਨਿਡਰਤਾ ਨਾਲ਼ ਪੇਸ਼ ਕੀਤਾ ਹੈ। ਕਵੀ ਦੀ ਕਲਮ ਸੱਚ ਨੂੰ ਬੇਬਾਕੀ ਨਾਲ਼ ਬਿਆਨ ਕਰਦੀ ਹੈ, ਜਿਸ ਦਾ ਪਾਠਕ ਦੇ ਮਨ ‘ਤੇ ਡੂੰਘਾ ਅਸਰ ਪੈਂਦਾ ਹੈ। ਜਿਵੇਂ ਕਵੀ ਕਹਿੰਦਾ ਹੈ, “ਮੇਰੇ ਸੋਹਣੇ ਪੰਜਾਬ ਨੂੰ ਕੀ ਹੋਇਆ” ਇਹ ਸਿਰਫ਼ ਇੱਕ ਕਾਵਿ-ਤੁਕ ਨਹੀਂ, ਸਗੋਂ ਅੱਜ ਦੇ ਪੰਜਾਬ ਦੇ ਦਰਦ ਦੀ ਪੁਕਾਰ ਹੈ। ਕਿਤਾਬ ਦਾ ਸਿਰਲੇਖ ‘ਕੂੰਜ ਉਡਾਰੀ’ ਵੀ ਬਹੁਤ ਅਰਥਪੂਰਨ ਹੈ, ਕਿਉਂਕਿ ਜਿਵੇਂ ਕੂੰਜ ਖੁੱਲ੍ਹੇ ਅਸਮਾਨ ਵਿੱਚ ਉਡਾਰੀ ਭਰਦੀ ਹੈ, ਉਸੇ ਤਰ੍ਹਾਂ ਕਵੀ ਦੀ ਸੋਚ ਵੀ ਸਮਾਜ ਦੇ ਹਰ ਪੱਖ ਨੂੰ ਛੂੰਹਦੀ ਹੈ। ਕਵਿਤਾਵਾਂ ਵਿੱਚ ਮਲਵਈ ਲੋਕ-ਬੋਲੀ ਦੀ ਮਿਠਾਸ, ਰਵਾਇਤੀ ਛੰਦਾਂ ਦੀ ਲੈਅ ਅਤੇ ਸੰਗੀਤਕ ਰਵਾਨੀ ਪਾਠਕ ਨੂੰ ਅਪਣੇ ਨਾਲ਼ ਜੋੜ ਕੇ ਰੱਖਦੀ ਹੈ। ਕਈ ਥਾਵਾਂ ‘ਤੇ ਕਵੀ ਦੀ ਸ਼ਾਇਰੀ ਦਿਲ ਨੂੰ ਛੂਹ ਜਾਂਦੀ ਹੈ, ਜਿਵੇਂ ‘ਰਿਸ਼ਤੇ ਮਰ ਕੇ ਮੁੱਕਦੇ ਨਾਹੀਂ’ ਇਹ ਕਾਵਿ-ਤੁਕ ਮਨੁੱਖੀ ਜਜ਼ਬਾਤਾਂ ਅਤੇ ਪਿਆਰ ਦੀ ਡੂੰਘਾਈ ਨੂੰ ਬਹੁਤ ਖੂਬਸੂਰਤੀ ਨਾਲ਼ ਬਿਆਨ ਕਰਦੀ ਹੈ। ਇਸੇ ਤਰ੍ਹਾਂ ਕਵੀ ਦੀ ਸਮਾਜਿਕ ਸੋਚ ਵੀ ਬੜੀ ਪ੍ਰਭਾਵਸ਼ਾਲੀ ਹੈ, ਜਿੱਥੇ ਉਹ ਕਹਿੰਦਾ ਹੈ ਕਿ ਸੱਚ ਅਤੇ ਇਨਸਾਫ਼ ਲਈ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਕਿਤਾਬ ਵਿੱਚ ਇਸ਼ਕ, ਵਿਛੋੜਾ, ਰੂਹਾਨੀਅਤ, ਸੰਘਰਸ਼ ਅਤੇ ਪੰਜਾਬੀਅਤ ਦੀ ਖੁਸ਼ਬੂ ਹਰ ਪੰਨੇ ‘ਤੇ ਮਹਿਸੂਸ ਹੁੰਦੀ ਹੈ। ਸਮੁੱਚੇ ਤੌਰ ‘ਤੇ ‘ਕੂੰਜ ਉਡਾਰੀ’ ਇੱਕ ਪ੍ਰਭਾਵਸ਼ਾਲੀ ਅਤੇ ਚਿੰਤਨਸ਼ੀਲ ਕਾਵਿ-ਸੰਗ੍ਰਹਿ ਹੈ, ਜੋ ਪਾਠਕ ਨੂੰ ਸਿਰਫ਼ ਪੜ੍ਹਨ ਲਈ ਹੀ ਨਹੀਂ, ਸਗੋਂ ਸੋਚਣ ਲਈ ਵੀ ਮਜ਼ਬੂਰ ਕਰਦਾ ਹੈ ਅਤੇ ਪੰਜਾਬੀ ਸਾਹਿਤ ਵਿੱਚ ਅਪਣੀ ਨਿਵੇਕਲੀ ਪਹਿਚਾਣ ਬਣਾਉਂਦਾ ਹੈ। ‘ਧੂਰੀ ਸਾਹਿਤ ਪ੍ਰਕਾਸ਼ਨ’ ਪੰਜਾਬੀ ਸਾਹਿਤ ਸੇਵਾ ਵਿੱਚ ਮਹੱਤਵਪੂਰਨ ਅਤੇ ਮਾਣਮੱਤਾ ਯੋਗਦਾਨ ਪਾ ਰਿਹਾ ਹੈ। ‘ਕੂੰਜ ਉਡਾਰੀ’ ਵਰਗੇ ਸੁੰਦਰ ਕਾਵਿ-ਸੰਗ੍ਰਹਿ ਨੂੰ ਪ੍ਰਕਾਸ਼ਿਤ ਕਰ ਕੇ ਇਸ ਸੰਸਥਾ ਨੇ ਸਾਹਿਤ ਪ੍ਰੇਮੀਆਂ ਤਕ ਇੱਕ ਵਧੀਆ ਕਾਵਿ-ਸੰਗ੍ਰਹਿ ਪਹੁੰਚਦਾ ਕੀਤਾ ਹੈ। ਰਣਜੀਤ ਸਿੰਘ ਧੂਰੀ ‘ਸੰਚਾਲਕ, ਧੂਰੀ ਗ਼ਜ਼ਲ ਸਕੂਲ ਅਤੇ ਧੂਰੀ ਸਾਹਿਤ ਪ੍ਰਕਾਸ਼ਨ’ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਕਾਬਿਲ-ਏ-ਤਾਰੀਫ਼ ਹਨ। ਇਹ ਕਿਤਾਬ ਤੁਸੀਂ ਲੇਖ਼ਕ ਡਾ. ਹਰਕੇਸ਼ ਸਿੰਘ ਸਿੱਧੂ ਕੋਲੋਂ ਮੰਗਵਾ ਸਕਦੇ ਹੋ। ਮੋਬਾਈਲ ਨੰਬਰ 98140-53272 ਇਹ ਕਿਤਾਬ ਮੰਗਵਾਉਣ ਲਈ ਤੁਸੀਂ ਧੂਰੀ ਸਾਹਿਤ ਪ੍ਰਕਾਸ਼ਨ ਨਾਲ਼ ਵੀ ਸਪੰਰਕ ਕਰ ਸਕਦੇ ਹੋ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਾਮਰੇਡ ਰੋਸ਼ਨ ਲਾਲ ਪੰਡੋਰੀ ਦੀ ਹਾਦਸੇ ਉਪਰੰਤ ਅੱਜ ਹਸਪਤਾਲ ਵਿੱਚ ਹੋਈ ਮੌਤ
Next articleਨੇਪਾਲ ਦੀ 6812 ਮੀਟਰ ਉੱਚੀ ਚੋਟੀ ਮਾਉਂਟ ਅਮਾ ਦਾਬਲਮ ਫਤਿਹ ਕਰਨ ਵਾਲ ਪੰਜਾਬਣ ਸੁਖਬੀਰ ਕੌਰ ਬੱਲ ਦਾ ਕੀਤਾ ਸਨਮਾਨ