HOME ਕਵੀ ਜੱਗੀ ਹਮੀਰਗੜ੍ਹ ਨੂੰ ਮਿਲੇਗਾ ਦੂਜਾ ‘ਮਾਸਟਰ ਲਛਮਣ ਦਾਸ ਯਾਦਗਾਰੀ ਪੁਰਸਕਾਰ’

ਕਵੀ ਜੱਗੀ ਹਮੀਰਗੜ੍ਹ ਨੂੰ ਮਿਲੇਗਾ ਦੂਜਾ ‘ਮਾਸਟਰ ਲਛਮਣ ਦਾਸ ਯਾਦਗਾਰੀ ਪੁਰਸਕਾਰ’

4

ਸਾਹਿਤਕ ਸੱਥ ਪੱਤੋ ਹੀਰਾ ਸਿੰਘ ਵੱਲੋਂ 8 ਮਾਰਚ ਨੂੰ ਨਿਹਾਲ ਸਿੰਘ ਵਾਲਾ ਵਿਖੇ ਕਰਵਾਇਆ ਜਾਵੇਗਾ ਵਿਸ਼ੇਸ਼ ਸਨਮਾਨ ਸਮਾਰੋਹ

ਰਾਮਪੁਰਾ ਫੂਲ   (ਸਮਾਜ ਵੀਕਲੀ)   (ਪੱਤਰ ਪ੍ਰੇਰਕ) ਮਾਲਵੇ ਦੀ ਨਾਮਵਰ ਸਾਹਿਤਕ ਸੰਸਥਾ ‘ਸਾਹਿਤਕ ਸੱਥ ਪੱਤੋ ਹੀਰਾ ਸਿੰਘ’ ਵੱਲੋਂ ਪੰਜਾਬੀ ਸਾਹਿਤ, ਚਿੰਤਨ ਅਤੇ ਅਧਿਆਪਨ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦੇ ਮਾਣ-ਸਨਮਾਨ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ ਹੈ।  ਇਹ ਸਾਹਿਤਕ ਕੁੰਭ 8 ਮਾਰਚ 2026, ਦਿਨ ਐਤਵਾਰ ਨੂੰ ਸਥਾਨਕ ਕਾਮਰੇਡ ਭਵਨ, ਨਿਹਾਲ ਸਿੰਘ ਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ।  ਜਿਸ ਲਈ ਇਸ ਸਾਲ ਦੇ ਸਾਲਾਨਾ ਯਾਦਗਾਰੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਸਥਾ ਵੱਲੋਂ ਦਿੱਤਾ ਜਾਣ ਵਾਲਾ ਦੂਜਾ ‘ਮਾਸਟਰ ਲਛਮਣ ਦਾਸ ਯਾਦਗਾਰੀ ਪੁਰਸਕਾਰ’ ਇਸ ਵਾਰ ਨੌਜਵਾਨ ਕਵੀ ਅਤੇ ਅਧਿਆਪਨ ਖੇਤਰ ਨਾਲ ਜੁੜੀ ਪ੍ਰਮੁੱਖ ਸ਼ਖਸੀਅਤ ਕਵੀ  ਪ੍ਰੋ. ਜੱਗੀ ਹਮੀਰਗੜ੍ਹ ਉਰਫ਼ ਜਗਜੀਤ ਸਿੰਘ ਨੂੰ ਪ੍ਰਦਾਨ ਕੀਤਾ ਜਾਵੇਗਾ। ਪ੍ਰੋ਼. ਜੱਗੀ ਹਮੀਰਗੜ੍ਹ ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ ‘ਕਦਮ ਚੱਲਦੇ ਰਹਿਣ’(2024) ਨਾਲ ਪੰਜਾਬੀ ਕਾਵਿ ਸੰਸਾਰ ਵਿਚ ਪ੍ਰਵੇਸ਼ ਕੀਤਾ  ਹੈ। ਭਾਵੇਂ ਇਸ ਤੋਂ ਪਹਿਲਾਂ ਉਹ ਆਪਣੀਆਂ ਤਿੰਨ ਪੁਸਤਕਾਂ (ਨੌਂ ਰੰਗਾਂ ਦੀ ਲਾਟ-ਸੰਪਾਦਿਤ (2018), ਨਕਸਲਬਾੜੀ ਲਹਿਰ ਦਾ ਕਵੀ ਓਮ ਪ੍ਰਕਾਸ਼ ਸ਼ਰਮਾ-ਆਲੋਚਨਾ (2022), ਜ਼ੇਲਖਾਨਾ, ਗੋਲੀਆਂ ਦੀ ਬੌਛਾਰ ਅਤੇ ਕਤਲਗਾਹ (ਬੰਗਾਲੀ ਨਕਸਲੀ ਲਹਿਰ ਦੀ ਕਵਿਤਾ)-ਅਨੁਵਾਦ, 2023 ਸਦਕਾ ਪੰਜਾਬੀ ਸਾਹਿਤ, ਆਲੋਚਨਾ ਅਤੇ ਅਨੁਵਾਦ ਦੇ ਖੇਤਰ ਵਿਚ ਆਪਣੀਆਂ ਸੱਜਰੀਆਂ ਪੈੜਾਂ ਪਾ ਚੁੱਕਾ ਹੈ ਅਤੇ ਨਿਰੰਤਰ ਸਾਹਿਤਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ। ਇਸ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬੀ ਦੇ ਚਰਚਿਤ ਇਨਕਲਾਬੀ ਕਵੀ ਪ੍ਰਸ਼ੋਤਮ ਪੱਤੋ ਨੇ ਦੱਸਿਆ ਕਿ ਇਹ ਪੁਰਸਕਾਰ ਸਮਾਰੋਹ ਕੇਵਲ ਇੱਕ ਰਸਮ ਨਹੀਂ, ਸਗੋਂ ਆਪਣੇ ਪੁਰਖਿਆਂ ਦੀਆਂ ਸਾਹਿਤਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਜਿਉਂਦਾ ਰੱਖਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸਿਲਸਿਲਾ ਉਨ੍ਹਾਂ ਦੀ ਜੀਵਨ ਸਾਥਣ ਸਵ. ਸੁਰਿੰਦਰ ਸ਼ਰਮਾ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਸਾਹਿਤ ਸੇਵਾ ਵਿੱਚ ਸਰਗਰਮ ਮਹਿਲਾ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪਿਛਲੇ ਸਾਲ ਤੋਂ ਉਨ੍ਹਾਂ ਨੇ ਆਪਣੇ ਦਾਦਾ ਸਵ. ਮਾਸਟਰ ਲਛਮਣ ਦਾਸ ਜੀ (ਜੋ ਕਿ ਖੁਦ ਇੱਕ ਆਦਰਸ਼ਕ ਅਧਿਆਪਕ ਅਤੇ ਸਮਾਜਿਕ ਰਹਿਨੁਮਾ ਸਨ) ਦੀ ਯਾਦ ਵਿੱਚ ਵੀ ਪੁਰਸਕਾਰ ਸਥਾਪਿਤ ਕੀਤਾ ਹੈ। ਇਸ ਸਾਲ ਦਾ ‘ਦੂਜਾ ਮਾਸਟਰ ਲਛਮਣ ਦਾਸ ਯਾਦਗਾਰੀ ਪੁਰਸਕਾਰ’ ਨੌਜਵਾਨ ਸ਼ਾਇਰ ਅਤੇ ਅਕਾਦਮਿਕ ਖੇਤਰ ਦੀ ਉੱਭਰਦੀ ਸ਼ਖਸੀਅਤ ਕਵੀ ਪ੍ਰੋ. ਜੱਗੀ ਹਮੀਰਗੜ੍ਹ ਉਰਫ਼ ਜਗਜੀਤ ਸਿੰਘ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰੋ. ਜੱਗੀ ਹਮੀਰਗੜ੍ਹ ਨੇ ਆਪਣੀ ਸੰਵੇਦਨਸ਼ੀਲ ਕਵਿਤਾ ਅਤੇ ਅਧਿਆਪਨ ਰਾਹੀਂ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੰਸਥਾ ਅਨੁਸਾਰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਨਵੀਂ ਪਨੀਰੀ ਲਈ ਪ੍ਰੇਰਨਾ ਸਰੋਤ ਹਨ। ਇਸ ਤੋਂ ਇਲਾਵਾ ਸਾਹਿਤਕ ਸੱਥ’ ਵੱਲੋਂ ਵੱਖ-ਵੱਖ ਖੇਤਰਾਂ ਦੀਆਂ ਹੋਰਨਾਂ ਸਿਰਮੌਰ ਹਸਤੀਆਂ ਨੂੰ ਵੀ ਹੇਠ ਲਿਖੇ ਪੁਰਸਕਾਰਾਂ ਨਾਲ ਨਿਵਾਜਿਆ ਜਾਵੇਗਾ, ਕਹਾਣੀ ਅਤੇ ਨਾਵਲਕਾਰੀ ਲਈ: ਚੌਥਾ ‘ਕਹਾਣੀਕਾਰ ਅਜੀਤ ਸਿੰਘ ਪੱਤੋ ਯਾਦਗਾਰੀ ਪੁਰਸਕਾਰ’ ਪ੍ਰਸਿੱਧ ਗਲਪਕਾਰ ਹਰੀ ਸਿੰਘ ਢੁੱਡੀਕੇ ਦੀ ਝੋਲੀ ਪਾਇਆ ਜਾਵੇਗਾ। ਨਾਰੀ ਚੇਤਨਾ ਲਈ: ਛੇਵਾਂ ‘ਸੁਰਿੰਦਰ ਸ਼ਰਮਾ ਯਾਦਗਾਰੀ ਪੁਰਸਕਾਰ’ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਜੁਟੇ ਬੀਬੀ ਏਕਤਾ ਸਿੰਘ ਭੂਪਾਲ (ਮੋਗਾ) ਨੂੰ ਦਿੱਤਾ ਜਾਵੇਗਾ। ਸਾਹਿਤਕ ਸਿਰਜਣਾ ਲਈ: ਤੀਜਾ ‘ਹਰਨਵਦੀਪ ਸਿੰਘ ਯਾਦਗਾਰੀ ਪੁਰਸਕਾਰ’ ਸਿਰੜੀ ਫਿਲਮਸਾਜ ਅਮਰ ਘੋਲੀਆ ਨੂੰ ਪ੍ਰਦਾਨ ਕੀਤਾ ਜਾਵੇਗਾ।ਇਹ ਸਮਾਗਮ ਦੋ ਪੜਾਵਾਂ ਵਿੱਚ ਹੋਵੇਗਾ। ਪਹਿਲੇ ਪੜਾਅ ਵਿੱਚ ਪੁਰਸਕਾਰ ਵੰਡ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਦੂਜੇ ਪੜਾਅ ਵਿੱਚ ਕਵੀ ਦਰਬਾਰ ਸਜਾਇਆ ਜਾਵੇਗਾ। ਇਸ ਕਵੀ ਦਰਬਾਰ ਵਿੱਚ ਕਵੀ ਆਪਣੀਆਂ ਰਚਨਾਵਾਂ ਰਾਹੀਂ ਮੌਜੂਦਾ ਸਮਾਜਿਕ ਸਰੋਕਾਰਾਂ ਅਤੇ ਮਾਨਵੀ ਸੰਵੇਦਨਾਵਾਂ ਦੀ ਤਰਜਮਾਨੀ ਕਰਨਗੇ। ਲੇਖਕ ਵਿਚਾਰ ਮੰਚ, ਨਿਹਾਲ ਸਿੰਘ ਵਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਇਲਾਕੇ ਦੀਆਂ ਰਾਜਨੀਤਿਕ, ਸਮਾਜਿਕ ਅਤੇ ਸਾਹਿਤਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਸਾਹਿਤਕ ਸੱਥ ਪੱਤੋ ਹੀਰਾ ਸਿੰਘ ਵੱਲੋਂ ਸਮੂਹ ਸਾਹਿਤ-ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ। ਪ੍ਰੋ.ਜੱਗੀ ਹਮੀਰਗੜ੍ਹ ਨੇ ਕਿਹਾ ਕਿ ਮੈਂ ਸਾਹਿਤਕ ਸੱਥ ਪੱਤੋ ਹੀਰਾ ਸਿੰਘ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਿਅਕਤ ਕਰਦਾ ਹਾਂ ਜਿਨ੍ਹਾਂ ਮੈਨੂੰ ਇਸ ਯੋਗ ਸਮਝਿਆ। ਇਹ ਪੁਰਸਕਾਰ ਮੇਰੇ ਬਚਪਨ ਦੇ ਇਕੋ ਇਕ ਸੁਪਨੇ ਜੋ ਅਧਿਆਪਕ ਬਣਨਾ ਸੀ ਨੂੰ ਸੰਪੂਰਨਤਾ ਪ੍ਰਦਾਨ ਕਰਦਾ ਹੈ। ਸਵ ਮਾਸਟਰ ਲਛਮਣ ਦਾਸ ਜੋ ਇਕ ਸਿਰੜੀ ਤੇ ਮਿਹਨਤੀ ਅਧਿਆਪਕ ਸਨ ਉਨ੍ਹਾਂ ਦੇ ਨਾਮ ਦਾ ਪੁਰਸਕਾਰ ਮੇਰੇ ਅਧਿਆਪਕ ਹੋਣ ਦੇ ਮਾਣ ਨੂੰ ਹੋਰ ਵਧਾਉਂਦਾ ਹੈ ਅਤੇ ਇਹ ਮੇਰੀ ਸਾਹਿਤਕ ਪ੍ਰਤੀਬੱਧਤਾ ਹੋਰ ਵੀ ਪਕੇਰੇ ਕਰੇਗਾ। ਮੇਰੇ ਲਈ ਇਸ ਤੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ ਹੋ ਸਕਦੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article‘ਸੇਫ਼ ਪੰਜਾਬ’ ਤਹਿਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਿਲਿਆ ਲੋਕਾਂ ਦਾ ਭਰਪੂਰ ਸਹਿਯੋਗ
Next articleਵਿਆਹਾ ਵਿੱਚ ਸ਼ਰਾਬ ਪਿਲਾਉਣਾ ਹੋਇਆ ਮਹਿੰਗਾ