(ਸਮਾਜ ਵੀਕਲੀ)
ਮੈਂ ਫਿਰ ਉੱਗਾਂਗਾ
ਸਾਡੇ
ਪਿੰਡਿਆਂ ‘ਤੇ ਡੋਲ੍ਹੀ ਧੁੱਪ ਨੂੰ
ਆਪਣੀ ਤਪਸ ਵਿੱਚ ਆਤਮਸਾਤ ਕਰ
ਆਣੀ ਲਾਲੀ ਸਾਡੇ ਤੋਂ ਵਾਰ
ਵਾਰਸ ਬਣਾ ਸਾਨੂੰ ਕਾਲ਼ੀ ਰਾਤ ਦੇ
ਆ ਤੁਰ ਚੱਲਿਆ ਏ
ਤਿੑਕਾਲਾਂ ਦੇ ਦੇਸ਼
ਇਹ ਪੱਛਮੀ ਰੁੱਤਾਂ ਦਾ ਮੋਹਿਆ
ਆਪਣੀਆਂ ਸਹਸ੍ ਕਿਰਨਾਂ
ਲਕੋ ਰਿਹਾ ਏ
ਸਾਗਰ ਦੀ ਖ਼ਿਲਅਤ ‘ਚ
ਪਰ
ਵਾਹਦ ਖ਼ਿਆਲ ਵਾਲ਼ਾ
ਇਸਦਾ ਲਾਲ ਸੂਹਾ ਮੁਖ
ਡੁੱਬਦਾ ਡੁੱਬਦਾ ਆਖ ਰਿਹਾ ਏ
ਮੈਂ ਫਿਰ ਉੱਗਾਂਗਾ
ਬਿਨਫ਼ਸ਼ਾਂ ਦੇ ਬੂਟੇ ਵਾਂਗ
ਕਿਸੇ ਪਹਾੜ ਦੇ ਸਿਰ ‘ਤੇ।
————-
ਭਾਰੇ ਪੱਥਰ
ਮੌਸਮਾਂ ਨੇ
ਮਿਜ਼ਾਜ਼ ਕੀ ਬਦਲੇ
ਉਸਨੂੰ ਪੋਹ ਦੇ ਪਾਲੇ਼ ਸਾੜਨ ਲੱਗੇ ਨੇ
ਹਾੜ੍ਹ ਦੇ ਦਿਨ ਠਾਰਨ ਲੱਗੇ ਨੇ
ਖੌਰੇ ਤਪਦੇ ਮਾਰੂਥਲ ਨੇ
ਉਸ ‘ਤੇ ਕੇਹਾ ਜਾਦੂ ਕੀਤਾ ਹੈ
ਕਿ ਉਹ ਆਪਣੇ ਮੁਨਾਰਿਆਂ ਨੂੰ ਛੱਡ ਕੇ
ਰੇਤ ‘ਚ ਘਰ ਬਣਾਉਣ ਦੇ ਸੁਪਨੇ ਦੇਖ ਰਿਹਾ ਹੈ
ਛਲਾਵੇ ਨਾਲ਼ ਅੱਖਾਂ ਸੇਕ ਰਿਹਾ ਹੈ
ਨਾ ਜਾਣੇ
ਉਸ ਇਕੋ ਬੇੜੇ ਦੇ ਪੂਰ ਅੰਦਰ
ਵੱਖਰੇ ਪੱਤਣਾਂ ਦਾ ਖ਼ਿਆਲ ਕਿਥੋਂ ਆ ਗਿਆ
ਕਿ ਬੇੜਾ ਆਪਣੇ ਮਲਾਹ ਸਮੇਤ
ਸਲਾਮਤੀ ਲਈ ਖੈਰਮਾਨ ਬਣ ਹੋ ਗਿਆ
ਲਗਦਾ
ਵਕਤ ਨੇ
ਉਸ ਦੇ ਲੇਖਾਂ ਦੀ ਜੰਨਤ ਚੋਂ
ਖ਼ੂਬਸੂਰਤ ਹੂਰਾਂ ਨੂੰ ਕੈਦ ਕਰ ਲਿਆ
ਆਪਣੀਆਂ ਅੱਖਾਂ ਦੇ ਅੰਦਰ
ਕਿਸੇ ਗਹਿਰੇ ਸਮੁੰਦਰ
ਸ਼ਾਲਾ!
ਵਕਤੀ ਖ਼ਿਜ਼ਾਂ ਦੇ ਠੱਕੇ
ਉਸ ਦੇ ਜੀਵਨ ਰੁੱਖ ਦੇ ਪੱਤਿਆਂ ਨੂੰ ਝਾੜ ਨਾ ਦੇਣ
ਤੇ
ਭੁੱਖ, ਤ੍ਰੇਹ, ਡੂੰਘੇ ਗ਼ਮ
ਭਾਰੇ ਪੱਥਰ ਬਣ ਕੇ ਦੱਬ ਨਾ ਲੈਣ
ਉਸ ਦੇ ਮਨ ਦੀਆਂ ਰੀਝਾਂ, ਉਮੰਗਾਂ ਤੇ ਚਾਵਾਂ ਨੂੰ।
————-੦———
ਧਰਤੀ ਦੇ ਬੋਲ
ਮੈਂ
ਵੇਖ ਰਹੀ ਹਾਂ
ਦੁਮੇਲ ਉੱਪਰ ਸਫ਼ੈਦ ਬੱਦਲ਼
ਮੁਰਗਿਆਂ ਵਾਂਗ ਛਾਤੀਆਂ ਤਾਣੀ
ਆਪਣੇ ਢਿੱਡਾਂ ਅੰਦਰ
ਮੀਂਹ ਦੇ ਦਾਣੇ ਲੁਕਾਈਂ
ਕਿਤੇ ਦੂਰ ਤੁਰੇ ਜਾ ਰਹੇ ਨੇ
ਮੈਥੋਂ ਨਰਾਜ਼ ਹੋ ਕੇ।
ਹੇ!
ਮੁਟਿਆਲ਼ੇ ਬੱਦਲ਼ੋ
ਨਰਾਜ਼ ਨਾ ਹੋਵੋ
ਮੇਰੀ ਸੁੰਨਮਸਰਾਂ ‘ਚ ਖੜ੍ਹੇ
ਸਰਕੜਿਆਂ ਦੀਆਂ ਕਲਗੀਆਂ
ਉਡੀਕ ਰਹੀਆਂ ਨੇ
ਤੁਹਾਡੀਆਂ ਇਸ਼ਕ ਨਿਆਜਾਂ ਨੂੰ
ਸਰਕੜਿਆਂ ਦੇ
ਜੰਗ਼ਲ ਨੂੰ ਆਉਂਦੀ ਪਗਡੰਡੀਏ
ਬਸ ਤੂੰ
ਆਪਣੇ ਉਪਰ ਰੋੜਾਂ ਦੀ ਚਾਦਰ ਨਾ ਲਵੀਂ
ਕੋਈ ਉਮੀਦ
ਮੁਸਾਫ਼ਰ ਬਣ ਕੇ
ਮੇਰੇ ਲਈ ਆਵੇਗੀ
ਤੇ
ਮੇਰਾ ਕੱਲਰਪਣ ਉਸਦੀਆਂ
ਅਤਿ੍ਪਤੀਆਂ ਨੂੰ ਤਿ੍ਪਤ ਕਰਨ ਦਾ
ਵਸੀਲਾ ਬਣੇਗਾ
ਬਲ਼ਦੀਆਂ ਰੁੱਤਾਂ ‘ਚ।
———–
ਸਾਰਿਕਾ
ਪੱਥਰਾਂ ਨੂੰ ਰੋੜ੍ਹਦੀ
ਮਿੱਟੀ ਨੂੰ ਖੋਰਦੀ
ਝਕਾਨੀਆਂ ਦਿੰਦੀ ਨਦੀ
ਰਲ਼ ਹੀ ਜਾਂਦੀ ਏ
ਸਾਗਰ ਦੇ ਪਾਣੀ ‘ਚ
ਮੈਂ
ਊਸ਼ਾ ਦੀ ਲਾਲੀ ਤੋਂ ਸ਼ੁਰੂ ਹੋਈ
ਸੰਧਿਆ ਸਮੇਟ
ਨਿਸ਼ਾ ਦੇ ਰੂਪ ‘ਚ
ਸਾਰਿਕਾ ਬਣ
ਉੱਤਰਨਾ ਚਹੁੰਦੀ ਹਾਂ
ਤੇਰੇ ਅੰਤਰ ਮਨ ਦੀਆਂ ਡੂੰਘਾਈਆਂ ‘ਚ
ਅਭੇਦ ਹੋਣਾ ਚਹੁੰਦੀ ਹਾਂ
ਤੇਰੇ ਮਨ ਦੇ ਭੇਦਾਂ ‘ਚ
ਪਰ
ਭੁੱਲ ਜਾਂਦੀ ਹਾਂ
ਚਸਮਿਆਂ ਦੇ ਪਾਣੀ
ਕਦੇ ਪਥਰੀਲੀ ਧਰਤੀ ਦਾ
ਸਿਰਨਾਵਾਂ ਨਹੀਂ ਦੱਸਦੇ ਹੁੰਦੇ।
———————
ਰਾਮਪਾਲ ਸ਼ਾਹਪੁਰੀ 9914886310



