HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰਾਜਿਓ ਰਾਜ ਕਰੇਂਦਿਓ
————————-
ਤੁਸੀਂ ਧੀਆਂ ਭੈਣਾਂ ਮਾਵਾਂ ਵੱਲੋਂ ,
ਝੱਲੇ ਜਾਂਦੇ ਸੰਤਾਪ ਦੀ ਸੁਣ ਲਓ ।
ਗੱਲ ਬਾਕੀ ਪਾਰਟੀਆਂ ਦੀ ਛੱਡੋ ,
ਤੁਸੀਂ ਆਪਣੇ ਆਪ ਦੀ ਸੁਣ ਲਓ।
ਪਿੰਡ ਰੰਚਣਾਂ ਵਾਲ਼ੇ ਦੀ ਆਦਤ ਹੈ ,
ਨਿੱਤ ਹੀ ਭੰਡਦਾ ਰਹੇ ਸਰਕਾਰਾਂ ਨੂੰ ;
ਚਲੋ ਰੁਲ਼ਦੂ ਦੀ ਗੱਲ ਨਾ ਵੀ ਸੁਣੋਂ ,
ਕੁੰਵਰ ਵਿਜੇ ਪ੍ਰਤਾਪ ਦੀ ਸੁਣ ਲਓ ।

ਰੁਲ਼ਦੂ ਦੀ ਰੀਸ
—————–
ਕੋਈ ਗੱਲ ਕਦੇ ਨਾ ਰਹਿੰਦੀ ਵਿੱਚ ਵਿਚਾਲ਼ੇ ਰੁਲ਼ਦੂ ਦੀ ।
ਤੈਂ ਵੇਖੀ ਨਈਓਂ ਕਾਹਲ਼ੀ , ਬਹੁਤੇ ਕਾਹਲ਼ੇ ਰੁਲ਼ਦੂ ਦੀ ।
ਤੂੰ ਆਪਣੀ ਚਾਲੇ ਚੱਲ ਨਹੀਂ ਲੱਤ ਬਾਂਹ ਤੁੜਵਾ ‘ਲੇਂਗਾ ;
ਤੈਥੋਂ ਰੀਸ ਨਾ ਹੋਣੀਂ ਪਿੰਡ ਰੰਚਣਾਂ ਵਾਲ਼ੇ ਰੁਲ਼ਦੂ ਦੀ ।

ਮੇਰੀ ਜਾਂ ਦੂਜਾ ਨੰਬਰ
———————–
ਸਾਲ ‘ਚ ਸਵਾ ਕੁ ਲੱਖ ਕਰੋੜ ਦੀ ,
ਪੀਂਦਾ ਰਹਿੰਦੈ ਸਦਾ ਸ਼ਰਾਬ ।
ਹਰ ਵਾਰਡ ਵਿੱਚ ਇਕ ਇਕ ਠੇਕਾ,
ਚਾਹੀਦਾ ਹੈ ਸਿੱਧਾ ਹਿਸਾਬ ।
ਕੀ ਹੋਇਆ ਗੁਜਰਾਤ ਦਾ ਨੰਬਰ ,
ਜੇਕਰ ਹਾਲੇ ਪਹਿਲਾ ਹੈ ;
ਜ਼ਹਿਰੀਲੀ ਦਾਰੂ ਪੀ ਕੇ ਮਰਨ ਵਿੱਚ,
ਸੈਕਿੰਡ ਤਾਂ ਹੈ ਅਜੇ ਪੰਜਾਬ ।

ਆ ਗਈ ਜੇਠ ਦੀ ਸੰਗਰਾਂਦ
——————————-
ਜੇਠ ਦਾ ਮਹੀਨਾ ਆ ਗਿਆ ,
ਕਟਕਾਂ ਦੇ ਜਾਣਾ ।
ਨਾ ਕੁੱਝ ਚੰਗਾ ਲੱਗਣਾ ,
ਪੀਣਾ ਅਤੇ ਖਾਣਾ ।
ਧੰਨ ਜਿਗਰਾ ਹੈ ਉਹਨਾਂ ਦਾ ,
ਜੋ ਮਿਹਨਤ ਕਰਦੇ ;
ਰਹਿਣ ਮਨਾਉਂਦੇ ਖ਼ੁਸ਼ੀਆਂ ,
ਲਾ ਮਾਣਕ ਦਾ ਗਾਣਾ।

ਜੱਟ ਦਾ ਸਵਰਾਜ 855
————————-
ਜੱਟਾਂ ਦੇ ਵਿੱਚ ਭੈੜੀਆਂ ਰੀਤਾਂ ,
ਪੈ ‘ਗੀਆਂ ਰੀਸ ਰਿਵਾਜ ਦੀਆਂ ।
ਮੂਲ਼ ਦੀ ਗੱਲ ਤਾਂ ਰਹਿ ਗਈ ਦੂਰ ,
ਨਾ ਕਿਸ਼ਤਾਂ ਮੁੜਨ ਵਿਆਜ਼ ਦੀਆਂ ।
ਜੱਟੀ ਜੱਟ ਤੋਂ ਵੀ ਵਧ ਕੇ ਖ਼ੁਸ਼ ਹੈ ,
ਬੱਸ ਇੱਕ ਐਨੀ ਹੀ ਗੱਲ‌ ਤੋਂ ;
ਕਿ ਗੱਲਾਂ ਹੋਣ ਰੰਚਣਾਂ ਪਿੰਡ ਵਿੱਚ ,
ਲਾਲ ਰੰਗ ਦੇ ਸਵਰਾਜ ਦੀਆਂ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037

 

 

 

Previous articleਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਨਜਾਇਜ਼ ਮਾਈਨਿੰਗ ਸਬੰਧੀ ਐਸ ਡੀ ਐਮ ਨੂੰ ਮੰਗ ਪੱਤਰ ਸੌਂਪਿਆ 
Next articleSAMAJ WEEKLY = 16/05/2025