HOME ਕਵਿਤਾਵਾਂ/ਹਰਪ੍ਰੀਤ ਪੱਤੋ

ਕਵਿਤਾਵਾਂ/ਹਰਪ੍ਰੀਤ ਪੱਤੋ

8
ਹਰਪ੍ਰੀਤ ਪੱਤੋ

(ਸਮਾਜ ਵੀਕਲੀ)

*ਤਿੱਲੇ ਵਾਲੀ ਜੁੱਤੀ*
“””””””””””””””””””””
ਨਾਲ ਪਾਪੇ ਦੇ ਜਾ ਬਜ਼ਾਰੋਂ,
ਸੋਹਣੀ ਜੁਤੀ ਲਿਆਂਦੀ।
ਜਦ ਵੀ ਉਹਨੂੰ ਪਾ ਕੇ ਤੁਰਦਾ,
ਚੂ ਚੂ ਕਰਦੀ,ਰੋਲਾ ਪਾਂਦੀ।
“””””””””””
ਚਾਂਦੀ ਰੰਗੇ ਤਿੱਲੇ ਦੇ ਨਾਲ,
ਫੁੱਲ ਬੂਟੀਆਂ ਪਾਈਆਂ।
ਆਸੇ ਪਾਸੇ ਨਾਲ ਓਸ ਦੇ
ਸੁਨਹਿਰੀ ਤਾਰਾਂ ਲਾਈਆਂ।
“”””””””'””
ਵੇਖ ਵੇਖ ਖੁਸ਼ ਹੋਈ ਜਾਵਾਂ,
ਲਾਹੁਣ ਨੂੰ ਜੀ ਨਾ ਕਰਦਾ।
ਮੰਮੀ ਆਖੇ ਜੁੱਤੀ ਕਾਹਦੀ,
ਤੂੰ ਨਹੀਂ ਹੁਣ ਪੜ੍ਹਦਾ।
“””””””””””
ਹਾਣ ਮੇਰੇ ਦੇ ਹਾਣੀ ਪੁੱਛਣ,
ਤੂੰ ਇਹ ਕਿੱਥੋਂ ਲਿਆਇਆ?
ਘਰ ਦੇ ਆਖਣ ਤੂੰ ਇਹਨਾਂ ਨੂੰ
ਕਾਹਤੋਂ ਪਿੱਛੇ ਲਾਇਆ?
“”””””””””””
ਇੱਕ ਦਿਨ ਮੈਂ ਪੈਰੋਂ ਲਾਹ ਕੇ ,
ਮੰਜੇ ਉੱਤੇ ਬਹਿ ਗਿਆ।
ਬੜਾ ਸ਼ਰਾਰਤੀ ਭੋਲੂ ਆ ਕੇ
ਪੈਰੀਂ ਪਾ ਕੇ ਲ਼ੈ ਗਿਆ।
“””””””””””
ਪਤਾ ਲੱਗਿਆ,ਮੰਮੀ ਮੇਰੀ
ਦੇਣ ਗਈ ਘਰ ਉਲਾਂਭਾ।
‘ਪੱਤੋ’ ਨੇ ਕਾਹਦੀ ਜੁੱਤੀ ਲਿਆਂਦੀ,
ਭੋਲੂ ਦੇ ਫਿਰ ਗਿਆ ਝਾਂਬਾ।

*ਕੁਦਰਤ ਹੋਈ ਕਹਿਰਵਾਨ*

ਬੋਲਾ ਬੱਦਲ ਆਇਆ ਚੜ੍ਹਕੇ।
ਪਾਣੀ ਵਾਂਗ ਸਮੁੰਦਰ ਗੜ੍ਹਕੇ।
ਕੁਦਰਤ ਕਹਿਰਵਾਨ ਜੀ।

ਟੋਏ ਟਿੱਬੇ ਨੇ ਇੱਕ ਕਰਤੇ।
ਪਾਣੀ ਨਾਲ ਕਿਆਰੇ ਭਰਤੇ।
ਭਰ ਦਿੱਤੇ ਮੈਦਾਨ ਜੀ।
ਕੁਦਰਤ ਕਹਿਰਵਾਨ ਜੀ।

ਘਰ ਬਾਰ ਕਈਆ ਦੇ ਢਹਿਗੇ।
ਮੰਜੇ ਪੀੜ੍ਹੀਆਂ ਵਿੱਚੇ ਵਹਿਗੇ।
ਚੋਰ ਲੈ ਗਏ ਸਮਾਨ ਜੀ।
ਕੁਦਰਤ ਕਹਿਰਵਾਨ ਜੀ।

ਰੱਬ ਮੂਹਰੇ ਜ਼ੋਰ ਨਾ ਕੋਈ।
ਏਦੂ ਬਿਨਾਂ ਹੋਰ ਨਾ ਕੋਈ।
ਜੋ ਸੁਣੇ ਕਰ ਕਾਨ ਜੀ।
ਕੁਦਰਤ ਕਹਿਰਵਾਨ ਜੀ।

ਮਾੜਾ ਹੁੰਦਾ ਬਹੁਤਾ ਰੋੜ੍ਹ।
ਨਾ ਸੋਕੇ ਨਾ ਡੋਬੇ ਦੀ ਲੋੜ।
‘ਪੱਤੋ’ ਕਰੇ ਬਿਆਨ ਜੀ।
ਕੁਦਰਤ ਕਹਿਰਵਾਨ ਜੀ।

*ਨਾਦਰ ਸ਼ਾਹ ਟ੍ਰੰਪ ਦੇ ਹੁਕਮ*

ਨਾਦਰ ਸ਼ਾਹੀ ਟ੍ਰੰਪ ਨੇ ਹੁਕਮ ਚਾੜ੍ਹੇ,
ਆਖੇ ਭਾਰਤ ਮੰਨੇ ਮੇਰੀ ਈਨ ਬੀਬਾ।
“”””””””””‘””
ਮੋਈ ਆਖੇ ਭਾਰਤੀ ਆਰਥਿਕਤਾ ਨੂੰ,
ਦੱਸੇ ਤਰਸ ਦਾ ਪਾਤਰ ਦੀਨ ਬੀਬਾ।
“”””””””””””‘”
ਕੋਈ ਲੋੜ ਨਾ ਸਾਨੂੰ ਸਹਾਰਿਆਂ ਦੀ,
ਭਾਵੇਂ ਰੂਸ ,ਜਪਾਨ ਹੋਵੇ ਚੀਨ ਬੀਬਾ।
“”””””””””””””
ਰੋਜ ਟੈਕਸ ‘ਤੇ ਟੈਕਸ ਲਾਈ ਜਾਵੇ,
ਹੋ ਸੱਤਾ ਦੇ ਨਸ਼ੇ ਵਿੱਚ ਲੀਨ ਬੀਬਾ।
“””””””””””””
ਭਾਰਤ ਸਭ ਤੋਂ ਵੱਡਾ ਹੈ ਲੋਕਤੰਤਰ ,
ਖੱਡ ਕੋਲ ਕਿਉਂ ਵਜਾਵੇਂ ਬੀਨ ਬੀਬਾ।
“””””””””””””
ਨਹੀਂ ਡਰਦਾ ਭਾਰਤ ਹੁਣ ਦਾਬਿਆਂ ਤੋ,
ਐਵੇਂ ਦਿਖਾਵੇ ਟ੍ਰੰਪ ਫੋਕੇ ਸੀਨ ਬੀਬਾ।
“””””””””””””””
ਇੱਕੋ ਹੁੰਦੇ ਨੇ ਵਾਹੁਣ ਭੱਜਦਿਆਂ ਨੂੰ ,
ਪਤਾ ਦੱਸਾਂਗੇ , ਰੱਖ ਯਕੀਨ ਬੀਬਾ।
“””””””””””””
ਦੇਸ਼ ਸਾਡਾ ਹੈ ‘ਪੱਤੋ’ ਬਹਾਦਰਾਂ ਦਾ,
ਸਭ ਬੇ ਖ਼ੌਫ ਹੋ ਇੱਥੇ ਜੀਣ ਬੀਬਾ।
“””””””””””””””””
ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ::94658-21417

 

Previous articleਬਾਬਾ ਬੀਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ, ਸੰਗਤਾਂ ਵਿੱਚ ਭਾਰੀ ਸ਼ਰਧਾ ਤੇ ਉਤਸ਼ਾਹ ਪਾਇਆ ਜਾ ਰਿਹਾ- ਸੰਤ ਹਰਜੀਤ ਸਿੰਘ
Next articleਲੈਸਟਰ ਫੁੱਟਬਾਲ ਟੂਰਨਾਮੈਂਟ 2025