(ਸਮਾਜ ਵੀਕਲੀ)
ਖਾਈਏ ਮਨ ਭਾਉਂਦਾ
———————–
ਛੱਡ ਦੇਈਏ ਜੇ ਝੂਠੇ ਅਡੰਬਰਾਂ ਨੂੰ ,
ਜੀਵਨ ਜਿਉਂਣ ਦਾ ਮਜ਼ਾ ਹੈ ਤਾਂ ਆਉਂਦਾ।
ਚੜ੍ਹੇ ਲੱਥੇ ਦਾ ਜੀਹਨੂੰ ਨਾ ਫ਼ਿਕਰ ਹੋਵੇ ,
ਫ਼ੱਕਰ ਬੰਦਾ ਹੀ ਖ਼ੁਸ਼ੀ ਦੇ ਗੀਤ ਗਾਉਂਦਾ।
ਦੁਨੀਆਂ ਕੀ ਆਖੂ ਇਸਨੂੰ ਭੁੱਲ ਜਾਈਏ,
ਓਹੀ ਕੰਮ ਕਰੀਏ ਜਿਸ ਨੂੰ ਦਿਲ ਚਾਹੁੰਦਾ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਖਾਈਏ ਮਨ ਭਾਉਂਦਾ ਪਾਈਏ ਜੱਗ ਭਾਉਂਦਾ।
ਗਿਰਗਿਟ ਤੇ ਦੁਨੀਆਂ
————————-
ਹੋਵੇ ਨਿੱਤ ਮਹਿੰਗਾਈ ਵਿੱਚ ਨਵਾਂ ਵਾਧਾ ,
ਉੱਤੋਂ ਪਤਨੀ ਵੀ ਰੋਜ਼ ਮੰਗ ਬਦਲਦੀ ਏ ।
ਹੀਰ ਇੱਕੀਵੀਂ ਸਦੀ ਦੀ ਚੁਸਤ ਹੋ ‘ਗੀ ,
ਦਿਨ ‘ਚ ਕਈ ਉਹ ਸਾਥ ਸੰਗ ਬਦਲਦੀ ਏ।
ਟੋਲੀ ਠੱਗਾਂ ਦੀ ਲੀਡਰਾਂ ਨਾਲ਼ ਮਿਲਕੇ ,
ਠੱਗੀ ਮਾਰਨ ਦੇ ਰੋਜ਼ ਢੰਗ ਬਦਲਦੀ ਏ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਦੁਨੀਆਂ ਗਿਰਗਿਟ ਵਾਂਗੂੰ ਰੰਗ ਬਦਲਦੀ ਏ।
( ਕਿਤਾਬ ” ਪੱਥਰ ‘ਤੇ ਲਕੀਰਾਂ ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037