(ਸਮਾਜ ਵੀਕਲੀ)
ਮਾੜੀ ਮੌਤ ਤੋਂ
————–
ਜੇਕਰ ਮਾਨਣੇਂ ਸੁੱਖ ਅਨੇਕ ਚਾਹੁੰਦੇ ,
ਲਾਈਏ ਵੱਧ ਤੋਂ ਵੱਧ ਫ਼ਿਰ ਰੁੱਖ ਲੋਕੋ ।
ਕਤਲ ਕਰਨ ਲਈ ਧੀ ਧਿਆਣੀਆਂ ਦੇ,
ਕਬਰਾਂ ਜਿਹੀ ਬਣਾਈ ਕਿਉਂ ਕੁੱਖ ਲੋਕੋ ।
ਧੀਆਂ ਨਾ ਹੋਈਆਂ ਮਾਵਾਂ ਨਾ ਹੋਈਆਂ ,
ਪੈਦਾ ਹੋਣਗੇ ਕਿੱਥੋਂ ਮਨੁੱਖ ਲੋਕੋ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਮਾੜੀ ਮੌਤ ਤੋਂ ਹੁੰਦੀ ਹੈ ਭੁੱਖ ਲੋਕੋ ।
ਸੱਪ ਨੂੰ ਦੁੱਧ
————-
ਰੀਝ ਨਾਲ਼ ਉਹ ਜ਼ਿੰਦਗੀ ਮਾਣਦੇ ਨੇ ,
ਜਿਹੜੇ ਬੰਦੇ ਸੁਭਾਅ ਦੇ ਸੀਤ ਹੁੰਦੇ ।
ਖ਼ੁਸ਼ ਰਹਿੰਦੇ ਤੇ ਹੋਰਾਂ ਨੂੰ ਖ਼ੁਸ਼ ਰਖਦੇ ,
ਸ਼ੌਕ ਜਿਹਨਾਂ ਦੇ ਗੀਤ ਸੰਗੀਤ ਹੁੰਦੇ ।
ਵਰਤਮਾਨ ਭਵਿੱਖ ਵੀ ਹੋਣ ਚੰਗੇ ,
ਜਿਹੜੇ ਲੋਕਾਂ ਦੇ ਚੰਗੇ ਅਤੀਤ ਹੁੰਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਦੁੱਧ ਪੀ ਕੇ ਵੀ ਸੱਪ ਨਾ ਮੀਤ ਹੁੰਦੇ ।
ਜੱਟ ਜੱਟਾਂ ਦੇ
————-
ਕੋਈ ਮੰਨੇਂ ਤੇ ਭਾਵੇਂ ਕੋਈ ਨਾ ਮੰਨੇਂ ,
ਫਰਜ਼ ਹੁੰਦਾ ਸਿਆਣਿਆਂ ਦਾ ਕਹਿਣ ਦਾ ਜੀ।
ਆਟੇ ਨਾਲ਼ ਪਲੇਥਣ ਹੈ ਲੱਗ ਜਾਂਦਾ ,
ਚਸਕਾ ਲੱਗ ‘ਜੇ ਮਾੜੇ ਨਾਲ਼ ਬਹਿਣ ਦਾ ਜੀ।
ਕੋਈ ਕੰਮ ਨਾ ਦੁਨੀਆਂ ਦੇ ਵਿੱਚ ਹੁੰਦਾ ,
ਤਕੜੇ ਬੰਦੇ ਦਾ ਮਾੜੇ ਨਾਲ਼ ਖਹਿਣ ਦਾ ਜੀ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਜੱਟ ਜੱਟਾਂ ਦੇ ਭੋਲੂ਼ ਨਰਾਇਣ ਦਾ ਜੀ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037