ਕਵਿਤਾਵਾਂ

ਹੱਥੀਂ ਲਾਏ ਬੂਟੇ 
—————–
ਪਸ਼ੂ ਪੰਛੀ ਤੋਂ ਕੋਈ ਨੁਕਸਾਨ ਹੋ ‘ਜੇ ,
ਕਦੇ  ਬੇ-ਜ਼ੁਬਾਨ  ਨੂੰ  ਕੁੱਟੀਏ  ਨਾ ।
ਆਪਣੇ ਵਿਹੜੇ ਦਾ ਪੱਤ-ਸੁੱਤ ਕਰ ‘ਕੱਠਾ ,
ਕਿਸੇ ਹੋਰ ਦੇ ਬੂਹੇ ਵੱਲ ਸੁੱਟੀਏ ਨਾ ।
ਭੈਣਾਂ ਭਾਈਆਂ ‘ਚੋਂ ਤੁਸੀਂ ਜੇ ਹੋਵੋਂ ਵੱਡੇ ,
ਗਲ਼ਾਂ ਆਪ ਤੋਂ ਛੋਟੇ ਦਾ ਘੁੱਟੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੱਥੀਂ ਲਾਏ ਹੋਏ ਬੂਟੇ ਨੂੰ ਪੁੱਟੀਏ ਨਾ  ।
ਇੱਕੋ ਗੱਲ ਨੂੰ 
————–
ਲੜਨਾ ਝਗੜਨਾ ਮਾੜਾ ਹੈ ਕੰਮ ਹੁੰਦਾ ,
ਦੇਸ਼ ਕੌਮ ਲਈ ਲੜਨ ਤੋਂ ਝਿਜਕੀਏ ਨਾ ।
ਪਹਿਲਾਂ ਸੋਚ ਵਿਚਾਰ ਕੇ ਪੈਰ ਧਰੀਏ ,
ਜਿੱਥੇ ਧਰ ਲਈਏ ਮੁੜ ਕੇ ਥਿੜਕੀਏ ਨਾ ।
ਜੁੱਤੀ ਆਪਣੀ ਮੇਚ ਜਦ ਆਉਂਣ ਲੱਗੇ ,
ਧੀਆਂ ਪੁੱਤਾਂ ਨੂੰ ਲੋੜੋਂ ਵੱਧ ਝਿੜਕੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਵਾਰ ਵਾਰ ਇੱਕ ਗੱਲ ਨੂੰ ਰਿੜਕੀਏ ਨਾ ।
ਆਪਣੀ ਚਾਦਰ ਵੇਖ ਕੇ 
————————-
ਲਈਏ ਮਿੱਥ ਨਿਸ਼ਾਨਾ ਕੋਈ ਇੱਕ ਪਹਿਲਾਂ,
ਡਾਂਗਾਂ ਹਵਾ ਵਿੱਚ ਐਵੇਂ ਨਾ ਮਾਰੀਏ ਜੀ ।
ਪੜ੍ਹ ਲਿਖ ਕੇ ਨਾਲ਼ ਤਜ਼ਰਬਿਆਂ ਦੇ  ,
ਆਪਣੀ ਦਿੱਖ ਨੂੰ ਆਪ ਨਿਖਾਰੀਏ ਜੀ ।
ਕੁਦਰਤ ਰਾਣੀ ਦੀ ਰਜ਼ਾ ਦੇ ਵਿੱਚ ਰਹੀਏ ,
ਨਾ ਹੀ ਮੌਤ ਨੂੰ ਦਿਲੋਂ ਵਿਸਾਰੀਏ ਜੀ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਚਾਦਰ ਵੇਖ ਕੇ ਪੈਰ ਪਸਾਰੀਏ ਜੀ  ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਅਕੈਡਮੀ ਵਲੋਂ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਪੰਜਾਬੀ ਕਵੀ ਦਰਬਾਰ ਦਾ ਆਯੋਜਨ ਸਮੇਂ ਦੀ ਬੜੀ ਮੰਗ -ਪੋਪਿੰਦਰ ਪਾਰਸ
Next articleਛੇਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਵਿਦਿਆਰਥੀਆਂ ਨੇ ਵਿਖਾਇਆ ਭਾਰੀ ਉਤਸ਼ਾਹ, ਲੋਕ ਪੱਖੀ ਸਮਾਜਿਕ ਤਬਦੀਲੀ ਲਈ ਤਰਕਸ਼ੀਲ਼ ਸੋਚ ਜਰੂਰੀ – ਤਰਕਸ਼ੀਲ਼ ਸੁਸਾਇਟੀ