ਕਵਿਤਾਵਾਂ

ਮੂਲ ਚੰਦ ਸ਼ਰਮਾ
ਪੇਕਿਆਂ ਦੇ ਪਿੰਡ ਕੁੜੀਏ 
————————–
ਰਿਸ਼ਤੇਦਾਰਾਂ ਤੇ ਮਿੱਤਰਾਂ ਦੋਸਤਾਂ ਨੂੰ ,
ਰਕਮ ਦੇਈਏ ਨਾ ਹੱਥ ਉਧਾਰ ਮੀਆਂ ।
ਜੇਕਰ ਦੇ ਦੇਈਏ ਮੁੜ ਕੇ ਮੰਗੀਏ ਨਾ ,
ਫ਼ਰਕ ਪੈਂਦਾ ਏ ਵਿੱਚ ਪਿਆਰ ਮੀਆਂ ।
ਸੋਲ਼ਾਂ ਸਾਲ ਤੋਂ ਉੱਪਰ ਦੇ ਮੁੰਡੇ ਕੁੜੀਆਂ ,
ਖੇਡਣ ਨੈਣਾਂ ਦੇ ਨਾਲ਼ ਸ਼ਿਕਾਰ ਮੀਆਂ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਪੇਕੀਂ ਲਾਈਏ ਨਾ ਹਾਰ ਸ਼ਿੰਗਾਰ ਮੀਆਂ ।
ਇੱਜ਼ਤ ਨੂੰ ਹੱਥ 
—————-
ਦੰਦੇ ਆਰੀ ਨੂੰ ਹੁੰਦੇ ਨੇ ਇੱਕ ਪਾਸੇ ,
ਦੋਵੇਂ ਪਾਸੇ ਨੇ ਚੰਦਰੇ ਜੱਗ ਤਾਈਂ ,
ਘਰ ਆਪਣੇ ਅਤੇ ਬਿਗਾਨਿਆਂ ਦੀ ,
ਸਮਝ ਹੁੰਦੀ ਨਾ ਕਦੇ ਵੀ ਅੱਗ ਤਾਈਂ ।
ਬਣਦੇ ਪਿੰਜਰੇ ਸ਼ੇਰ ਬਘੇਰਿਆਂ ਲਈ  ,
ਕੌਣ ਪੁੱਛਦੈ ਗਿੱਦੜਾਂ ਦੇ ਵੱਗ ਤਾਈਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੱਥ ਪਾਈਏ ਨਾ ਕਿਸੇ ਦੀ ਪੱਗ ਤਾਈਂ ।
ਦੂਰੋਂ ਮੱਥਾ ਟੇਕੀਏ 
——————-
ਘਰੋਂ ਖਾ ਕੇ ਦੇਣੀਂ ਨਾ ਮੱਤ ਚੰਗੀ ,
ਜੇਕਰ ਦੇਈਏ ਸਲਾਹ ਤਾਂ ਨੇਕ ਦੇਈਏ ।
ਯਾਰ ਪਰਖ਼ ‘ਤੇ ਪੂਰਾ ਨਾ ਉੱਤਰੇ ਜੋ ,
ਉਹਨੂੰ ਦਿਲ ਦੀ ਫੱਟੀ ਤੋਂ ਮੇਟ ਦੇਈਏ ।
ਦੂਜੀ ਵਾਰ ਨਾ ਪਰਖ਼ਣ ਦੀ ਲੋੜ ਜੀਹਨੂੰ ,
ਕੇਰਾਂ ਦਿਲੋ ਦਿਮਾਗ਼ ਤੋਂ ਛੇਕ ਦੇਈਏ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਭਾਰੇ ਪੱਥਰ ਨੂੰ ਮੱਥਾ ਹੀ ਟੇਕ ਦੇਈਏ   ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਬੁੱਧ ਵਿਵੇਕ
Next articleProf. Jerono Phylis Rotich, Kenya-Born American, Honored with Lifetime Presidential Award for Contributions to U.S. Society and Traditional Sports Preservation