(ਸਮਾਜ ਵੀਕਲੀ)
ਜਨਾਨੀ ‘ਤੇ ਹੱਥ
—————–
ਆਪਣੇ ਕੰਮ ਨੂੰ ਸ਼ੌਕ ਬਣਾ ਲਈਏ ,
ਕਦੇ ਅੱਕੀਏ ਨਾ ਤੇ ਕਦੇ ਥੱਕੀਏ ਨਾ ।
ਕਰਮਚਾਰੀ ਨੇ ਜਨਤਾ ਦੇ ਸੇਵਕ ਹੁੰਦੇ ,
ਗੱਲ ਕਰਨੋਂ ਕਦੇ ਵੀ ਝੱਕੀਏ ਨਾ ।
ਹਰਜਾ ਮਰਜਾ ਵੀ ਝੱਲਣਾ ਪਵੇ ਭਾਵੇਂ ,
ਘਰੇਂ ਆਈ ਪੰਚਾਇਤ ਨੂੰ ਧੱਕੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੱਥ ਕਦੇ ਜਨਾਨੀ ‘ਤੇ ਚੱਕੀਏ ਨਾ ।
ਗਊ ਗ਼ਰੀਬ
—————
ਪੁੱਤ ਕਿਸੇ ਦਾ ਵੇਖ ਤਰੱਕੀ ਕਰਦਾ ,
ਐਵੇਂ ਆਪਣੇ ਖ਼ੂਨ ਨੂੰ ਸਾੜੀਏ ਨਾ ।
ਰੁੱਸਣ ਵਾਲ਼ੇ ਨੂੰ ਮੰਨਣ ਦਾ ਦੇਈਏ ਮੌਕਾ ,
ਪਹਿਲੀ ਵਾਰ ਹੀ ਵਰਕੇ ਨੂੰ ਪਾੜੀਏ ਨਾ ।
ਜਦ ਵੀ ਲੰਘੀਏ ਵੈਰੀ ਦੀ ਗਲ਼ੀ ਵਿੱਚੋਂ ,
ਵੱਟ ਵੱਟ ਕਦੇ ਵੀ ਮੁੱਛ ਨੂੰ ਚਾੜ੍ਹੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਰੋਅਬ ਗਊ ਗ਼ਰੀਬ ‘ਤੇ ਝਾੜੀਏ ਨਾ ।
ਹੀਜੜੇ
———
ਜੂੜ ਵੱਢਿਆ ਜਾਵੇ ਜੇ ਦਾਜ ਵਾਲ਼ਾ ,
ਸਹੁਰੇ ਘਰ ਵਿੱਚ ਨੂੰਹਾਂ ਨਾ ਸੜਨ ਲੋਕੋ ।
ਪੜ੍ਹ ਲਿਖ ਕੇ ਧੀਆਂ ਦੇ ਹੋ ਜਾਣ ਕਾਬਲ,
ਅਪਣੇ ਪੈਰਾਂ ‘ਤੇ ਆਪ ਹੀ ਖੜ੍ਹਨ ਲੋਕੋ ।
ਨੂੰਹਾਂ ਸੱਸਾਂ ਨੂੰ ਪਹਿਲਾਂ ਜੇ ਮਾਂ ਸਮਝਣ ,
ਸੱਸਾਂ ਫੇਰ ਕਿਉਂ ਨੂੰਹਾਂ ਨਾਲ਼ ਲੜਨ ਲੋਕੋ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਕਦੇ ਹੀਜੜੇ ਘੋੜੀ ਨਾ ਚੜ੍ਹਨ ਲੋਕੋ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037