(ਸਮਾਜ ਵੀਕਲੀ)
ਰਿਜਕ ਤੇ ਮੌਤ
—————
ਕਰ ਸਕਦਾ ਏ ਸਿਦਕ ਦਾ ਕੋਈ ਪੂਰਾ ,
ਮਾੜੂ ਬੰਦੇ ਤੋਂ ਨਹੀਂ ਡੰਡੌਤ ਹੁੰਦੀ ।
ਐਵੇਂ ਕੋਈ ਨਾ ਮਾਣ ਸਤਿਕਾਰ ਕਰਦਾ ,
ਬਿਨਾਂ ਰਿਸ਼ਤੇ ਨਾ ਮੰਨ ਮਨੌਤ ਹੁੰਦੀ ।
ਕੱਢਿਆ ਹੁੰਦਾ ਨਚੋੜ ਤਜ਼ਰਬਿਆਂ ਦਾ ,
ਝੂਠੀ ਕਦੇ ਵੀ ਨਹੀਂ ਅਖਾਉਤ ਹੁੰਦੀ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੀਲੇ ਰਿਜਕ ਬਹਾਨੇ ਨਾਲ਼ ਮੌਤ ਹੁੰਦੀ ।
ਹਾਥੀ ਅਤੇ ਪੂੰਛ
—————–
ਔਰਤ ਆਪਣੀ ਆਈ ‘ਤੇ ਆ ਜਾਵੇ ,
ਰਾਣੀ ਝਾਂਸੀ ਦੇ ਵਾਂਗੂੰ ਹੈ ਲੜ ਸਕਦੀ ।
ਅੰਬਰ ਵਿੱਚ ਉਡਾਰੀਆਂ ਲਾ ਸਕਦੀ ,
ਐਵਰੈਸਟ ਦੀ ਚੋਟੀ ‘ਤੇ ਚੜ੍ਹ ਸਕਦੀ ।
ਸਮੇਂ ਸਿਰ ਜੇਕਰ ਪਾਸਾ ਬਦਲੀਏ ਨਾ ,
ਰੋਟੀ ਤਵੇ ‘ਤੇ ਪਈ ਹੀ ਸੜ ਸਕਦੀ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹਾਥੀ ਲੰਘ ‘ਜੇ ਪੂੰਛ ਹੈ ਅੜ ਸਕਦੀ ।
ਰਿਸ਼ਵਤ ਖੋਰਾਂ ਦੀ ਜ਼ਮੀਰ
—————————
ਕਦੇ ਨਹੀਂ ਸ਼ਰੀਕਾਂ ਤੋਂ ਮੰਗਦੇ ਉਹ ,
ਜਿਹੜੇ ਰੁੱਖੀ ਮਿੱਸੀ ਖਾ ਕੇ ਸਾਰ ਲੈਂਦੇ ।
ਸ਼ਰਬਤ ਪੀਣ ਦੀ ਪਹੁੰਚ ਨਾ ਹੋਵੇ ਜੇਕਰ ,
ਠੰਡਾ ਪਾਣੀ ਪੀ ਕੇ ਸੀਨਾ ਠਾਰ ਲੈਂਦੇ ।
ਮੂੰਹ ਨੂੰ ਲੱਗਿਆ ਜਿਨ੍ਹਾਂ ਦੇ ਖ਼ੂਨ ਹੋਵੇ ,
ਲੱਭ ਕਿਤੋਂ ਨਾ ਕਿਤੋਂ ਸ਼ਿਕਾਰ ਲੈਂਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਰਿਸ਼ਵਤ ਖੋਰ ਜ਼ਮੀਰ ਨੂੰ ਮਾਰ ਲੈਂਦੇ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037