ਕਵਿਤਾਵਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਬੁੱਢੇ ਬਾਰੇ ਮਾਲ਼ਾ 
——————
ਦਿਨ ਇੱਕੋ ‘ਜੇ ਬੰਦੇ ‘ਤੇ ਨਹੀਂ ਰਹਿੰਦੇ ,
ਹੁੰਦਾ ਚਾਨਣੇ ਬਾਅਦ ਪੱਖ ਨ੍ਹੇਰ ਦਾ ਏ ।
ਬੰਦਾ ਵੱਖਰੀ ਦੁਨੀਆਂ ਵਿੱਚ ਪਹੁੰਚ ਜਾਂਦੈ ,
ਜਦੋਂ ਕਾਫ਼ਲਾ ਯਾਦਾਂ ਦਾ ਘੇਰਦਾ ਏ  ।
ਰੁੱਤ ਆਉਂਦੀ ਜਵਾਨੀ ਦੀ ਜਦੋਂ ਚੜ੍ਹ ਕੇ ,
ਬੰਦਾ ਰੱਬ ਨੂੰ ਵੀ ਬੁੱਲ੍ਹ ਅਟੇਰਦਾ ਏ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਬੁੱਢੇ ਬਾਰੇ ਹਰ ਕੋਈ ਮਾਲ਼ਾ ਫੇਰਦਾ ਏ ।
ਜ਼ਿੰਦਗੀ ਇੱਕ ਸੰਘਰਸ਼ ਹੈ 
—————————-
ਡਾਕਟਰ ਚਾਹੀਦੈ ਦੂਸਰਾ ਰੱਬ ਹੋਣਾ ,
ਹੋਵੇ ਮੂਰਤੀ ਸੇਵਾ ਦੀ ਨਰਸ ਲੋਕੋ  ।
ਮਿਹਨਤ ਲਗਨ ਦੇ ਨਾਲ਼ ਜੋ ਕੰਮ ਕਰਦੇ ,
ਪਹੁੰਚ ਜਾਂਦੇ ਨੇ ਫਰਸ਼ ਤੋਂ ਅਰਸ਼ ਲੋਕੋ   ।
ਪਹਿਲਾਂ ਕਿਸੇ ਨੂੰ ਮੰਨ ਆਦਰਸ਼ ਲਈਏ ,
ਜੇ ਬਣਨਾ ਲੋਕਾਂ ਦਾ ਹੋਵੇ ਆਦਰਸ਼ ਲੋਕੋ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਹੁੰਦੀ ਜ਼ਿੰਦਗੀ ਨਿਰਾ ਸੰਘਰਸ਼ ਲੋਕੋ  ।
ਗਧੇ ਘੋੜੇ ਦਾ ਮੁੱਲ 
——————–
ਕੋਈ ਬੰਦਾ ਮਿੱਟੀ ਕੋਈ ਬੰਦਾ ਪੱਥਰ ,
ਕੋਈ ਹੀਰੇ ਤੇ ਮੋਤੀ ਦੇ ਤੁੱਲ ਹੁੰਦਾ  ।
ਕੁੱਝ ਲੋਕ ਤਿੱਖੇ ਹੁੰਦੇ ਨੇ ਕੰਡਿਆਂ ਤੋਂ ,
ਕੋਈ ਵਿਰਲਾ ਗੁਲਾਬ ਦਾ ਫੁੱਲ ਹੁੰਦਾ ।
ਕੋਈ ਆਗੂ ਤਾਂ ਵਾਅਦੇ ਦਾ ਹੋਵੇ ਪੱਕਾ ,
ਕੋਈ ਨਿਰਾ ਹੀ ਊਠ ਦਾ ਬੁੱਲ੍ਹ ਹੁੰਦਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਗਧੇ ਘੋੜੇ ਦਾ ਇੱਕੋ ਨਾ ਮੁੱਲ ਹੁੰਦਾ  ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਲਘੂ ਕਥਾ ‘ ਖੋਟਾ ਸਿੱਕਾ ‘
Next article“ਬਰਫ਼ ‘ਚ ਨਾ ਲਾ ਦਿਓ !”