(ਸਮਾਜ ਵੀਕਲੀ)
ਬਦੀ ਦੀ ਜਿੱਤ
—————-
ਕਾਲ਼ੇ ਨਾਗ਼ ਫੇਰ ਅੱਜ ਪੈਰ ਪੈਰ ‘ਤੇ ਸ਼ੂਕਣਗੇ ।
ਪਾਪੀ ਦੂਜਿਆਂ ਨੂੰ ਪਾਪੀ ਕਹਿ ਕਹਿ ਕੇ ਕੂਕਣਗੇ ।
ਅਪਣੇ ਅੰਦਰ ਰਾਵਣ ਵਰਗੀ ਬਦੀ ਲਕੋਣ ਵਾਲ਼ੇ ;
ਵੇਖ ਲਿਓ ਅੱਜ ਕਾਗ਼ਜ਼ਾਂ ਦੇ ਰਾਵਣ ਨੂੰ ਫੂਕਣਗੇ ।
ਮੂਰਖ਼ ਲੋਕ ਫੂਕਦੇ ਰਾਵਣ
—————————
ਕੱਢੀਆਂ ਜੋ ਵਿਗਿਆਨ ਨੇ ਕਾਢਾਂ ,
ਬੰਦੇ ਨੂੰ ਲੱਖਾਂ ਵਰ ਦਿੱਤੇ ਨੇ ।
ਪਰਬਤਾਂ ਵਰਗੇ ਟਿੱਬੇ ਢਾਲ਼ ਢਾਲ਼ ,
ਸਭੇ ਹੀ ਟੋਏ ਭਰ ਦਿੱਤੇ ਨੇ ।
ਪਰ ਅਸੀਂ ਮੂਰਖ਼ ਬਣ ਕੇ ਅਜੇ ਵੀ ,
ਰਾਵਣ ਹੀ ਫੂਕੀਂ ਜਾਨੇਂ ਆਂ ;
ਦੁਨੀਆਂ ਨੇ ਸੂਰਜ ਚੰਨ ਅਤੇ ਤਾਰੇ ,
ਮਨੁੱਖ ਦੇ ਪੈਰੀਂ ਧਰ ਦਿੱਤੇ ਨੇ ।
ਇੱਕ ਹਾਣੀ ਕਹਿੰਦਾ ਹਾਨਣ ਨੂੰ
———————————
ਪਿਛਲੀ ਵਾਰੀ ਦਾਅ ਨਾ ਲੱਗਿਆ ਸੀ ,
ਮਥ ਲਿਆ ਹੈ ਐਤਕੀਂ ਸਈ ਕੁੜੇ ।
ਹੁਣ ਆਪਣੇ ਵਾਰਡ ਦਿਆਂ ਲੋਕਾਂ ਨਾਲ਼ ,
ਮੈਂ ਗੰਢ ਤੁੱਪ ਹੈ ਕਰ ਲਈ ਕੁੜੇ ।
ਜੇ ਤੂੰ ਵੀ ਹੰਭਲਾ ਮਾਰ ਦਏਂ ਥੋੜ੍ਹਾ ਜਿਆ ,
ਦਿਨ ਰਹਿ ਗਏ ਦੋ ਤਿੰਨ ਸਾਰੇ ਨੀ ;
ਤੇਰੇ ਰੁਲ਼ਦੂ ਬੱਕਰੀਆਂ ਵਾਲ਼ੇ ਦੀ ,
ਪੰਚੀ ਤਾਂ ਵੱਟ ‘ਤੇ ਪਈ ਕੁੜੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037