(ਸਮਾਜ ਵੀਕਲੀ)
ਜ਼ਿਮਨੀ ਚੋਣ ਦੀ ਚਰਚਾ
—————————
ਪੱਛਮੀ ਜਲੰਧਰ ਵਿੱਚ ਆਪ ਤੇ ,
ਕਾਂਗਰਸ ਦੇ ਸਿੰਗ ਫਸਦੇ ਜਾਪਦੇ ।
ਬਾਕੀ ਦੇਸ਼ ਵਿੱਚ ਮਿਲ ਕੇ ਲੜੇ ਸੀ ,
ਲੋਕੀਂ ਸੁਣ ਸੁਣ ਹਸਦੇ ਜਾਪਦੇ ।
ਬਾਕੀ ਪਾਰਟੀਆਂ ਵਿੱਚ ਕੀਹਨੇ ,
ਕੀਹਨੇ ਜ਼ਮਾਨਤ ਜ਼ਬਤ ਕਰਾਉਂਣੀ ?
ਰੁਲ਼ਦੂ ਵਰਗੇ ਖੁੰਢ ਕੌਂਸਲ ਵਿੱਚ ,
ਥਾਂ ਥਾਂ ‘ਤੇ ਤੋੜੇ ਕਸਦੇ ਜਾਪਦੇ ।
ਕਵਿਤਾ ਵਰਗੀ ਕੁੜੀ
———————-
ਦਿਲ ਦਾ ਤੋਹਫ਼ਾ ਲੈ ਕੇ ਦਿਲ ਦੀ
ਬਾਜ਼ੀ ਹਰਨੀ ਚਾਹੁੰਦੀ ਐ ।
ਸਾਡੇ ਤਨ ਦੀ ਪੀੜ ਵੀ ਅਪਣੇ
ਜਿਸਮ ‘ਤੇ ਜਰਨੀ ਚਾਹੁੰਦੀ ਐ ।
ਹੱਥਾਂ ‘ਚ ਆ ਕੇ ਬਰਫ਼ ਦੀ ਟੁਕੜੀ
ਵਾਂਗੂੰ ਖਰਨੀ ਚਾਹੁੰਦੀ ਐ ।
ਹੈ ਕੋਈ ਕਵਿਤਾ ਵਰਗੀ ਕੁੜੀ
ਦੋਸਤੀ ਕਰਨੀ ਚਾਹੁੰਦੀ ਐ ।
ਦੋਵੇਂ ਧਿਰਾਂ ਇੱਕੋ ਜਿਹੀਆਂ
—————————-
ਤੈਨੂੰ ਰੁੱਸਣਾ ਤਾਂ ਆਉਂਦਾ ਏ ,
ਐਪਰ ਮੰਨਣਾ ‘ਨੀਂ ਆਉਂਦਾ ।
ਸਾਨੂੰ ਵੀ ਕੱਟਾ ਵੱਛਾ ਨੇੜੇ ,
ਨੇੜੇ ਬੰਨ੍ਹਣਾ ‘ਨੀਂ ਆਉਂਦਾ ।
ਤੇਰਾ ਹਾਣਦਿਆ ਵੇ ਰੋਸਾ ਤਾਂ ,
ਜਮ੍ਹਾਂ ਈ ਨੱਕ ‘ਤੇ ਪਿਆ ਏ ;
ਤੈਨੂੰ ਕਿਸੇ ਨਖ਼ਰਿਆਂ ਪੱਟੀ ਦਾ ,
ਨਖ਼ਰਾ ਭੰਨ੍ਹਣਾ ‘ਨੀਂ ਆਉਂਦਾ ।
ਯੋਗ ਭਜਾਵੇ ਰੋਗ
——————-
ਯੋਗ ਕਰਨ ਦੀ ਖ਼ਾਸ ਮਹੱਤਤਾ ,
ਇਹ ਗੱਲ ਕਹਿੰਦੇ ਲੋਕ ਸਿਆਣੇ ।
ਇਸ ਤੋਂ ਕਿਵੇਂ ਹੈ ਫ਼ਾਇਦਾ ਲੈਣਾ ,
ਇਹ ਵਿਰਲਾ ਵਾਂਝਾ ਹੀ ਜਾਣੇ ।
ਜਿਸ ਨੂੰ ਲਾਹਾ ਲੈਣਾ ਆ ਗਿਆ ,
ਉਹ ਫਿਰ ਛੱਡ ਨਾ ਸਕਦਾ ਏ ;
ਤਨ ਮਨ ਨੂੰ ਤੰਦਰੁਸਤੀ ਬਖ਼ਸ਼ੇ ,
ਜੇਕਰ ਕੋਈ ਰੂਹ ਨਾਲ਼ ਮਾਣੇਂ ।
ਪੰਜਾਬ ਦੀ ਵਿਲੱਖਣਤਾ
————————-
ਕੁੱਲ ਦੁਨੀਆਂ ਤੋਂ ਵੱਖਰਾ ਸਾਡਾ ,
ਰੰਗਲਾ ਵਤਨ ਪੰਜਾਬ ਦੋਸਤੋ ।
ਬਾਕੀ ਫੁੱਲ ਵੀ ਸੋਹਣੇ ਹੋਣਗੇ ,
ਪਰ ਇਹ ਫੁੱਲ ਗੁਲਾਬ ਦੋਸਤੋ ।
ਸਮੇਂ ਸਮੇਂ ‘ਤੇ ਵੰਡੀਆਂ ਪਾਈਆਂ ,
ਰਹਿ ਗਏ ਨੇ ਢਾਈ ਦਰਿਆ ;
ਕਿੰਨਾਂ ਵਧੀਆ ਸਮਾਂ ਹੋਵੇਗਾ ,
ਜਦ ਸੀ ਇਹ ਪੰਜ ਆਬ ਦੋਸਤੋ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037