ਕਬਿੱਤ ਛੰਦ

ਸੁਕਰ ਦੀਨ ਕਾਮੀਂ ਖੁਰਦ

(ਸਮਾਜ ਵੀਕਲੀ)

ਰੱਬ ਨੂੰ ਧਿਆਕੇ ਹੱਥ, ਕਲਮ ਮੈਂ ਫੜੀ ਯਾਰੋ,
ਕਰਿਓ ਜੇ ਫਤਿਹ, ਦਾਸ ਵਲੋਂ ਪ੍ਰਵਾਨ ਜੀ।

ਚਰਨਾਂ ਦੀ ਧੂਲ ਹਾਂ ਮੈਂ, ਸ਼ਾਇਰਾਂ ਅਤੇ ਕਵੀਆਂ ਦੀ,
ਸਿੰਗ ਨਾਂ ਫਸਾਇਓ ਕੋਈ ਆਕੇ ਵਿਦਵਾਨ ਜੀ।

ਜ਼ਿਲਾ -ਪਟਿਆਲਾ, ਰਾਜਪੁਰਾ ਹੈ ਤਹਿਸੀਲ ਪੈਂਦੀ,
ਪੜ੍ਹਿਓ ਅਡਰੈਸ ਪੂਰਾ ਲਾਕੇ ਧਿਆਨ ਜੀ।

ਜੰਡ ਹੈ ਮੰਘੌਲੀ ਡਾਕ,ਹਲਕਾ- ਘਨੌਰ ਸਾਡਾ
ਦੱਸਣਾ ਨੀ ਪੈਂਦਾ ਕੁੱਲ ਜਾਣਦਾ ਜਹਾਨ ਜੀ।

ਬਾਡਰ ਹਰਿਆਣੇ ਨਾਲ, ਪਿੰਡ “ਕਾਮੀ ਖ਼ੁਰਦ” ਹੈ,
ਵੱਸਦੇ ਨੇਂ ਲੋਕ ਜਿੱਥੇ ਬਹੁਤ ਮਹਾਂਨ ਜੀ ।

ਬਹੁਤੀ ਨਾ ਆਬਾਦੀ,ਪਰ ਪਿੰਡ ਪੂਰਾ ਠੁਕਵਾਂ ਹੈ,
ਅੱਠ ਨੌਂ ਸੌ ਹੁੰਦੀ ਕੁੱਲ ਵੋਟ ਭੁਗਤਾਨ ਜੀ।

ਮੰਦਰ,ਮਸੀਤ,ਗੁਰੂ ਘਰ, ਗੁੱਗਾ ਮਾੜੀ ਜਿੱਥੇ,
ਰੱਬ ਵਾਲਾ ਹੁੰਦਾ ਸੁਬਾਹ ਸ਼ਾਮ ਗੁਣਗਾਨ ਜੀ।

ਪੰਡਤ ਤੇ ਜੱਟ, ਰਵੀਦਾਸੀਏ,ਤੇ ਵਿੱਚ ਮਹਿਰੇ,
ਵਿੱਚੇ ਜਿਹੜੇ ਅੱਲਾਹ ਉੱਤੇ, ਰੱਖਦੇ ਈਮਾਨ ਜੀ।

ਬਾਲਮੀਕ,ਨਾਈ, ਤਰਖ਼ਾਣ,ਤੇ ਈਸਾਈ,
ਇੱਕ ਨੂਨਗਰ ਭਾਈ ਬਾਕੀ ਵਿੱਚੇ ਪ੍ਰਧਾਨ ਜੀ।

ਇੱਕ ਦੋ ਹੈ ਭੀੜੀ ਬਾਕੀ, ਗਲੀਆਂ ਨੇਂ ਚੌੜੀ ਸਭਿ,
ਕੁੱਲ ਨੇਂ ਮਿਲਾ ਕੇ ਢਾਈ ਤਿੰਨ ਸੌ ਮਕਾਨ ਜੀ।

ਘੱਗਰ ਦੇ ਕੰਢੇ ਉੱਤੇ ,ਪਿੰਡ ਪੂਰਾ ਵੱਸਦਾ ਹੈ,
ਹੜ ਆਉਣ ਵਾਧੂ ਨਾਂਹੀ ਹੁੰਦਾ ਨੁਕਸਾਨ ਜੀ।

ਜਿੰਨਾਂ ਮੈਨੂੰ ਪਤਾ ਮੇਰੇ, ਪਿੰਡ ਬਾਰੇ ਮਿੱਤਰੋ ਬਈ,
ਲਿਖਤਾਂ ਦੇ ਵਿੱਚ ਸਾਰਾ ਕਰਤਾ ਬਿਆਨ ਜੀ।

ਮਾੜੇ ਮੋਟੇ ਕਿੱਸੇ ਦਾਸ, ਪੜਦਾ ਸੀ ਦਾਦੇ ਕੋਲੋਂ,
ਉਂਝ ਛੰਦਾਂ-ਬੱਧੀ ਦਾ ਨਾਂ ਬਹੁਤਾ ਹੈ ਗਿਆਨ ਜੀ।

ਜੋੜ ਤੋੜ ਸ਼ਬਦਾਂ ਦਾ,ਵੱਧ ਘੱਟ ਹੋਵੇ ਕਿਤੇ,
ਹੱਥ ਜੋੜ ਮਾਫੀ ਮੰਗੇ ‘ਕਾਮੀਂ ਵਾਲਾ ਖ਼ਾਨ” ਜੀ।

ਸ਼ੁਕਰ ਦੀਨ ਕਾਮੀਂ ਖੁਰਦ
9592384393

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੌ ਰੁਪਈਆ
Next article(ਹੈਦਰਾਬਾਦ ਦੇ ਪਾਰਕ ਵਿਚ ਗੁਫ਼ਤਗੂ)