(ਸਮਾਜ ਵੀਕਲੀ)
ਤੂੰ ਜਦ ਮੇਰੀ ਤਲੀ ਤੇ ਰੱਖ
ਕਵਿਤਾਵਾਂ ਦੀ ਗੰਢ ਖੋਲਦਾ ਏ
ਤਾਂ ਮੈਂ ਸੋਚਾਂ ਵਿੱਚ ਗੁੰਮ ਸੁੰਮ ਹੋ ਜਾਂਦੀ
ਸੋਚਦੀ ਹਾਂ ਕਿ ਤਲੀਆਂ ਤੇ ਤਾਂ
ਚੋਗ ਚੁਗਾਇਆ ਜਾਂਦਾ ਹੈ
ਤੂੰ ਸ਼ਬਦਾਂ, ਵਿਚਾਰਾਂ ਤੇ ਸੁਪਨੇ
ਰੱਖ ਕੇ ਜਦੋਂ ਮੇਰੇ ਵੱਲ ਤੱਕ ਦਾ ਏ
ਮੈਂ ਜ਼ਿੰਦਗੀ ਦੇ ਅੰਨ੍ਹੇ ਖੂਹ ਵਿੱਚੋਂ
ਤੈਨੂੰ ਵੇਖਦੀ ਤੂੰ ਖੂਹ ਵਾਂਗੂੰ ਮੈਨੂੰ ਗੇੜਦਾ
ਮੈਂ ਭਰ ਭਰ ਟਿੰਡਾਂ ਵਾਂਗ ਬਾਹਰ ਆਉਂਦੀ
ਤੂੰ ਬਿਨਾਂ ਘੁੱਟ ਪਾਣੀ ਪੀਤਿਆਂ
ਬਿਨਾਂ ਦੱਸਿਆ ਇਓਂ ਮੇਰੀ ਤਲੀ ਤੋਂ
ਉਡ ਜਾਂਦਾ ਤੇ ਜਿਵੇਂ ਕੋਈ ਕਬੂਤਰ
ਉਡਾਰੀ ਮਾਰ ਕੇ ਅਸਮਾਨ ਵਿੱਚ
ਅਲੋਪ ਹੋ ਜਾਂਦਾ
ਇਵੇਂ ਤੂੰ ਤੇ ਮੈਂ ਸੰਸਾਰ ਦੇ ਜੰਗਲ ਵਿੱਚ
ਇੱਕ ਦੂਜੇ ਤੋਂ ਦੂਰ ਹੁੰਦੇ ਵੀ
ਕਦੇ ਦੂਰ ਨਹੀਂ ਹੁੰਦੇ
ਤੂੰ ਮੇਰੇ ਸਾਹਾਂ ਵਿੱਚ
ਧੜਕਦਾ ਤੇ ਤੇਰੇ ਬੋਲ
ਮੇਰੇ ਕੰਨਾਂ ਵਿੱਚ ਗੂੰਜ ਦੇ
ਮੈਨੂੰ ਸੁੱਤੀ ਨੂੰ ਜਗਾਉਦੇ
ਮੈਨੂੰ ਰੁਸੀ ਮਨਾਉਂਦੇ
ਮੈਂ ਦਿਨ ਰਾਤ ਜ਼ਿੰਦਗੀ ਦੇ ਖੂਹ ਨੂੰ
ਗੇੜ ਦੀ, ਆਪਣੇ ਆਪ ਨੂੰ ਤੁਰਦੀ ਮਹਿਸੂਸ ਕਰਦੀ
ਤੇਰੇ ਨਾਲ ਨਾਲ ਗੱਲਾਂ ਕਰਦੀ
ਸ਼ਬਦਾਂ ਵਿੱਚ ਘੁਲ਼ ਮਿਲ ਜਾਂਦੀ
ਗਾਉਂਦੀ ਸ਼ਾਇਰੀ ਦੇ ਗੀਤ
ਮੈਨੂੰ ਪਤਾ ਹੀ ਨਾ ਲੱਗਦਾ
ਤੂੰ ਕਵਿਤਾ ਬਣ ਕੇ
ਮੇਰੇ ਸਾਹਮਣੇ ਫਿਰ
ਪ੍ਰਗਟ ਹੋ ਜਾਂਦਾ
ਆਪਾਂ ਗੱਲਾਂ ਦੀਆਂ
ਪੀਂਘਾਂ ਝੂਟਣ ਲੱਗਦੇ
ਪੀਂਘ ਹੁਲਾਰੇ ਖਾਂਦੀ
ਤੂੰ ਹੱਸਦਾ ਮੈਂ ਹੱਸਦੀ
ਆਪਾਂ ਇੱਕ ਦੂਜੇ ਦੇ ਸਾਹ ਵਿੱਚ
ਹੁਣ ਨਾ ਤੂੰ ਤੇ ਨਾ ਮੈਂ ਬੋਲਦੀ
ਹੁਣ ਤੇਰੇ ਦਿੱਤੇ ਜਿਉਂਣ ਦੇ
ਅਹਿਸਾਸ, ਧਰਵਾਸ ਕਵਿਤਾ ਬਣ ਬੋਲਦੇ
ਤੂੰ ਕਿਥੇ ਵੱਸਦਾ ਹੈ ਤੇ ਤੂੰ ਕਿਥੇ ਭੱਜਦਾ ਹੈ
ਤੂੰ ਤਾਂ ਮੇਰੇ ਖਿਆਲਾਂ ਵਿੱਚ ਹਮੇਸ਼ਾਂ
ਵੱਸਦਾ ਹੈ, ਹੁਣ ਕੰਕਰੀਟ ਦੀ ਭੀੜ੍ਹ
ਅੰਨ੍ਹੇ ਖੂਹ ਖਾਲੀ ਹੋ ਰਿਹਾ ਹੈ
ਮੇਰੇ ਅੰਦਰ ਤੇਰਾ ਮੋਹ ਪਿਆਰ
ਬਰਸਾਤ ਬਣ ਵਰ ਰਿਹਾ ਹੈ
ਮੈਂ ਜਿਉਂਣ ਜੋਗੀ ਹੋ ਗਈ ਹਾਂ
ਬੌਬੀ ਗੁਰ ਪਰਵੀਨ