ਨਿਮੋਨੀਆ ਹੈ ਇਕ ਗੰਭੀਰ ਬੀਮਾਰੀ, ਇਸ ਪ੍ਰਤੀ ਜਾਗਰੂਕ ਹੋਣਾ ਬਹੁਤ ਲਾਜ਼ਮੀ ਹੈ – ਡਾ ਸੀਮਾ ਗਰਗ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੀਡੀਆ ਵਿੰਗ ਵੱਲੋਂ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬੱਚਿਆਂ ਦੇ ਵਿਭਾਗ ਵਿਚ “ ਹਰ ਸਾਹ ਮਹਤੱਵਪੂਰਣ ਹੈ, ਨਿਮੋਨੀਆ ਨੂੰ ਇਸ ਦੇ ਰਾਹ ਵਿਚ ਹੀ ਰੋਕੋ” ਥੀਮ ਦੇ ਤਹਿਤ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੇ ਸੰਬੰਧ ਵਿਚ ਸਿਵਲ ਸਰਜਨ ਡਾ ਪਵਨ ਕੁਮਾਰ ਵਲੋਂ ਜਾਗਰੂਕਤਾ ਸਮੱਗਰੀ ਜਾਰੀ ਕੀਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ ਸਵਾਤੀ ,ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ ,ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ, ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ,ਮੈਡਮ ਆਸ਼ਾ ਅਤੇ ਭੁਪਿੰਦਰ ਸਿੰਘ ਮੌਜੂਦ ਸਨ। ਸਿਵਲ ਹਸਪਤਾਲ ਦੀ ਬੱਚਿਆਂ ਦੀ ਓ ਪੀ ਡੀ ਵਿਚ ਮਨਾਏ ਗਏ ਵਿਸ਼ਵ ਨਿਮੋਨੀਆ ਦਿਵਸ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਦੱਸਿਆ ਕਿ ਨਿਮੋਨੀਆ ਇਕ ਗੰਭੀਰ ਬੀਮਾਰੀ, ਇਸ ਪ੍ਰਤੀ ਸਭ ਨੂੰ ਜਾਗਰੂਕ ਹੋਣਾ ਲਾਜ਼ਮੀ ਹੈ।ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਬੱਚਿਆਂ ਦਾ ਸੰਪੂਰਣ ਟੀਕਾਕਰਣ ਬਹੁਤ ਜਰੂਰੀ ਹੈ। ਬੱਚੇ ਨੂੰ ਕਿਸੇ ਕਿਸਮ ਦਾ ਬੁਖਾਰ ਖਾਂਸੀ ਜ਼ੁਕਾਮ ਹੋਣ ਦੀ ਸੂਰਤ ਵਿਚ ਜਲਦੀ ਤੋਂ ਜਲਦੀ ਨੇੜੇ ਦੇ ਸਿਹਤ ਕੇਂਦਰ ਵਿਚ ਲੈ ਕੇ ਜਾਓ ਅਤੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ। ਛੋਟੇ ਬੱਚਿਆਂ ਦੀ ਜੁਕਾਮ ਅਤੇ ਫਲੂ ਵਾਲੇ ਵਿਅਕਤੀ ਤੋ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ, ਕਿਉਂਕਿ ਨਮੂਨੀਆ ਵਾਲੇ ਮਰੀਜ ਦੇ ਕਿਟਾਣੂ ਸਾਹ ਰਾਂਹੀ ਦੂਜੇ ਵਿਅਕਤੀਆ ਨੂੰ ਪ੍ਰਭਾਵਿਤ ਕਰਦੇ ਹਨ।ਆਪਣੇ ਆਲੇ ਦੁਆਲੇ ਅਤੇ ਹੱਥਾ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਦੇ ਮਾਹਿਰ ਡਾ ਹਰਨੂਰਜੀਤ ਕੌਰ ਨੇ ਦੱਸਿਆ ਕਿ ਨਮੂਨੀਆ ਇੱਕ ਗੰਭੀਰ ਸਾਹ ਦੀ ਲਾਗ ਵਾਲੀ ਬਿਮਾਰੀ ਹੈ, ਜੋ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਨਿਮੂਨੀਆ ਵਾਇਰਸ, ਬੈਕਟੀਰੀਆ ਅਤੇ ਫੰਜਾਈ ਸਮੇਤ ਬਹੁਤ ਸਾਰੇ ਛੂਤ ਵਾਲੇ ਕਿਟਾਣੂਆ ਕਾਰਨ ਹੁੰਦਾ ਹੈ। ਨਮੂਨੀਆ ਦੇ ਮੁੱਖ ਤੌਰ ਲੱਛਣ ਸਾਹ ਲੈਣ ਜਾਂ ਖੰਘਣ ਵੇਲੇ ਛਾਤੀ ਵਿੱਚ ਦਰਦ ਹੋਣਾ , ਹਰੇ ਜਾਂ ਪੀਲੇ ਰੰਗ ਦੀ ਬਲਗਮ ਦਾ ਆਉਣਾ, ਥਕਾਵਟ,ਬੁਖਾਰ, ਪਸੀਨਾ ਆਉਣਾ, ਸਾਹ ਚੜ੍ਹਨਾ ਆਦਿ ਹੁੰਦੇ ਹਨ । ਇਹ ਰੋਕਥਾਮਯੋਗ ਅਤੇ ਇਲਾਜਯੋਗ ਬਿਮਾਰੀ ਹੋਣ ਦੇ ਬਾਵਜੂਦ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇਕ ਹੈ। ਇਸ ਲਈ ਇਸ ਬੀਮਾਰੀ ਦੇ ਲੱਛਣ ਨਜ਼ਰ ਆਉਣ ਤੇ ਬਿਨਾ ਦੇਰ ਕੀਤਿਆਂ ਡਾਕਟਰ ਨਾਲ ਸੰਪਰਕ ਕਰੋ। ਬੱਚਿਆਂ ਦੇ ਮਾਹਿਰ ਡਾ. ਰਜਵੰਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਨਮੂਨੀਆ ਬਹੁਤ ਜਿਆਦਾ ਪ੍ਰਭਾਵਿਤ ਕਰਦਾ ਹੈ, ਇਸ ਲਈ ਬੱਚਿਆ ਨੂੰ ਇਸ ਬਿਮਾਰੀ ਤੋ ਬਚਾਉਣ ਲਈ ਨਵਜੰਮੇ ਬਾਲਾਂ ਨੂੰ ਜਨਮ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਦੁੱਧ ਅਤੇ ਅੱਗੇ ਵੀ 06 ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਹੀ ਬੱਚੇ ਨੂੰ ਪਿਲਾਇਆ ਜਾਵੇ । ਇਸ ਤੋਂ ਇਲਾਵਾ ਸਾਫ ਪੀਣ ਵਾਲੇ ਪਾਣੀ ਦੀ ਵਰਤੋਂ ਅਤੇ ਹੱਥਾਂ ਦੀ ਸਾਫ-ਸਫਾਈ , ਬੱਚਿਆਂ ਦਾ ਸੰਪੂਰਨ ਟੀਕਾਕਰਨ, ਬਦਲਦੇ ਮੌਸਮ ਵਿੱਚ ਬੱਚੇ ਦੇ ਸਰੀਰ ਨੂੰ ਗਰਮ/ ਊਨੀ ਕਪੜਿਆਂ ਨਾਲ ਢੱਕ ਕੇ ਸਰਦੀ ਤੋਂ ਬਚਾਉਣਾ, ਬੱਚਿਆਂ ਨੂੰ ਜ਼ਮੀਨ ਤੇ ਨੰਗੇ ਪੈਰ ਨਾ ਚੱਲਣ ਦਿਓ, ਘਰ ਵਿੱਚ ਧੂਆਂ ਨਾ ਹੋਣ ਦੇਣ ਵਰਗੇ ਉਪਾਵਾਂ ਨਾਲ ਨਮੂਨੀਆ ਦੀ ਬੀਮਾਰੀ ਤੋਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਹਰ ਸਾਲ 12 ਨਵੰਬਰ ਨੂੰ ਦੁਨੀਆ ਭਰ ਵਿੱਚ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਆਮ ਲੋਕਾਂ ਵਿੱਚ ਨਿਮੋਨੀਆ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਅਤੇ ਗੰਭੀਰਤਾ ਪੈਦਾ ਕਰਨਾ ਹੈ। ਹਾਲਾਂਕਿ ਨਿਮੋਨੀਆ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਪਰ ਇਹ ਆਮ ਤੌਰ ‘ਤੇ ਛੋਟੇ ਬੱਚਿਆਂ ਵਿੱਚ ਜਲਦੀ ਵਿਕਸਤ ਹੁੰਦਾ ਹੈ।ਨਮੂਨੀਆ ਤੋ ਬਚਾਅ ਲਈ ਸਿਹਤ ਵਿਭਾਗ ਵੱਲੋ ਜਾਰੀ ਕੀਤੀਆ ਗਈਆ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬੱਚਿਆਂ ਦਾ ਸਮੇਂ ਸਿਰ ਸੰਪੂਰਨ ਟੀਕਾਕਰਣ ਬਹੁਤ ਜਰੂਰੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਕਾ ਕੌਂਸਲਰ ਮੋਹਨ ਲਾਲ ਪਹਿਲਵਾਨ ਦੀ ਘਰ ਵਾਪਸੀ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਾਂਗਰਸ ਵਿੱਚ ਸ਼ਾਮਲ ਕਰਵਾਇਆ
Next articleਐਨ.ਡੀ.ਆਰ.ਐਫ ਨੇ ਮਾਕ ਅਭਿਆਸ ਦੇ ਸਬੰਧ ’ਚ ਕਰਵਾਈ ਕੋਆਰਡੀਨੇਸ਼ਨ ਤੇ ਟੇਬਲ ਟਾਪ ਐਕਸਰਾਈਜ਼