ਪ੍ਰਧਾਨ ਮੰਤਰੀ ਵੱਲੋਂ ਗਤੀ ਸ਼ਕਤੀ ਕੌਮੀ ਮਾਸਟਰ ਪਲਾਨ ਦੀ ਸ਼ੁਰੂਆਤ

Prime Minister Narendra Modi

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੇ ਇਰਾਦੇ ਨਾਲ ਅੱਜ 100 ਲੱਖ ਕਰੋੜ ਰੁਪਏ ਦੀ ਕੌਮੀ ਮਾਸਟਰ ਯੋਜਨਾ ਦੀ ਸ਼ੁਰੂਆਤ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਪੀਐੱਮ ‘ਗਤੀ ਸ਼ਕਤੀ’ ਯੋਜਨਾ ਦਾ ਮੁੱਖ ਮੰਤਵ ਢੋਆ-ਢੁਆਈ ਦੇ ਲਾਗਤ ਖਰਚੇ ਨੂੰ ਘਟਾਉਣਾ, ਕਾਰਗੋ ਸਾਂਭ-ਸੰਭਾਲ ਸਮਰੱਥਾ ਨੂੰ ਵਧਾਉਣਾ ਤੇ ਇਕ ਫੇਰੀ ’ਤੇ ਲੱਗਣ ਵਾਲੇ ਸਮੇਂ ਨੂੰ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਾਰੇ ਸਬੰਧਤ ਵਿਭਾਗਾਂ ਨੂੰ ਇਕ ਪਲੈਟਫਾਰਮ ’ਤੇ ਜੋੜ ਕੇ ਪ੍ਰਾਜੈਕਟਾਂ ਦੀ ਰਫ਼ਤਾਰ ਤੇ ਤਾਕਤ ਵਧਾਉਣ ’ਤੇ ਨਿਸ਼ਾਨੇ ’ਤੇ ਕੇਂਦਰਤ ਹੈ। ਉਨ੍ਹਾਂ ਕਿਹਾ ਕਿ ਇਕ ਸਾਂਝੇ ਦ੍ਰਿਸ਼ਟੀਕੋਣ ਤਹਿਤ ਵੱਖ ਵੱਖ ਮੰਤਰਾਲਿਆਂ ਤੇ ਰਾਜ ਸਰਕਾਰਾਂ ਦੀਆਂ ਬੁਨਿਆਦੀ ਢਾਂਚੇ ਨਾਲ ਜੁੜੀਆਂ ਸਕੀਮਾਂ ਨੂੰ ਡਿਜ਼ਾਈਨ ਤੇ ਅਮਲ ਵਿੱਚ ਲਿਆਂਦਾ ਜਾਵੇਗਾ।

ਸ੍ਰੀ ਮੋਦੀ ਨੇ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਬੀਤੇ ਵਿੱਚ ਵਿਕਾਸ ਕੰਮਾਂ ਪ੍ਰਤੀ ਆਲਸ ਵਾਲੀ ਪਹੁੰਚ ਅਪਣਾ ਕੇ ਕਰਦਾਤਿਆਂ ਦੇ ਪੈਸੇ ਦਾ ‘ਅਪਮਾਨ’ ਕੀਤਾ ਜਾਂਦਾ ਸੀ। ਵੱਖ ਵੱਖ ਵਿਭਾਗ ਬੰਦ ਕਮਰਿਆਂ ਵਿੱਚ ਕੰਮ ਕਰਦੇ ਸੀ ਤੇ ਉਨ੍ਹਾਂ ਵਿੱਚ ਕੋਈ ਤਾਲਮੇਲ ਨਹੀਂ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਆਰੀ ਬੁਨਿਆਦੀ ਢਾਂਚੇ ਬਿਨਾਂ ਵਿਕਾਸ ਸੰਭਵ ਨਹੀਂ ਹੈ ਤੇ ਸਰਕਾਰ ਨੇ ਹੁਣ ਸਮੁੱਚੇ ਰੂਪ ਵਿੱਚ ਇਸ ਨੂੰ ਵਿਕਸਤ ਕਰਨ ਦਾ ਸੰਕਲਪ ਲਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਗਤੀ ਸ਼ਕਤੀ ਤਹਿਤ ਵੱਖ ਵੱਖ ਵਿਭਾਗ ਇਕੱਠੇ ਹੋ ਕੇ ਤਾਲਮੇਲ ਨਾਲ ਸੜਕ ਤੋਂ ਰੇਲਵੇ, ਹਵਾਬਾਜ਼ੀ ਤੋਂ ਖੇਤੀ ਜਿਹੇ ਵੱਖ ਵੱਖ ਪ੍ਰਾਜੈਕਟਾਂ ’ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕੌਮੀ ਮਾਸਟਰ ਪਲਾਨ ਨਾਲ ਭਾਰਤ ਨੂੰ ਨਿਵੇਸ਼ ਦੀ ਮੰਜ਼ਿਲ ਵਜੋਂ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੇਠ ਭਾਰਤ ਜਿਹੜੀ ਰਫ਼ਤਾਰ ਤੇ ਉਚਾਈ ਵੇਖ ਰਿਹਾ ਹੈ, ਉਹ ਆਜ਼ਾਦੀ ਦੇ 70 ਸਾਲਾਂ ਵਿੱਚ ਪਹਿਲਾਂ ਕਦੇ ਨਹੀਂ ਵੇਖੀ ਗਈ। ਉਨ੍ਹਾਂ ਰਾਜਾਂ ਨੂੰ ਸਰਕਾਰ ਦੀ ਇਸ ਪੇਸ਼ਕਦਮੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸ੍ਰੀ ਮੋਦੀ ਨੇ ਇਸ ਮੌਕੇ ਕੌਮਾਂਤਰੀ ਐਗਜ਼ੀਬਿਸ਼ਨ ਕਮ ਕਨਵੈਨਸ਼ਨ ਸੈਂਟਰ ਦੇ ਚਾਰ ਪ੍ਰਦਰਸ਼ਨੀ ਹਾਲਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਦਰਸ਼ਨੀ ਹਾਲਾਂ ਰਾਹੀਂ ਐੱਮਐੱਮਐੱਮਈ’ਜ਼, ਦਸਤਕਾਰੀ ਤੇ ਕੌਟੇਜ ਸਨਅਤਾਂ ਨੂੰ ਆਪਣੇ ਉਤਪਾਦ ਕੌਮਾਂਤਰੀ ਖਰੀਦਦਾਰਾਂ ਨੂੰ ਵਿਖਾਉਣ ਵਿੱਚ ਮਦਦ ਮਿਲੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBlinken warns of ‘other options’ if diplomacy fails on Iran nuke issue
Next articleGlobal Covid-19 caseload tops 239 mn