ਨਵੀਂ ਦਿੱਲੀ (ਸਮਾਜ ਵੀਕਲੀ): ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਤਕਰੀਰ ਦੌਰਾਨ ਕਾਂਗਰਸ ਨੇ ਅੱਜ ਉਪਰਲੇ ਸਦਨ ’ਚੋਂ ਵਾਕਆਊਟ ਕੀਤਾ। ਪਾਰਟੀ ਨੇ ਦਾਅਵਾ ਕੀਤਾ ਕਿ ਸ੍ਰੀ ਮੋਦੀ ਰਾਸ਼ਟਰਪਤੀ ਦੇ ਭਾਸ਼ਣ ’ਤੇ ਨਹੀਂ ਬਲਕਿ ਚੋਣ ਭਾਸ਼ਣ ਦੇ ਰਹੇ ਸਨ। ਉਪਰਲੇ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਿਹੜੇ ਲੋਕ ਮਹਾਤਮਾ ਗਾਂਧੀ ਦੇ ਹੱਤਿਆਰੇ ਨੂੰ ਪੂਜਦੇ ਹਨ, ਉਹ ਸਾਨੂੰ ਹੁਣ ਦੱਸ ਰਹੇ ਹਨ ਕਿ ਕਾਂਗਰਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ।’’ ਉਧਰ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, ‘‘ਕਾਂਗਰਸ ਕਰ ਕੇ ਹੀ ਅੱਜ ਵਿਰੋਧੀ ਧਿਰਾਂ ਤੇ ਵਿਰੋਧੀ ਸੁਰਾਂ ਨੂੰ ਕੁਝ ਥਾਂ ਮਿਲੀ ਹੈ ਤੇ ਦੋ ਸੰਸਦ ਮੈਂਬਰਾਂ ਦੀ ਪਾਰਟੀ ਅੱਜ ਪੂਰੇ ਦੇਸ਼ ਵਿੱਚ ਰਾਜ ਕਰ ਰਹੀ ਹੈ।’’
ਸੁਰਜੇਵਾਲਾ ਨੇ ਕਿਹਾ, ‘‘ਕਾਂਗਰਸ ਅੱਜ ਇਥੇ ਹੈ ਤੇ ਇਹੀ ਵਜ੍ਹਾ ਹੈ ਕਿ ਬਾਬਾਸਾਹਿਬ ਦਾ ਸੰਵਿਧਾਨ ਇਥੇ ਹੈ, ਆਜ਼ਾਦੀ ਘੁਲਾਟੀਆਂ ਵੱਲੋਂ ਵੇਖੇ ਸੁਫ਼ਨੇ ਸੱਚ ਹੋ ਰਹੇ ਹਨ, ਬਾਪੂ ਦੀ ਸੋਚ ਤੇ ਆਦਰਸ਼ ਜਿਊਂਦੇ ਹਨ, ਪ੍ਰਮਾਣੂ ਤਾਕਤ ਤੇ ਤਕਨਾਲੋਜੀ ਇਨਕਲਾਬ ਇਥੇ ਹਨ।’’ ਸੁਰਜੇਵਾਲਾ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਭਾਰਤ ਨੂੰ ਚੁਣੌਤੀ ਦੇਣ ਮਗਰੋਂ ਪਾਕਿਸਤਾਨ ਦੋ ਹਿੱਸਿਆਂ ’ਚ ਵੰਡਿਆ ਗਿਆ। ਆਲਮੀ ਮੰਦਵਾੜੇ ਦੇ ਬਾਵਜੂਦ ਅਸੀਂ ਹੋਰ ਮਜ਼ਬੂਤ ਹੋ ਕੇ ਉਭਰੇ ਤੇ ਉਦੋਂ ਵਿਰੋਧ ਤੇ ਬਾਗ਼ੀ ਸੁਰਾਂ ਲਈ ਵੀ ਥਾਂ ਸੀ।’’ ਆਵਾਜ਼ ਦਬਾਉਣ ਲਈ ਵੱਖ ਵੱਖ ਸੰਦਾਂ ਦੀ ਮੌਜੂਦਗੀ ਦੇ ਬਾਵਜੂਦ ਕਾਂਗਰਸ ਕਰਕੇ ਲੋਕ ਆਵਾਜ਼ ਹੋਰ ਉੱਚੀ ਹੁੰਦੀ ਗਈ ਹੈ ਅਤੇ ਝੂਠ ਤੇ ਕੂੜ ਪ੍ਰਚਾਰ ਦਰਮਿਆਨ ਵੀ ਬੇਖੌਫ਼ ਸੱਚ ਜਿਊਂਦਾ ਹੈ। ਕਾਂਗਰਸ ਆਗੂ ਨੇ ਕਿਹਾ, ‘‘ਆਕਰਸ਼ਕ ਤੇ ਪ੍ਰਭਾਵਸ਼ਾਲੀ ਭਾਸ਼ਣਾਂ ਵਾਲੀ ਨਕਾਰਾ ਸਰਕਾਰ ਦਰਮਿਆਨ ਇਕ ਸਮਰਪਿਤ ਵਿਰੋਧੀ ਧਿਰ ਹੈ, ਜਿਸ ਨੂੰ ਦੇਸ਼ ਦੀ ਫ਼ਿਕਰ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly