ਕਿਸਾਨਾਂ ਦੀ ਦੁਰਦਸ਼ਾ .

ਬਲਬੀਰ ਕੌਰ ਬੱਬੂ ਸੈਣੀ

(ਸਮਾਜ ਵੀਕਲੀ)

ਦਿੱਲੀ ਦੀ ਸਰਹੱਦਾਂ ਤੇ ਬੈਠੇ ਚਿਰ ਤੋਂ ਹਨ ਕਿਰਸਾਨ ।
ਧੰਨ ਹੈ ਜਿਗਰਾ ਹਾਲੇ ਤਾਈਂ ਡੋਲਿਆ ਨਾ ਈਮਾਨ ।

ਖੁੱਲੇ ਅਸਮਾਨਾਂ ਦੇ ਹੇਠਾਂ ਗਰਮੀ ਤੇ ਸਿਆਲ਼ ਬੀਤਿਆ,
ਬਰਸਾਤਾਂ ਦੇ ਵਿੱਚ ਡੁੱਬੇ ਨੇ ਬੱਚੇ , ਬੁੱਢੇ ਅਤੇ ਜਵਾਨ ।

ਹਾਕਮ ਦੇ ਕੰਨਾਂ ਦੇ ਉੱਤੇ ਜੂੰ ਅਜੇ ਤੱਕ ਸਰਕੀ ਨਹੀਂ ,
ਕਿੰਨੇ ਵੀਰ ਹੱਕਾਂ ਦੀ ਖਾਤਿਰ ਹੋ ਗਏ ਨੇ ਕੁਰਬਾਨ ।

ਆਪਣਾ ਹੀ ਹੱਕ ਮੰਗਣ ਉੱਤੇ ਮਿਲਦੇ ਲਾਠੀ ਡੰਡੇ ਨੇ ,
ਕਿਹੜੇ ਮੂੰਹ ਨਾਲ ਕਹੀਏ ਸਾਡਾ ਭਾਰਤ ਦੇਸ਼ ਮਹਾਨ ।

ਇਸ ਤੋਂ ਵੱਧ ਕਿਰਸਾਨਾਂ ਦੇ ਨਾਲ ਹੋਰ ਬੁਰਾ ਕੀ ਹੋਵੇਗਾ ,
ਚੁੱਲ੍ਹੇ ਅੱਗ ਬਲਦੀ ਰੱਖਣ ਲਈ ਜਾਣਾ ਪਿਆ ਸ਼ਮਸ਼ਾਨ।

ਕੈਸਾ ਨੇਤਾ ਚੁਣ ਕੇ ਘੱਲਿਆ ਸੰਸਦ ਦੇ ਵਿੱਚ ਲੋਕਾਂ ਨੇ ,
ਖਾਕੇ ਅੰਨ ਕਿਸਾਨ ਦਾ ਕੀਤਾ ਧਨੀਆਂ ਦਾ ਗੁਣਗਾਨ।

ਅੱਤਵਾਦੀ ,ਅੰਦੋਲਨਜੀਵੀ,ਮੱਵਾਲੀ ਜਿਹੇ ਨਾਂਅ ਬਖਸ਼ੇ,
ਕਰ ਕੇ ਜੁਮਲੇਬਾਜ਼ੀ ਨੇਤਾਵਾਂ ਹਰ ਹੀਲੇ ਕੀਤਾ ਪਰੇਸ਼ਾਨ ।

ਕਰਦੇ ਨਿੱਤ ਡਰਾਮੇਬਾਜ਼ੀ ਗੱਲ ਸਿਰੇ ਕੋਈ ਲਾਈ ਨਾ ,
ਭ੍ਰਿਸ਼ਟ ਸਰਕਾਰ ਦੇ ਵਜੀਰ ਵੀ ਨਿੱਕਲੇ ਕੈਸੇ ਬੇਈਮਾਨ ।

ਚੌਣਾਂ ਆਈਆਂ ਨੇੜੇ ਹੁਣ ਸਾਰੇ ਹੀ ਲਾਹਾ ਤੱਕਣਗੇ ,
ਲੋਕ ਲੁਭਾਊ ਵਾਅਦਿਆਂ ਦੇ ਫੋਕੇ ਹੋਣੇ ਨਿੱਤ ਐਲਾਨ ।

ਭੋਲੇ ਭਾਲੇ ਕਿਰਸਾਨਾਂ ਨੂੰ ਵਾਂਗ ਵੋਟ ਬੈਂਕ ਦੇ ਵਰਤਣਗੇ ,
ਸ਼ਬਦਾਂ ਵਿੱਚ ਫਸਾ ਲੈਣਗੇ ਇਹ ਗੱਲ ਜਾਣੇ ਕੁੱਲ ਜਹਾਨ।

ਮਿੱਠੀਆਂ ਗੱਲਾਂ ਨਾਲ ਵੇਖਿਓ ਓਹਨਾਂ ਦਾ ਪੱਖ ਪੂਰਨਗੇ ,
ਚੜ੍ਹ ਕੇ ਸਟੇਜਾਂ ਤੇ ਬੱਬੂ ਕਿਰਤੀ ਨੂੰ ਮੰਨਣਗੇ ਭਗਵਾਨ।

ਬਲਬੀਰ ਕੌਰ ਬੱਬੂ ਸੈਣੀ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਗਰਾਨ ਇੰਜੀਨੀਅਰ ਵੱਲੋਂ ਵੱਖ ਵੱਖ ਡੈਮਾਂ ਦਾ ਕੀਤਾ ਗਿਆ ਨਿਰੀਖਣ
Next articleਭਾਸ਼ਾ ਵਿਭਾਗ ਵੱਲੋਂ ਵਿਵਾਦੀ ਪੁਰਸਕਾਰਾਂ ਪ੍ਰਤੀ ਜੇਤੂਆਂ ਦੀ ਚੁੱਪ ਕਿਓ