ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੜਾ ਜਰੂਰੀ ਹੈ, ਕੁਦਰਤੀ ਸੋਮਿਆਂ ਦੀ ਸੰਭਾਲ ਉੱਤੇ ਹਰ ਵਿਅਕਤੀ ਨੂੰ ਜੋਰ ਦੇਣਾ ਚਾਹੀਦਾ ਹੈ। ਹਰਿਆਲੀ ਹੀ ਸਾਡੀ ਧਰਤੀ ਨੂੰ ਬਾਕੀ ਗ੍ਰਹਿਆਂ ਨਾਲੋਂ ਸੋਹਣਾ ਅਤੇ ਵਿਲੱਖਣ ਬਣਾਉਂਦੀ ਹੈ। ਪਰ ਇਹ ਸਿਰਫ਼ ਤਦ ਹੀ ਸੰਭਵ ਹੈ ਜੇਕਰ ਅਸੀਂ ਸਿਰਫ਼ ਗੱਲਾਂ ਕਰਨੀਆਂ ਛੱਡ ਕੇ, ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਯਤਨਸ਼ੀਲ ਬਣਾਗੇ।
ਅੱਜ ਬਲਾਕ ਧੂਰੀ ਦੇ ਪਿੰਡ ਹਰਚੰਦਪੁਰ ਤੋਂ ਧੂਰੇ ਤੱਕ ਪਿੰਡ ਦੇ ਸਮਾਜ ਸੇਵੀਆਂ ਨਾਲ ਮਿਲ ਕੇ ਪੌਦੇ ਲਗਾਏ ਗਏ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਗਿਆ। ਜਿਸ ਵਿੱਚ ਟਾਹਲੀ ਅਤੇ ਨਿੰਮ ਦੇ ਬੂਟੇ ਜਿਆਦਾ ਮਾਤਰਾ ਵਿੱਚ ਸਨ। ਨਹਿਰੂ ਯੁਵਾ ਕੇਂਦਰ ਵੱਲੋਂ ਅਮਨ ਜੱਖਲਾਂ ਨੇ ਕਿਹਾ ਕਿ ਆਉਣ ਵਾਲੇ ਮਹੀਨੇ ਵਿੱਚ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਜੋ ਇਹਨਾਂ ਬੂਟਿਆਂ ਦੇ ਵੱਧਣ ਫੁੱਲਣ ਵਿੱਚ ਲਾਭਕਾਰੀ ਸਾਬਿਤ ਹੋਣਗੀਆਂ, ਇਸ ਕਰਕੇ ਇਹ ਬੂਟੇ ਲਗਾਉਣ ਦਾ ਸਭ ਤੋਂ ਚੰਗਾ ਸਮਾਂ ਹੈ।
ਅਮਨ ਜੱਖਲਾਂ ਨੇ ਇੱਕ ਲਿਖਾਰੀ ਅਤੇ ਸਮਾਜ ਸੇਵੀ ਹੋਣ ਦੇ ਨਾਤੇ ਉਨ੍ਹਾਂ ਸਭ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਇਸ ਮਹੀਨੇ ਬੂਟੇ ਲਗਾਉਣ ਵੱਲ ਧਿਆਨ ਦੇ ਰਹੀਆਂ ਹਨ। ਉਨ੍ਹਾਂ ਨੇ ਇਹ ਫੋਟੋਆਂ ਸ਼ੋਸਲ ਮੀਡੀਆ ਤੇ ਪਾਉਂਦਿਆਂ ਬੜੀਆਂ ਮੁੱਲਵਾਨ ਸਤਰਾਂ ਲਿਖੀਆਂ, “ਅਸੀਂ ਤੇਰੇ ‘ਪਵਣੁ ਗੁਰੂ ਪਾਣੀ ਪਿਤਾ’ ਦੇ ਹੋਕੇ ਨੂੰ ਕਦੇ ਨਹੀਂ ਵਿਸਾਰਾਂਗੇ ਬਾਬਾ… ਬੇਸ਼ੱਕ ਪਾਣੀ, ਚਿੜੀ ਦੀ ਚੁੰਝ ਜਿੰਨਾਂ ਹੀ ਕਿਉਂ ਨਾ ਹੋਵੇ ਪਰ ਸਾਡੀ ਗਿਣਤੀ ਹਮੇਸ਼ਾ ਅੱਗ ਬੁਝਾਉਣ ਵਾਲਿਆਂ ਵਿੱਚ ਹੋਏਗੀ”…
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly