ਪਾਣੀ ਦੇ ਨਿਕਾਸ ਤੇ ਸੀਵਰੇਜ ਪ੍ਰਬੰਧਾਂ ਦੀ ਸਮੱਸਿਆ ਦੇ ਮੁਕੰਮਲ ਹੱਲ ਲਈ ਬਣੇਗੀ ਵਿਉਂਤਬੰਦੀ_ ਸੁਖਜੀਤ ਸਿੰਘ ਢਿੱਲਵਾਂ

ਕੋਟਕਪੂਰਾ/ਫਰੀਦਕੋਟ 18 ਜੁਲਾਈ (ਬੇਅੰਤ ਗਿੱਲ) ਭਾਵੇਂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿਆਦਾ ਜੋਰ ਸਿੱਖਿਆ ਅਤੇ ਸਿਹਤ ਪ੍ਰਬੰਧਾਂ ’ਚ ਸੁਧਾਰ ਲਿਆ ਕੇ ਆਮ ਲੋਕਾਂ ਨੂੰ ਮੁਫਤ ਅਤੇ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣਾ ਮੁੱਖ ਏਜੰਡੇ ’ਤੇ ਹੈ ਪਰ ਵਾਤਾਵਰਣ ਦੀ ਸੰਭਾਲ ਅਤੇ ਸਫਾਈ ਪ੍ਰਬੰਧਾਂ ਲਈ ਲੋਕਾਂ ਨੂੰ ਜਾਗਰੂਕ ਜਦਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਿੰਮੇਵਾਰ ਬਣਾਉਣਾ ਵੀ ਸਮੇਂ ਦੀ ਮੁੱਖ ਲੋੜ ਹੈ। ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਸੀਵਰੇਜ ਪ੍ਰਬੰਧ ਠੱਪ ਰਹਿਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੈਡਮ ਵੀਰਪਾਲ ਕੌਰ ਉਪ ਮੰਡਲ ਮੈਜਿਸਟ੍ਰੇਟ ਸਮੇਤ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਸਬੰਧਤ ਥਾਵਾਂ ’ਤੇ ਖੁਦ ਪਹੁੰਚ ਕਰਕੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਹ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸਮੱਸਿਆ ਨੂੰ ਆਧੁਨਿਕ ਤਕਨੀਕ ਨਾਲ ਪੱਕੇ ਤੌਰ ’ਤੇ ਹੱਲ ਕਰਨਾ ਚਾਹੁੰਦੇ ਹਨ ਪਰ ਇਸ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ।
ਸਥਾਨਕ ਜੈਤੋ ਸੜਕ ’ਤੇ ਸਥਿੱਤ ਗੁਰਦਵਾਰਾ ਪਾਤਸ਼ਾਹੀ ਦਸਵੀਂ ਦੇ ਬਿਲਕੁਲ ਸਾਹਮਣੇ ਗੁਰਦਵਾਰਾ ਬਜਾਰ ਨੂੰ ਜਾਣ ਵਾਲੇ ਰਸਤੇ ’ਤੇ ਹਰ ਸਮੇਂ ਨਾਲੀ-ਨਾਲਿਆਂ ਅਤੇ ਸੀਵਰੇਜ ਦੇ ਜਮਾ ਰਹਿੰਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਉਹਨਾ ਨਿਰਦੇਸ਼ ਦਿੰਦਿਆਂ ਖੁਦ ਆਪਣੀ ਨਿਗਰਾਨੀ ਹੇਠ ਸੀਵਰੇਜ ਸਾਫ ਕਰਵਾਇਆ ਪਰ ਉਹਨਾ ਦੀ ਹੈਰਾਨੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਸੀਵਰੇਜ ਵਿੱਚੋਂ ਭਾਂਤ ਭਾਂਤ ਦਾ ਕੂੜਾ ਕਰਕਟ ਜਿਵੇਂ ਕਿ ਪਲਾਸਟਿਕ, ਖਾਲੀ ਬੋਤਲਾਂ, ਰਜਾਈਆਂ ਦਾ ਲੋਗੜ, ਕਾਗਜ, ਕਈ ਕਿਸਮ ਦੀਆਂ ਤਾਰਾਂ ਅਤੇ ਚਾਈਨਾ ਡੋਰ ਵਰਗੀਆਂ ਫਾਲਤੂ ਚੀਜਾਂ ਭਾਰੀ ਗਿਣਤੀ ਵਿੱਚ ਨਿਕਲੀਆਂ। ਉਹਨਾ ਆਖਿਆ ਕਿ ਜਦੋਂ ਸ਼ਹਿਰ ਦੇ ਹਰ ਗਲੀ-ਮੁਹੱਲੇ ਵਿੱਚ ਗਿੱਲਾ ਸੁੱਕਾ ਕੂੜਾ ਲੈਣ ਲਈ ਰੋਜਾਨਾ ਬਕਾਇਦਾ ਰੇਹੜੀ ਵਾਲਾ ਆਉਂਦਾ ਹੈ ਤਾਂ ਆਮ ਲੋਕ ਆਪੋ ਆਪਣੇ ਘਰਾਂ ਵਿੱਚ ਡਸਟਬੀਨ ਲਾ ਕੇ ਕੂੜਾ ਇਕੱਠਾ ਕਰਨ ਅਤੇ ਰੇਹੜੀ ਵਾਲੇ ਦੇ ਹਵਾਲੇ ਕਰ ਦੇਣ ਤਾਂ ਸੀਵਰੇਜ ਠੱਪ ਹੋਣ ਵਾਲੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੇਕਰ ਆਮ ਲੋਕ ਆਪਣਾ ਸੁਭਾਅ ਬਦਲ ਲੈਣ ਅਤੇ ਨਾਲੀ-ਨਾਲਿਆਂ ਵਿੱਚ ਵੀ ਕੂੜਾ ਕਰਕਟ ਜਾਂ ਫਾਲਤੂ ਸਮਾਨ ਨਾ ਸੁੱਟਣ ਤਾਂ ਪਾਣੀ ਨਿਕਾਸੀ ਦੀ ਸਮੱਸਿਆ ਵੀ ਕਦੇ ਪੈਦਾ ਨਹੀਂ ਹੋਵੇਗੀ। ਉਹਨਾ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਆਮ ਲੋਕਾਂ ਵਲੋਂ ਨਾਲੀ-ਨਾਲਿਆਂ ਜਾਂ ਸੀਵਰੇਜ ਵਿੱਚ ਫਾਲਤੂ ਚੀਜਾਂ ਸੁੱਟਣ ਵਾਲਿਆਂ ਖਿਲਾਫ ਜੁਰਮਾਨਾ ਲਾਉਣ ਦੀ ਤਜਵੀਜ ਵਿਚਾਰ ਅਧੀਨ ਹੈ ਅਤੇ ਪੂਰੀ ਵਿਉਂਤਬੰਦੀ ਤੋਂ ਬਾਅਦ ਪਾਣੀ ਨਿਕਾਸੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਮੁਕੰਮਲ ਤੌਰ ’ਤੇ ਹੱਲ ਕਰ ਦਿੱਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਉਣ ਦਾ ਸੰਧਾਰਾ (ਕਹਾਣੀ)
Next articleਡੰਗੋਰੀ (ਕਹਾਣੀ)