“ਪਿਓ ਬਾਜ਼ ਨਾ ਪੈਂਦੀਆਂ ਪੂਰੀਆਂ ਨੇ…

(ਸਮਾਜ ਵੀਕਲੀ)
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ…
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਂਦੀਆਂ ਪੂਰੀਆਂ ਨੇ…
ਬੇਸ਼ੱਕ ਹਰ ਇਨਸਾਨ ਲਈ ਹਰ ਦਿਨ ਹੀ ਪਿਤਾ ਦਿਵਸ ਹੈ ਪਰ ਫਿਰ ਵੀ ਦੁਨੀਆਂ ਦੇ ਹਰ ਪਿਤਾ ਨੂੰ ਹੋਰ ਸਤਿਕਾਰ ਦੇਣ ਦੀ ਮਨਸ਼ਾ ਨਾਲ ਹਰ ਸਾਲ ਜੂਨ ਦੇ ਤੀਜੇ ਹਫਤੇ ਪਿਤਾ ਦਿਵਸ ਮਨਾਇਆ ਜਾਂਦਾ ਹੈ ਇਹ ਦਿਨ ਨਾ ਸਿਰਫ ਪਿਤਾਵਾਂ ਨੂੰ ਸਮਰਪਿਤ ਹੈ, ਸਗੋਂ ਪਿਤਾ ਦੀਆਂ ਸ਼ਖਸ਼ੀਅਤਾਂ ਨੂੰ ਵੀ ਸਮਰਪਿਤ ਹੈ ਜੋ ਸਾਡੇ ਦਿਮਾਗ ਨੂੰ ਆਕਾਰ ਦਿੰਦੇ ਹਨ ਅਤੇ ਸਾਡੇ ਸੁਪਨਿਆਂ ਨੂੰ ਖੰਭ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਪਿਤਾ ਸਾਡਾ ਪਹਿਲਾ ਪਿਆਰ, ਸਾਡੀ ਜ਼ਿੰਦਗੀ ਦੇ ਆਖਰੀ ਨਾਇਕ ਹੁੰਦੇ ਹਨ, ਜੋ ਚੁੱਪ ਵਿਚ ਤਾਕਤ ਸਿਖਾਉਂਦੇ ਹਨ ਅਤੇ ਕਿਉਂਕਿ ਪਿਆਰ ਕਰਨ ਵਾਲੇ ਪਿਤਾ ਦੀ ਕੋਈ ਕੀਮਤ ਨਹੀਂ ਹੁੰਦੀ ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹਨ, ਤਦ ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਪਿਤਾ ਦੀ ਸ਼ਖਸੀਅਤ ਕੀ ਹੈ ਅਤੇ ਪਿਤਾ ਦਾ ਚਿੱਤਰ ਕੀ ਹੈ। ਪਿਤਾ ਦੇ ਪਿਆਰ ਅਤੇ ਕੁਰਬਾਨੀ ਦਾ ਸਨਮਾਨ ਕਰਨ ਲਈ ਅੱਜ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ ਪਿਤਾ ਦਿਵਸ ਦਾ ਜਸ਼ਨ 1910 ਤੋਂ ਸ਼ੁਰੂ ਹੋਇਆ। ਮੰਨਿਆ ਜਾਂਦਾ ਹੈ ਕਿ ਪਿਤਾ ਦਿਵਸ ਦੀ ਸ਼ੁਰੂਆਤ ਵਾਸ਼ਿੰਗਟਨ ਦੇ ਸਪੋਕੇਨ ਸ਼ਹਿਰ ਦੀ ਰਹਿਣ ਵਾਲੀ ਲੜਕੀ ਸੋਨੋਰਾ ਡੋਡ ਨੇ ਕੀਤੀ ਸੀ। ਸੋਨੋਰਾ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਇਕੱਲੇ ਹੀ ਉਸ ਨੂੰ ਪਾਲਿਆ। ਪਿਤਾ ਨੇ ਧੀ ਨੂੰ ਮਾਂ ਵਾਂਗ ਪਿਆਰ ਦਿੱਤਾ ਅਤੇ ਪਿਤਾ ਵਾਂਗ ਉਸਦੀ ਰੱਖਿਆ ਕੀਤੀ। ਸੋਨੋਰਾ ਦੇ ਪਿਤਾ ਨੇ ਉਸ ਨੂੰ ਆਪਣੀ ਮਾਂ ਦੀ ਅਣਹੋਂਦ ਦਾ ਅਹਿਸਾਸ ਨਹੀਂ ਹੋਣ ਦਿੱਤਾ। ਸਨੋਰਾ ਨੇ ਸੋਚਿਆ ਕਿ ਜਦੋਂ ਮਾਂ ਦੀ ਮਮਤਾ ਨੂੰ ਸਮਰਪਿਤ ਮਾਂ ਦਿਵਸ ਮਨਾਇਆ ਜਾ ਸਕਦਾ ਹੈ ਤਾਂ ਪਿਤਾ ਦੇ ਪਿਆਰ ਅਤੇ ਸਨੇਹ ਦੇ ਸਨਮਾਨ ਵਿੱਚ ਪਿਤਾ ਦਿਵਸ ਵੀ ਮਨਾਇਆ ਜਾਣਾ ਚਾਹੀਦਾ ਹੈ ਸਨੋਰਾ ਦੇ ਪਿਤਾ ਦਾ ਜਨਮਦਿਨ ਜੂਨ ਵਿੱਚ ਹੁੰਦਾ ਸੀ ਇਸੇ ਲਈ ਉਸ ਨੇ ਪਟੀਸ਼ਨ ਦਾਇਰ ਕਰਕੇ ਜੂਨ ਵਿੱਚ ਪਿਤਾ ਦਿਵਸ ਮਨਾਉਣ ਦੀ ਮੰਗ ਕੀਤੀ ਸੀ। ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਅਤੇ ਪਹਿਲੀ ਵਾਰ 19 ਜੂਨ 1910 ਨੂੰ ਪਿਤਾ ਦਿਵਸ ਮਨਾਇਆ ਗਿਆ।
ਇਸ ਤੋਂ ਬਾਅਦ ਸਾਲ 1916 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਵੀ ਪਿਤਾ ਦਿਵਸ ਮਨਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਅਤੇ 1924 ਵਿੱਚ, ਰਾਸ਼ਟਰਪਤੀ ਕੈਲਵਿਨ ਕੂਲਜ ਨੇ ਪਿਤਾ ਦਿਵਸ ਨੂੰ ਇੱਕ ਰਾਸ਼ਟਰੀ ਸਮਾਗਮ ਘੋਸ਼ਿਤ ਕੀਤਾ। ਬਾਅਦ ਵਿੱਚ 1966 ਵਿੱਚ, ਰਾਸ਼ਟਰਪਤੀ ਲਿੰਡਨ ਜੌਹਨਸਨ ਨੇ ਜੂਨ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਉਣ ਦਾ ਐਲਾਨ ਕੀਤਾ ਜੇਕਰ ਪਿਤਾ ਦੀ ਅਹਿਮੀਅਤ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਘਰ ਵਿੱਚ ਦੋ ਵਕਤ ਦਾ ਭੋਜਨ ਜੇਕਰ ‘ਮਾਂ’ ਬਣਾਉਂਦੀ ਹੈ ਤਾਂ ਪਰਿਵਾਰ ਲਈ ਸਾਰਾ-ਸਾਰਾ ਦਿਨ ਘਰੋਂ ਬਾਹਰ ਰਹਿ ਕੇ, ਇੱਧਰ-ਉੱਧਰ ਭਟਕ ਕੇ ‘ਭੋਜਨ’ ਦਾ ਪ੍ਰਬੰਧ ਕਰਨ ਵਾਲਾ ‘ਪਿਤਾ’ ਹੀ ਹੁੰਦਾ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਪਤਾ ਨਹੀਂ ਆਪਣੇ ਪਿਤਾ ਨੂੰ ਕਿਉਂ ਵਿਸਾਰੀ ਬੈਠੇ ਹਨ ? ਜੇਕਰ ‘ਮਾਂ’ ਬੱਚੇ ਨੂੰ, 9 ਮਹੀਨੇ ਆਪਣੇ ਗਰਭ ਵਿੱਚ ਰੱਖਦੀ ਹੈ ਤਾਂ ‘ਪਿਤਾ’ ਵੀ ਉਸੇ ਦਿਨ ਤੋਂ ਉਸ ਬੱਚੇ ਨੂੰ ਆਪਣੇ ‘ਦਿਮਾਗ’ ਵਿੱਚ ਬਿਠਾ ਕੇ ਰੱਖਦਾ ਹੈ। ਉਸ ਦੇ ਸੁਨਹਿਰੀ ਭਵਿੱਖ ਲਈ ਸੁਪਨੇ ਸਜਾਉਂਦਾ ਹੈ। ਪੂਰੇ 9 ਮਹੀਨੇ ਨਵੇਂ-ਮਹਿਮਾਨ ਦੇ ਆਉਣ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕਰਦਾ ਰਹਿੰਦਾ ਹੈ ਅਤੇ ਉਸ ਦੀ ਸਲਾਮਤੀ ਲਈ ਖੈਰ ਮੰਗਦਾ ਹੈ। ਦਰਅਸਲ ‘ਮਾਤਾ’ ਅਤੇ ‘ਪਿਤਾ’ ਦੇ ਰੋਲ ਵਿੱਚ ਬੱਸ ਫਰਕ ਸਿਰਫ ਇੰਨਾ ਕੁਝ ਹੀ ਹੈ ਕਿ ‘ਮਾਂ’ ਦਾ ਰੋਲ, ਸਾਨੂੰ ਜਿਉਂਦੇ-ਜੀਅ ‘ਸਮਝ’ ਵਿੱਚ ਆ ਜਾਂਦਾ ਹੈ ਪਰ ‘ਪਿਤਾ’ ਦਾ ਰੋਲ ਉਸ ਦੇ ਮਰਨ ਤੋਂ ਬਾਅਦ, ਸਾਡੀ ‘ਸਮਝ’ ਵਿੱਚ ਆਉਂਦਾ ਹੈ।
ਪੂਰੀ ਦੁਨੀਆਂ ਲਈ ‘ਪਿਤਾ’ ਇੱਕ ਸਧਾਰਨ ਵਿਅਕਤੀ ਹੋ ਸਕਦਾ ਹੈ ਪਰ ਪਰਿਵਾਰ ਲਈ ਤਾਂ ‘ਪਿਤਾ’ ਪੂਰੀ ‘ਦੁਨੀਆਂ’ ਹੀ ਹੁੰਦੀ ਹੈ। ‘ਪਿਤਾ’ ਪਰਿਵਾਰ ਲਈ ਐਸਾ ‘ਫਰਿਸ਼ਤਾ ’ ਹੁੰਦਾ ਹੈ ਜੋ ਪੂਰਾ ਦਿਨ ‘ਭੁੱਖਾ-ਪਿਆਸਾ’ ਰਹਿ ਕੇ, ਮਿਹਨਤ-ਮਜ਼ਦੂਰੀ ਕਰ ਕੇ ਆਪਣੀ ਔਲਾਦ ਦਾ ਪੇਟ ਹੀ ਨਹੀਂ ਪਾਲਦਾ ਹੈ ਬਲਕਿ ਪਰਿਵਾਰ ਦੀਆਂ ਸੁੱਖ-ਸਹੂਲਤਾਂ ਲਈ ਖੁਦ ਆਪਣੀ ਜ਼ਿੰਦਗੀ ਦੇ ਸਾਰੇ ‘ਸੁੱਖ-ਆਰਾਮ’ ਭੁੱਲ ਜਾਂਦਾ ਹੈ। ਆਪਣੀ ਜੁੱਤੀ ਭਾਵੇਂ ਘਸ ਘਸ ਕੇ ਟੁੱਟ ਹੀ ਕਿਉਂ ਨਾ ਗਈ ਹੋਵੇ ਪਰ ‘ਪੁੱਤ’ ਲਈ ਬਜ਼ਾਰੋਂ‘ਬਰੈਂਡਡ’ ਬੂਟ ਲਿਆਉਣੇ ਕਦੇ ਨਹੀਂ ਭੁੱਲਦਾ। ‘ਪਿਤਾ’ ਘਰ ਦੇ ਵਿਹੜੇ ’ਚ ਐਸਾ ਘਣਛਾਵਾਂ ਬੂਟਾ ਹੁੰਦਾ ਹੈ ਜਿਸ ਦੀ ਠੰਡੀ ਛਾਂਅ ਹੇਠ ਸਾਰਾ ਪਰਿਵਾਰ ਆਰਾਮ ਨਾਲ ਸੌਂਦਾ ਹੈ। ਪਸੀਨੇ ’ਚ ਮਾਂ ਡੁੱਬਦੀ ਹੈ, ਧੁੱਪ ’ਚ ਪਿਤਾ ਤਪਦਾ ਹੈ ਤਦ ਕਿਤੇ ਜਾ ਕੇ ਔਲਾਦ ਲਾਡਾਂ-ਪਿਆਰਾ ਨਾਲ ਪਲਕੇ ਆਪਣੇ ਜੀਵਨ ਚ ਸਫਲ ਹੁੰਦੀ ਹੈ। ਸਿਰਫ ਬਾਪ ਹੀ ਹੁੰਦਾ ਹੈ ਸੋ ਸੋਚਦਾ ਹੈ ਕਿ ਉਸਦੀ ਔਲਾਦ ਉਸ ਤੋਂ ਅੱਗੇ ਨਿਕਲੇ ਉਸ ਤੋਂ ਜ਼ਿਆਦਾ ਦੌਲਤਮੰਦ ਹੋਵੇ ਅਤੇ ਉਸਤੋਂ ਜ਼ਿਆਦਾ ਗੁਣਵਾਨ ਹੋਵੇ ਸਿਰਫ ਬਾਪ ਹੀ ਹੈ ਜੋ ਆਪਣੀ ਔਲਾਦ ਦੀ ਜ਼ਿੰਦਗੀ ਲਈ ਆਪਣੀ ਜ਼ਿੰਦਗੀ ਦਾਅ ਤੇ ਲਾਉਣ ਵਾਸਤੇ ਸੋਚ ਸਕਦਾ ਹੈ। ਕਿਸੇ ਗੀਤਕਾਰ ਨੇ ਪਿਤਾ ਵਾਸਤੇ ਚੰਗੀਆਂ ਲਾਈਨਾਂ ਲਿਖੀਆਂ ਹਨ।
ਦਿਨ-ਰਾਤ ਕੀਤਾ ਜਿਹਨੇ ਇੱਕ ਮੇਰੇ ਲਈ
ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ
ਕਿੰਨੇ ਅਹਿਸਾਨ ਮੇਰੇ ਸਿਰ ‘ਤੇ
ਸੋਚ-ਸੋਚ ਅੱਖੋਂ ਹੰਝੂ ਚੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ ‘ਤੇ ਖਲੋ ਗਿਆ
ਤੂੰ ਸਾਈਕਲਾਂ ‘ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ ‘ਤੇ ਖਲੋ ਗਿਆ।
ਕੁਲਦੀਪ ਸਿੰਘ ਸਾਹਿਲ 
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਮ੍ਹਾਂਬੰਦੀ (ਫ਼ਰਦ) ਨੂੰ ਕਿਵੇਂ ਪੜ੍ਹਨਾ ਹੈ ? …… ਆਓ ਜਾਣੀਏ !
Next articleਖਾਲਸਾ ਏਡ ਵੱਲੋਂ ਬਿਆਸ ਦਰਿਆ ਦੇ ਬੰਨ੍ਹ ਨੂੰ ਮੁੜ ਤੋ ਬੰਨ੍ਹਣ ਦੀ ਸੇਵਾ ਸ਼ੁਰੂ ,16 ਪਿੰਡਾਂ ਦੇ ਲੋਕਾਂ ਨੂੰ ਸਿੱਧੇ ਤੌਰ ਦੇ ਹੋਵੇਗਾ ਫਾਇਦਾ – ਭਾਈ ਦਵਿੰਦਰਜੀਤ ਸਿੰਘ